ਵਿਜੀਲੈਂਸ ਵੱਲੋਂ ਐਸ.ਸੀ. ਕਮਿਸ਼ਨ ਦਾ ਮੈਂਬਰ ਬਾਬੂ ਸਿੰਘ ਪੰਜਾਵਾ 50 ਹਜਾਰ ਰੁਪਏ ਰਿਸ਼ਵਤ ਲੈਂਦਾ ਕਾਬੂ

ਚੰਡੀਗਡ, 28 ਅਕਤੂਬਰ : ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭਿ੍ਰਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਰਾਜ ਐਸ.ਸੀ. ਕਮਿਸ਼ਨ ਦੇ ਮੈਂਬਰ ਬਾਬੂ ਸਿੰਘ ਪੰਜਾਵਾ ਨੰੂ 50 ਹਜਾਰ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਾਬੂ ਸਿੰਘ ਪੰਜਾਵਾ ਵਾਸੀ ਪਿੰਡ ਪੰਜਾਵਾ ਜਿਲਾ ਸ੍ਰੀ ਮੁਕਤਸਰ ਸਾਹਿਬ ਨੂੰ ਮੇਜਰ ਸਿੰਘ ਵਾਸੀ ਧੌਲਾ ਜਿਲਾ ਬਰਨਾਲਾ ਦੀ ਸ਼ਿਕਾਇਤ ਉਤੇ ਬਿਓਰੋ ਵੱਲੋਂ 50 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕੀਤਾ ਗਿਆ ਹੈ।  ਦੱਸਣਯੋਗ ਹੈ ਕਿ ਮੁੱਦਈ ਮੇਜਰ ਸਿੰਘ ਵਿਰੁੱਧ ਉਸਦੇ ਪਿੰਡ ਦੇ ਵਸਨੀਕ ਗੁਰਜੰਟ ਸਿੰਘ ਵੱਲੋਂ ਉਸ ਨੂੰ ਜਾਤੀ ਸਬੰਧੀ ਅਪਸ਼ਬਦ ਬੋਲਣ ਵਿਰੁੱਧ ਉਕਤ ਕਮਿਸ਼ਨ ਕੋਲ ਦਿੱਤੀ ਗਈ ਦਰਖਾਸਤ ਬਾਬੂ ਸਿੰਘ ਪੰਜਾਵਾ ਪਾਸ ਪੜਤਾਲ ਅਧੀਨ ਸੀ। ਸ਼ਿਕਾਇਤ ਕਰਤਾ ਨੇ ਵਿਜੀਲੈਂਸ ਨੰੂ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਬਾਬੂ ਸਿੰਘ ਪੰਜਾਵਾ ਵੱਲੋਂ ਉਸ ਦੀ ਦਰਖਾਸਤ ਦਾ ਫੈਸਲਾ ਉਸਦੇ ਹੱਕ ਵਿੱਚ ਕਰਨ ਬਦਲੇ 5 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਸੌਦਾ 2,50,000/-ਰੁਪਏ ਵਿੱਚ ਤੈਅ ਹੋ ਗਿਆ ਸੀ। ਬਾਬੂ ਸਿੰਘ ਪੰਜਾਵਾ ਨੇ ਮੇਜਰ ਸਿੰਘ ਕੋਲੋਂ ਉਕਤ 2,50,000/-ਰੁਪਏ ਮਿਤੀ 22.10.17 ਨੂੰ ਲੈ ਲਏ ਸਨ ਅਤੇ ਮਿਤੀ 24.10.17 ਨੂੰ ਬਾਬੂ ਸਿੰਘ ਪੰਜਾਵਾ ਵੱਲੋ ਸ਼ਿਕਾਇਤਕਰਤਾ ਤੋਂ 50,000/-ਰੁਪਏ ਹੋਰ ਰਿਸ਼ਵਤ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਫੈਸਲਾ ਤੇਰੇ ਹੱਕ ਵਿੱਚ ਕਰ ਦੇਵਾਂਗਾ ਅਤੇ 2/3 ਦਿਨਾਂ ਬਾਅਦ ਉਸ ਕੋਲੋਂ ਲੰਬੀ ਆ ਕੇ ਫੈਸਲੇ ਦੀ ਕਾਪੀ ਲੈ ਜਾਵੇ ਅਤੇ ਰਿਸ਼ਵਤ ਵਜੋਂ 50,000 ਰੁਪਏ ਹੋਰ ਦੇ ਜਾਵੇ। 
ਵਿਜੀਲੈਂਸ ਵੱਲੋਂ ਸ਼ਿਕਾਇਤਰਕਤਾ ਦੇ ਦੋਸ਼ਾਂ ਦੀ ਪੜਤਾਲ ਉਪਰੰਤ ਵਿਸ਼ੇਸ਼ ਟੀਮ ਗਠਤ ਕਰਕੇ ਐਸ.ਸੀ. ਕਮਿਸ਼ਨ ਦੇ ਉਕਤ ਮੈਂਬਰ ਨੰੂ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ 50,000 ਦੀ ਨਗਦੀ ਸਮੇਤ ਲੰਬੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਤੋਂ ਮੌਕੇ ‘ਤੇ ਕਾਬੂ ਕਰ ਲਿਆ। ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਭਿ੍ਰਸ਼ਟਾਚਾਰ ਰੋਕੂ ਕਾਨੰੂਨ ਦੀ ਧਾਰਾ 7, 13 (2) ਤਹਿਤ ਵਿਜੀਲੈਂਸ ਬਿਓਰੇ ਦੇ ਥਾਣਾ ਫਿਰੋਜਪੁਰ ਵਿਖੇ ਮੁਕੱਦਮਾ ਨੰ: 21 ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।ਬੁਲਾਰੇ ਨੇ ਦੱਸਿਆ ਕਿ ਦੋਸ਼ੀ ਬਾਬੂ ਸਿੰਘ ਪੰਜਾਵਾ ਦੀ ਇਨੋਵਾ ਕਾਰ (ਨੰਬਰ ਪੀ.ਬੀ. 14 ਯੂ.ਐਨ-24) ਦੀ ਤਲਾਸ਼ੀ ਦੌਰਾਨ ਕਾਰ ਵਿੱਚੋਂ ਇੱਕ ਲਾਇਸੰਸੀ ਰਿਵਾਲਵਰ 32 ਬੋਰ ਸਮੇਤ 16 ਕਾਰਤੂਸ ਜਿੰਦਾ ਬਰਾਮਦ ਹੋਏ। ਜ਼ਿਕਰਯੋਗ ਹੈ ਕਿ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਦਫ਼ਾ 144 ਲਾਗੂ ਹੋਣ ਕਰਕੇ ਕਿਸੇ ਵੀ ਵਿਅਕਤੀ ਵੱਲੋਂ ਹਥਿਆਰ ਲੈ ਕੇ ਚੱਲਣ ਦੀ ਮਨਾਹੀ ਹੋਣ ਦੇ ਬਾਵਜੂਦ ਦੋਸ਼ੀ ਬਾਬੂ ਸਿੰਘ ਪੰਜਾਵਾ ਉਕਤ ਰਿਵਾਲਵਰ ਲੈ ਕੇ ਚੱਲ ਫਿਰ ਰਿਹਾ ਸੀ ਜਿਸ ਕਰਕੇ ਇਸ ਮੈਂਬਰ ਵਿਰੁੱਧ ਥਾਣਾ ਲੰਬੀ ਵਿਖੇ ਮੁਕੱਦਮਾ ਨੰਬਰ 245 ਮਿਤੀ 28-10-17 ਅ/ਧ 188 ਆਈ.ਪੀ.ਸੀ ਦਰਜ ਕੀਤਾ ਗਿਆ ਹੈ।