ਐਸ.ਐੈਸ.ਏ/ਰਮਸਾ ਅਧਿਆਪਕ ਯੂਨੀਅਨ ਵੱਲੋ ਸੇਵਾਵਾਂ ਨੂੰ ਰੈਗੂਲਰ ਕਰਾਉਣ ਲਈ ਫੂਕੀ ਪੰਜਾਬ ਸਰਕਾਰ ਦੀ ਅਰਥੀ

 ਮੋਗਾ ,28 ਅਕਤੂਬਰ(ਜਸ਼ਨ): ਅੱਜ ਐਸ.ਐਸ.ਏ/ਰਮਸਾ ਅਧਿਆਪਕ ਯੂਨੀਅਨ ਇਕਾਈ ਮੋਗਾ  ਦੇ ਸੁਬਾਈ ਆਗੂ ਗੁਰਪ੍ਰੀਤ ਅੰਮੀਵਾਲ ਅਤੇ ਜ਼ਿਲ੍ਹਾ ਪ੍ਰਧਾਨ ਸੁਖਜ਼ਿੰਦਰ ਸਿੰਘ ਦੀ ਅਗਵਾਈ ਹੇਠ ਮੋਗਾ ਦੇ ਨੇਚਰ ਪਾਰਕ ਵਿਖੇ ਇਕੱਠੇ ਹੋ ਕੇ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ, ਰੁਕੀਆਂ ਤਨਖਾਹਾਂ ਜਾਰੀ ਕਰਵਾਉਣ ਅਧਿਆਪਕਾਂ ਤੇ ਪਏ ਝੂਠੇ ਪਰਚੇ ਰੱਦ ਕਰਵਾਉਣ ਆਦਿ ਮੰਗਾ ਨੂੰ ਲੈ ਕੇ ਪੰਜਾਬ ਸਰਕਾਰ ਵਿਰੁਧ ਜੋਰਦਾਰ ਨਾਆਰੇਬਾਜੀ ਕਰਦਿਆਂ ਸੂਬਾ ਸਰਕਾਰ ਦੀ ਅਰਥੀ ਫੂਕੀ। ਇਸ ਮੌਕੇ  ਨਵਦੀਪ ਬਾਜਵਾ ਅਤੇ ਜੱਜਪਾਲ ਬਾਜੇਕੇ ਨੇ ਕਿਹਾ ਕਿ ਪਿਛਲੇ 9 ਸਾਲਾਂ ਤੋ ਐਸ.ਐਸ.ਏ./ਰਮਸਾ ਅਧਿਆਪਕ ਠੇਕੇ ਤੇ ਕੰਮ ਕਰ ਰਹੇ ਹਨ। ਪਿਛਲੇ ਨੌਂ ਸਾਲਾਂ ਤੋਂ ਸਮੇਂ ਦੀਆਂ ਸਰਕਾਰਾਂ ਦੁਆਰਾ ਇਹਨਾਂ ਅਧਿਆਪਕਾਂ ਦੀ ਕੋਈ ਸਾਰ ਨਹੀਂ ਲਈ ਗਈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੀ ਕਾਂਗਰਸ ਸਰਕਾਰ ਨੇ ਚੋਣ ਮਨੋਰਥ ਪੱਤਰ ਵਿੱਚ ਇਹ ਗੱਲ ਸਪੱਸ਼ਟ ਲਿਖੀ ਸੀ ਕਿ ਸਾਡੀ ਸਰਕਾਰ ਆਉਣ ਤੇ ਇਹਨਾਂ ਨੂੰ ਪੱਕਿਆ ਕਰ ਦਿੱਤਾ ਜਾਵੇਗਾ।ਪਰ ਸਰਕਾਰ ਬਣਨ ਦੇ 7 ਮਹੀਨਿਆ ਮਗਰੋਂ ਨਾ ਤਾਂ ਇਹਨਾਂ ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ ਤੇ ਨਾਂ ਹੀ ਪਿਛਲੇ ਤਿੰਨ ਮਹੀਨਿਆ ਤੋਂ ਤਨਖਾਹ ਪ੍ਰਾਪਤ ਹੋਈ। ਸਰਕਾਰ ਨੇ ਇਹਨਾਂ ਅਧਿਆਪਕਾਂ ਨਾਲ ਕੋਝਾ ਮਜਾਕ ਕਰਦਿਆਂ ਇਸ ਵਾਰ ਸਿਰਫ 15 ਦਿਨ ਦੀ ਤਨਖਾਹ ਹੀ ਜਾਰੀ ਕੀਤੀ ਗਈ ਹੈ, ਜਿਸ ਕਾਰਣ ਇਹਨਾਂ ਅਧਿਆਪਕਾਂ ਦੇ ਮਨਾਂ ਵਿੱਚ ਬਹੁਤ ਰੋਸ ਹੈ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਐਸ.ਐਸ.ਏ./ਰਮਸਾ ਅਧਿਆਪਕਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ, ਨਹੀਂ ਤਾਂ ਮੌਜੁਦਾ ਸਰਕਾਰ ਵਿਰੁਧ ਵਿੱਢੇ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸੇ ਕੜੀ ਤਹਿਤ 11 ਨਵੰਬਰ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਇਸ ਸਮੇਂ ਬਲਜੀਤ ਸਿੰਘ ਰਾਏ, ਗੁਰਬਾਜ ਸਿੰਘ,  ਹਰਮੇਲ ਦਾਸ, ਗਗਨਦੀਪ ਸਿੰਘ, ਗੁਰਲਾਲ ਸਿੰਘ, ਗੁਰਪ੍ਰੀਤ ਸਿੰਘ,  ਵਿਕਾਸ ਜੋਸ਼ੀ, ਆਦਿ ਹਾਜ਼ਰ ਸਨ।