ਜਸਟਿਸ ਰਣਜੀਤ ਸਿੰਘ ਰੰਧਾਵਾ ਬੇਅਦਬੀ ਮਾਮਲੇ ਦੀ ਜਾਂਚ ਸਬੰਧੀ ਪਹੁੰਚੇ ਪਿੰਡ ਮੱਲਕੇ,ਗਵਾਹਾਂ ਦੇ ਬਿਆਨ ਕੀਤੇ ਦਰਜ

ਬਾਘਾਪੁਰਾਣਾ/ਸਮਾਲਸਰ, 28 ਅਕਤੂਬਰ (ਜਸਵੰਤ ਗਿੱਲ ਸਮਾਲਸਰ)ਫਰੀਦਕੋਟ ਜਿਲ੍ਹੇ ਦੇ ਕਸਬਾ ਬਰਗਾੜੀ ਤੋਂ ਸ਼ੁਰੂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਕਾਰਨ ਪੂਰੇ ਪੰਜਾਬ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ ਸੀ।ਪੰਜਾਬ ਵਿੱਚ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾ ਦੌਰਾਨ ਮੋਗੇ ਜਿਲ੍ਹੇ ਦੇ ਪਿੰਡ ਮੱਲਕੇ ਵਿੱਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਜਿਹੜਾ ਕਿ ਬਰਗਾੜੀ ਤੋਂ ਲਗਭਗ ਅੱਠ ਕਿਲੋਮੀਟਰ ਦੂਰ ਹੈ। ਜਿਕਰਯੋਗ ਹੈ ਕਿ ਅਕਾਲੀ ਸਰਕਾਰ ਦੌਰਾਨ ਇੰਨ੍ਹਾਂ ਘਟਨਾਵਾਂ ਦੀ ਜਾਂਚ ਲਈ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ ਗਿਆ ਸੀ ਜਿਸ ਨੂੰ  ਕੈਪਟਨ ਸਰਕਾਰ ਨੇ ਰੱਦ ਕਰਕੇ ਨਵਾਂ ਕਮਿਸ਼ਨ ਬਣਾਇਆ।ਜਸਟਿਸ ਰਣਜੀਤ ਸਿੰਘ ਰੰਧਾਵਾ ਦੀ ਅਗਵਾਈ ਵਾਲੀ ਨਵੀਂ ਟੀਮ ਨੇ ਮੋਗੇ ਜਿਲ੍ਹੇ ਦੇ ਪਿੰਡ ਮੱਲਕੇ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੀ ਜਾਂਚ ਸਬੰਧੀ ਪਿੰਡ ਦਾ ਦੌਰਾ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਵਾਹਾਂ ਦੇ ਬਿਆਨ ਦਰਜ ਕੀਤੇ। ਬਿਜਲੀ ਬੋਰਡ ਦੇ ਸਾਬਕਾ ਚੇਅਰਮੈਨ ਹਰਿੰਦਰ ਸਿੰਘ ਬਰਾੜ ਨੇ ਘਟਨਾ ਸਥਾਨ ਤੱਕ ਜਸਟਿਸ ਰੰਧਾਵਾ ਦੀ ਦੀ ਸਹਾਇਤਾ ਕੀਤੀ, ਕਿਉਕਿਂ ਉਨ੍ਹਾਂ ਨੇ ਬੇਅਦਬੀ ਦੀ ਘਟਨਾ ਤੋਂ ਬਾਅਦ ਬਣੇ ਤਣਾਅਪੂਰਨ ਮਾਹੌਲ ਨੂੰ ਅੱਖੀਂ ਦੇਖਿਆ ਸੀ। ਜਸਟਿਸ ਰੰਧਾਵਾ ਦੀ ਅਗਵਾਈ ਵਾਲੀ ਟੀਮ ਨੇ ਘਟਨਾ ਸਥਾਨ ਦਾ ਦੌਰਾ ਕਰਨ ਮਗਰੋਂ ਗਵਾਹਾਂ ਦੇ ਬਿਆਨ ਦਰਜ ਕਰਨ ਦੀ ਕਾਰਵਾਈ ਇੱਕ ਬੰਦ ਕਮਰੇ ਵਿੱਚ ਸ਼ੁਰੂ ਕੀਤੀ। ਬਿਆਨ ਦਰਜ ਕਰਨ ਵੇਲੇ ਵੀ ਸਾਬਕਾ ਚੇਅਰਮੈਨ ਹਰਿੰਦਰ ਸਿੰਘ ਬਰਾੜ ਟੀਮ ਨਾਲ ਕਮਰੇ ਅੰਦਰ ਹਾਜਰ ਸਨ।ਤਕਰੀਬਨ 2 ਘੰਟੇ ਬੰਦ ਕਮਰੇ ਵਿੱਚ ਪਿੰਡ ਮੱਲਕੇ ਅਤੇ ਆਸ-ਪਾਸ ਪਿੰਡਾ ਦੇ ਲੋਕਾਂ ਦੇ ਬਿਆਨ ਦਰਜ ਕੀਤੇ ਗਏ ।ਸੁਰੱਖਿਆ ਦੇ ਲਿਹਾਜ ਨਾਲ ਕਾਫੀ ਗਿਣਤੀ ਵਿੱਚ ਪੁਲਿਸ ਕਰਮੀ ਤਾਇਨਾਤ ਕੀਤੇ ਗਏ ਸਨ। ਇਸ ਮੌਕੇ ਅਮਰਦੀਪ ਸਿੰਘ ਸਿੱਧੂ ਐਸਡੀਐਮ ਬਾਘਾਪੁਰਾਣਾ, ਗੁਰਮੀਤ ਸਿੰਘ ਨਾਇਬ ਤਹਿਸੀਲਦਾਰ, ਸੁਖਦੀਪ ਸਿੰਘ ਡੀਐਸਪੀ ਬਾਘਾਪੁਰਾਣਾ, ਮੇਜਰ ਸਿੰਘ ਥਾਣਾ ਮੁਖੀ ਸਮਾਲਸਰ, ਕਾਨੂੰਨਗੋ ਰਾਮ ਰੱਖਾ ਸਿੰਘ, ਪਟਵਾਰੀ ਗੁਰਦੇਵ ਸਿੰਘ ਮੱਲਕੇ ਆਦਿ ਵੀ ਹਾਜਰ ਸਨ। ਜਸਟਿਸ ਰੰਧਾਵਾ ਨੂੰ ਪਿੰਡ ਦੀਆਂ ਗਲੀਆਂ ਦਾ ਦੌਰਾ ਕਰਵਾਉਣ ਅਤੇ ਘਟਨਾ ਸਥਾਨ ਦਿਖਾਉਣ ਸਮੇਂ ਸਾਬਕਾ ਚੈਅਰਮੈਨ ਹਰਿੰਦਰ ਸਿੰਘ ਬਰਾੜ ਨੇ ਜਸਟਿਸ ਰੰਧਾਵਾ ਨੂੰ ਘਟਨਾ ਸਬੰਧੀ ਸਾਰੀ ਜਾਣਕਾਰੀ ਅੰਗਰੇਜੀ ਵਿੱਚ ਦਿੱਤੀ ਜਦ ਕਿ ਜਸਟਿਸ ਰੰਧਾਵਾ ਵਾਰ-ਵਾਰ ਪੰਜਾਬੀ ਦੀ ਵਰਤੋਂ ਕਰਕੇ ਘਟਨਾ ਸਬੰਧੀ ਪੁੱਛ-ਪੜਤਾਲ ਕਰ ਰਹੇ ਸਨ।