14 ਨਵੰਬਰ ਬਾਲ ਦਿਵਸ ਮੌਕੇ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਲਈ ਸਿੱਖਿਆ ਵਿਭਾਗ ਨੇ ਪੂਰੀ ਤਿਆਰੀ ਕੀਤੀ: ਅਰੁਨਾ ਚੌਧਰੀ

ਚੰਡੀਗੜ, 26 ਅਕਤੂਬਰ(ਜਸ਼ਨ):ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਾਇਮਰੀ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦੇ ਲਏ ਗਏ ਇਤਿਹਾਸਕ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਿੱਖਿਆ ਵਿਭਾਗ ਨੇ ਪੂਰੀ ਤਿਆਰੀ ਕਰ ਲਈ ਹੈ। ਸਿੱਖਿਆ ਵਿਭਾਗ ਵੱਲੋਂ 14 ਨਵੰਬਰ ਨੂੰ ਬਾਲ ਦਿਵਸ ਮੌਕੇ ਪ੍ਰੀ ਪ੍ਰਾਇਮਰੀ ਕਲਾਸਾਂ ਦੀ ਸ਼ੁਰੂਆਤ ਕੀਤੀ ਜਾਵੇਗੀ ਜਿਸ ਲਈ 25 ਅਕਤੂਬਰ ਤੋਂ ਦਾਖਲੇ ਸ਼ੁਰੂ ਹੋ ਗਏ ਹਨ। ਇਹ ਖੁਲਾਸਾ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।ਸ੍ਰੀਮਤੀ ਚੌਧਰੀ ਨੇ ਦੱਸਿਆ ਕਿ ਸਿੱਖਿਆ ਦਾ ਪੱਧਰ ਹੇਠਲੇ ਪੱਧਰ ਤੋਂ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਦਾ ਇਤਿਹਾਸਕ ਫੈਸਲਾ ਕੀਤਾ ਗਿਆ ਸੀ। ਉਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਇਸ ਫੈਸਲੇ ਨੂੰ ਲਾਗੂ ਕਰਨ ਦੀ ਤਿਆਰੀ ਕਰ ਲਈ ਗਈ ਹੈ। ਉਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ 31 ਅਕਤੂਬਰ ਨੂੰ ਸਿਖਲਾਈ ਵਰਕਸ਼ਾਪ ਉਲੀਕੀ ਗਈ ਹੈ ਜਿਸ ਵਿੱਚ ਇਸ ਯੋਜਨਾ ਨੂੰ ਸਫਲਤਾਪੂਰਵਕ ਅਮਲੀ ਜਾਮਾ ਪਹਿਨਾਉਣ ਲਈ ਇਸ ਪ੍ਰਾਜੈਕਟ ਨਾਲ ਜੁੜੀਆਂ ਧਿਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਕ ਦਿਨ ਦੀ ਇਸ ਸਿਖਲਾਈ ਵਰਕਸ਼ਾਪ ਵਿੱਚ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ ਸਿੱਖਿਆ), ਉਪ ਜ਼ਿਲਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ ਸਿੱਖਿਆ), ਡਾਇਟ ਪਿ੍ਰੰਸੀਪਲਜ਼, ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ, ‘ਪੜੋ ਪੰਜਾਬ ਪੜਾਓ ਪੰਜਾਬ’ ਦੇ ਜ਼ਿਲਾ ਕੋਆਰਡੀਨੇਟਰਜ਼, ਸ਼ਾਮਲ ਹੋਣਗੇ ਜਿਸ ਵਿੱਚ ਸਾਰਿਆਂ ਨੂੰ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਸਬੰਧੀ ਹਰ ਪਹਿਲੂ ਤੋਂ ਜਾਣੂ ਅਤੇ ਸਿਖਲਾਈ ਦਿੱਤੀ ਜਾਵੇਗੀ। ਇਹ ਵਰਕਸ਼ਾਪ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ।ਸਿੱਖਿਆ ਮੰਤਰੀ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਹੋਣ ਨਾਲ ਜਿੱਥੇ ਪ੍ਰਾਇਮਰੀ ਸਿੱਖਿਆ ਨੂੰ ਹੁਲਾਰਾ ਮਿਲੇਗਾ ਉਥੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਦਾਖਲਿਆਂ ਵਿੱਚ ਵਾਧਾ ਹੋਵੇਗਾ। ਉਨਾਂ ਕਿਹਾ ਕਿ ਛੋਟੀ ਉਮਰ ਦੇ ਬੱਚਿਆਂ ਦੇ ਪਹਿਲੀ ਜਮਾਤ ਤੋਂ ਪਹਿਲਾਂ ਸਕੂਲ ਆਉਣ ਨਾਲ ਇਨਾਂ ਦੀ ਨੀਂਹ ਮਜ਼ਬੂਤ ਹੋਵੇਗੀ। ਉਨਾਂ ਕਿਹਾ ਕਿ ‘ਪੜੋ ਪੰਜਾਬ, ਪੜਾਓ ਪੰਜਾਬ’ ਪ੍ਰਾਜੈਕਟ ਤਹਿਤ 3-6 ਉਮਰ ਵਰਗ ਦੇ ਬੱਚਿਆਂ ਦਾ ਪ੍ਰੀ ਪ੍ਰਾਇਮਰੀ ਕਲਾਸਾਂ ਵਿੱਚ ਦਾਖਲਾ ਹੋਵੇਗਾ। ਉਨਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਅਧਿਆਪਕ ਅਤੇ ਆਂਗਣਵਾੜੀ ਵਰਕਰ ਮਿਲ ਕੇ ਸਕੂਲਾਂ ਵਿੱਚ ਦਾਖਲੇ ਕਰ ਰਹੇ ਹਨ।