ਤਕਨੀਕੀ ਸਿੱਖਿਆ ਮੰਤਰੀ ਨੇ ਇੰਡੀਅਨ ਫਾਰਮਾਸਿੳੂਟੀਕਲ ਗ੍ਰੇਜੂਏਟ ਐਸੋਸੀਏਸ਼ਨ ਦੀ ਨੈਸ਼ਨਲ ਕਾਨਫ਼ਰੰਸ ਵਿਚ ਕੀਤੀ ਸ਼ਮੂਲੀਅਤ
ਮੋਗਾ,28 ਅਕਤੂਬਰ (ਜਸ਼ਨ)- ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ, ਸਿੱਖਿਆ ਦਾ ਵਪਾਰੀਕਰਨ ਰੋਕਣ ਅਤੇ ਵਿਦਿਆਰਥੀਆਂ ਨੂੰ ਸਸਤੀ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਜਲਦੀ ਹੀ ਰੈਗੂਲੇਟਰੀ ਅਥਾਰਟੀ ਦੀ ਸਥਾਪਨਾ ਕੀਤੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਮੋਗਾ ਦੇ ਰੈਸਟ ਹਾੳੂਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ , ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਅਤੇ ਵਿਧਾਇਕ ਡਾ: ਹਰਜੋਤ ਸਿੰਘ ਕਮਲ ਨੇ ਨਿੱਜੀ ਸੰਸਥਾਵਾਂ ਵਿਚ ਪੜਦੇ ਦਲਿੱਤ ਵਰਗ ਦੇ ਵਿਦਿਆਰਥੀਆਂ ਦੇ ਬਕਾਇਆ ਵਜੀਫੇ ਛੇਤੀ ਜਾਰੀ ਕਰਨ ਦੀ ਮੰਗ ਕੀਤੀ ਤਾਂ ਕਿ ਉਹਨਾਂ ਪੜਾਈ ਨਿਰੰਤਰ ਜਾਰੀ ਰਹਿ ਸਕੇ।
ਮੋਗਾ ਦੇ ਪਿੰਡ ਘੱਲਕਲਾਂ ਦੀ ਨਿੱਜੀ ਸੰਸਥਾ ਵਿਖੇ ਇੰਡੀਅਨ ਫਾਰਮਾਸਿਉਟੀਕਲ ਗ੍ਰੇਜੂਏਟ ਐਸੋਸੀਏਸ਼ਨ ਦੀ ਨੈਸ਼ਨਲ ਕਨਵੈਨਸ਼ਨ ਵਿਚ ਸ਼ਮੂਲੀਅਤ ਕਰਨ ਲਈ ਪਹੰੁਚੇ ਕੈਬਨਿਟ ਮੰਤਰੀ ਚੰਨੀ ਨੇ ਕਿਹਾ ਕਿ ਸੂਬੇ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਤਕਨੀਕੀ ਸਿੱਖਿਆ ਸੰਸਥਾਵਾਂ ‘ਚ ਫਰਜ਼ੀ ਦਾਖਲਿਆਂ ਨੂੰ ਠੱਲ ਪਾਉਣ ਲਈ ਜਲਦੀ ਹੀ ਬਾਇਓ-ਮੀਟਿ੍ਰਕ ਹਾਜ਼ਰੀ ਸਿਸਟਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ‘ਘਰ ਘਰ ਨੌਕਰੀ‘ ਤਹਿਤ ਪਹਿਲੇ ਪੜਾਅ ਦੌਰਾਨ 30 ਹਜ਼ਾਰ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਇਸੇ ਤਰਾਂ ਹਰ ਸਾਲ ਰੋਜ਼ਗਾਰ ਮੇਲੇ ਲਗਾ ਕੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਉਨਾਂ ਦੱਸਿਆ ਕਿ ਫ਼ਰਵਰੀ 2018 ‘ਚ ਬੇਰੋਜ਼ਗਾਰ ਨੌਜਵਾਨਾਂ ਨੂੰ ਵੱਡੀ ਪੱਧਰ ‘ਤੇ ਰੋਜ਼ਗਾਰ ਦੇਣ ਲਈ ‘ਵਿਸ਼ਾਲ ਰੋਜ਼ਗਾਰ ਮੇਲਾ‘ ਆਯੋਜਿਤ ਕੀਤਾ ਜਾਵੇਗਾ ਅਤੇ ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਨੌਜਵਾਨਾਂ ਨੂੰ ਵੱਖ-ਵੱਖ ਕਿੱਤਿਆਂ ਦੀ ਮੁਹਾਰਤ ਹਾਸਲ ਕਰਵਾ ਕੇ ਨੌਕਰੀ ਦਿੱਤੀ ਜਾਵੇਗੀ। ਉਹਨਾਂ ਨੈਸ਼ਨਲ ਕਨਵੈਨਸ਼ਨ ਦੀ ਪ੍ਰਧਾਨਗੀ ਕਰਦਿਆਂ ਵਿਦਿਆਰਥੀਆਂ ਨੂੰ ਖੋਜ ਦੇ ਖੇਤਰ ਵਿੱਚ ਹੋਰ ਬਿਹਤਰ ਢੰਗ ਨਾਲ ਪ੍ਰਤਿਭਾ ਹਾਸਲ ਕਰਕੇ ਕਾਲਜ, ਮਾਪਿਆਂ, ਸੂਬੇ ਅਤੇ ਦੇਸ਼ ਦਾ ਨਾਂ ਦੁਨੀਆਂ ਭਰ ਵਿੱਚ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨਾਂ ਵਿਦਿਆਰਥੀਆਂ ਨੂੰ ਸਕਿੱਲ ਡਿਵੈਲਪਮੈਂਟ ਮਿਸ਼ਨ ਨਾਲ ਜੁੜਨ ਦਾ ਸੱਦਾ ਦਿੱਤਾ । ਇਸ ਮੌਕੇ ਵਿਧਾਇਕ ਮੋਗਾ ਡਾ. ਹਰਜੋਤ ਕਮਲ ਨੇ ਆਖਿਆ ਕਿ ਸਰਕਾਰੀ ਵਿਦਿਅਕ ਸੰਸਥਾਵਾਂ ਦੇ ਨਾਲ-ਨਾਲ ਪ੍ਰਾਈਵੇਟ ਸੰਸਥਾਵਾਂ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾ ਰਹੀਆਂ ਹਨ। ਇਸ ਮੌਕੇ ਡਾਇਰੈਕਟਰ ਤਕਨੀਕੀ ਸਿੱਖਿਆ ਪ੍ਰਵੀਨ ਕੁਮਾਰ ਥਿੰਦ, ਜ਼ਿਲਾ ਪ੍ਰਧਾਨ ਕਾਂਗਰਸ ਕਰਨਲ ਬਾਬੂ ਸਿੰਘ, ਕਾਂਗਰਸ ਪ੍ਰਧਾਨ ਸ਼ਹਿਰੀ ਵਿਨੋਦ ਬਾਂਸਲ,ਸਾਬਕਾ ਮੰਤਰੀ ਡਾ: ਮਾਲਤੀ ਥਾਪਰ, ਵਾਈਸ ਚਾਂਸਲਰ ਐਮ.ਆਰ.ਐਸ. ਪੀ.ਟੀ.ਯੂ ਬਠਿੰਡਾ ਡਾ. ਐਮ.ਪੀ.ਐਸ.ਈਸ਼ਰ, ਵਾਈਸ ਪ੍ਰਧਾਨ ਫਾਰਮੇਸੀ ਕੌਸਲ ਆਫ਼ ਇੰਡੀਆ ਡਾ. ਸ਼ਲਿੰਦਰ ਸਰਾਫ਼, ਪ੍ਰਧਾਨ ਏ.ਪੀ.ਟੀ.ਆਈ ਡਾ. ਪੀ.ਡੀ.ਚੌਧਰੀ, ਡਿਪਟੀ ਡਰੱਗ ਕੰਟਰੋਲਰ (ਇੰਡੀਆ) ਡਾ. ਏ.ਰਾਮ.ਕਿਸ਼ਨ, ਜਗਜੋਤ ਸਿੰਘ ਸਿੱਧੂ ਪੀ.ਸੀ.ਆਈ. ਮੈਂਬਰ, ਡਾ. ਸਵਰਨ ਲਤਾ ਸਰਾਫ਼, ਅਤੁਲ ਨਾਸਾ ਪ੍ਰਧਾਨ ਆਈ.ਜੀ.ਪੀ.ਏ, ਡਾ. ਧਰਿੰਦਰ ਕੌਸ਼ਿਕ ਮੀਤ ਪ੍ਰਧਾਨ ਏ.ਪੀ.ਟੀ.ਆਈ ਅੇ ਵੱਖ ਵੱਖ ਸੂਬਿਆ ਤੋਂ ਆਏ ਪਿ੍ਰੰਸੀਪਲ ਤੇ ਡਾਇਰੈਕਟਰ ਹਾਜ਼ਰ ਸਨ।