ਅਬੋਹਰ ਮੇਰੇ ਦਿਲ ਵਿੱਚ ਵਸਦਾ ਸੀ ਤੇ ਵਸਦਾ ਰਹੇਗਾ-ਸੁਨੀਲ ਜਾਖੜ
* ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਅਬੋਹਰ ਦੇ ਵਿਕਾਸ ਕਾਰਜਾਂ ਲਈ 10 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਕੀਤਾ ਐਲਾਨ
ਫਾਜ਼ਿਲਕਾ 27 ਅਕਤੂਬਰ(ਜਸ਼ਨ)- ਪੰਜਾਬ ਦੇ ਸਥਾਨਕ ਸਰਕਾਰ ਤੇ ਸੈਰ-ਸਪਾਟਾ ਮਾਮਲੇ ਪੁਰਾਤੱਤਵ ਅਤੇ ਅਜਾਇਬ ਘਰ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਅਬੋਹਰ ਦੇ ਲੋਕਾਂ ਨਾਲ ਵਿਕਾਸ ਪੱਖੋ ਕੀਤੇ ਗਏ ਪੱਖ-ਪਾਤ ਨੂੰ ਫੁਲ-ਸਟਾਪ ਲਗਾ ਕੇ ਵਿਕਾਸ ਦੀ ਰੇਲ-ਗੱਡੀ ਚਲਾਈ ਜਾਵੇਗੀ। ਉਨਾਂ ਕਿਹਾ ਕਿ ਅਬੋਹਰ ਜੋ ਸਵੱਛਤਾ ਪੱਖੋਂ 420ਵੇਂ ਨੰਬਰ ਤੱਕ ਦਿੱਤਾ ਗਿਆ ਸੀ ਉਸ ਨੂੰ ਬਹੁਤ ਜਲਦ ਵਿਕਾਸ ਕਰਵਾ ਕੇ ਪਹਿਲੇ ਦਸ ਸ਼ਹਿਰਾਂ ਵਿੱਚ ਸ਼ਾਮਲ ਕਰਵਾਇਆ ਜਾਵੇਗਾ।
ਕੈਬਨਿਟ ਮੰਤਰੀ ਸ. ਸਿੱਧੂ ਨੇ ਅੱਜ ਅਬੋਹਰ ਵਿਖੇ ਅਮਰੁਤ ਸਕੀਮ ਅਧੀਨ ਲਗਭਗ 163.60 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਸਿਸਟਮ ਵਿੱਚ ਸੁਧਾਰ ਲਿਆਉਣ ਅਤੇ ਪੀਣ ਵਾਲੇ ਸਾਫ ਪਾਣੀ ਸ਼ਹਿਰ ਵਾਸੀਆਂ ਨੂੰ ਮੁਹੱਈਆਂ ਕਰਵਾਉਣ ਲਈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਬੋਹਰ ਦੇ ਵਿਕਾਸ ਕਾਰਜਾਂ ਕਰਨ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਉਨਾਂ ਆਪਣੇ ਸ਼ੇਅਰੋ-ਸ਼ਾਇਰੀ ਵਾਲੇ ਵੱਖਰੇ ਤੇ ਨਿਵੇਕਲੇ ਅੰਦਾਜ਼ ਵਿੱਚ ਕਿਹਾ ਕਿ ਅਬੋਹਰ ਦੇ ਦੁੱਖ ਭਰੇ ਦਿਨ ਬੀਤੇ ਚੁੱਕੇ ਹਨ ਤੇ ਹੁਣ ਇਥੋਂ ਦੇ ਲੋਕਾਂ ਲਈ ਖੁਸ਼ੀ ਭਰੇ ਦਿਨ ਸ਼ੁਰੂ ਹੋ ਗਏ ਹਨ। ਉਨਾਂ ਪਿਛਲੇ ਦਸ ਸਾਲਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਨੂੰ ਲੁੱਟਣ-ਕੁੱਟਣ ਤੋਂ ਇਲਾਵਾ ਕੀਤੇ ਗਏ ਘਪਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪੂਰੀ ਇਮਾਨਦਾਰੀ ਨਾਲ ਸੂਬੇ ਦਾ ਵਿਕਾਸ ਕੀਤਾ ਜਾਵੇਗਾ। ਸ. ਨਵਜੋਤ ਸਿੰਘ ਸਿੱਧੂ ਨੇ ਅਬੋਹਰ ਦੇ ਵਿਕਾਸ ਕਾਰਜਾਂ ਲਈ 10 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਸ਼ਹਿਰ ਦੀ ਸੁੰਦਰਤਾ ਲਈ ਹੋਰ 500 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨਾਂ ਕਿਹਾ ਕਿ ਅਬੋਹਰ ਜੋ ਪਿਛਲੇ ਸਮੇਂ ਦੌਰਾਨ ਸਵੱਛਤਾ ਪੱਖੋਂ 420ਵੇਂ ਸਥਾਨ ’ਤੇ ਸੀ ਉਸਨੂੰ ਵਿਕਾਸ ਪੱਖੋਂ ਹੁਣ ਪਹਿਲੇ 10 ਸ਼ਹਿਰਾਂ ਵਿੱਚ ਸ਼ਾਮਲ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਅਬੋਹਰ ਖੇਤਰ ਵਿੱਚ ਪਹਿਲੀ ਵਾਰ ਨਹਿਰੀ ਪਾਣੀ ਦੀ ਸਮੱਸਿਆ ਦੂਰ ਕੀਤੀ ਜਾਵੇਗੀ। ਉਨਾਂ ਲੋਕਾਂ ਨੂੰ ਥੋੜਾ ਇੰਤਜਾਰ ਕਰਨ ਤੇ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਬਰ ਦਾ ਫਲ ਮਿੱਠਾ ਹੰੁਦਾ ਹੈ। ਉਨਾਂ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਲਾਹਣਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਇਮਾਰਤਾਂ ਦੇ ਨਕਸ਼ਿਆਂ ਨੂੰ ਆਨ-ਲਾਈਨ ਕਰਨ ਲਈ ਵਿਲਖਣ ਪਹਿਲ ਕਦਮੀ ਕੀਤੀ ਗਈ ਹੈ। ਉਨਾਂ ਆਪਣੀ ਵਿਲੱਖਣ ਸ਼ੈਲੀ ਰਾਹੀਂ ਔਰਤਾਂ ਦੀ ਮਹਾਨਤਾ ਨੂੰ ਬਿਆਨ ਕਰਦਿਆਂ ਕਿਹਾ ਕਿ ਹਮੇਸ਼ਾ ਕਾਂਗਰਸ ਦੇ ਰਾਜ ਸਮੇਂ ਔਰਤਾਂ ਨੂੰ ਸਤਿਕਾਰ ਮਿਲਿਆ ਹੈ।
ਇਸ ਉਪਰੰਤ ਕੈਬਨਿਟ ਮੰਤਰੀ ਸ. ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਬੋਹਰ ਵਿੱਚ ਅਕਾਲੀ-ਭਾਜਪਾ ਸਰਕਾਰ ਸਮੇਂ ਕੀਤੇ ਗਏ ਨਜਾਇਜ਼ ਕਬਜ਼ਿਆਂ ਦੀ ਜਾਂਚ ਦਾ ਕੰਮ ਆਖਰੀ ਪੜਾਅ ’ਤੇ ਹੈ ਤੇ ਬਹੁਤ ਜਲਦ ਹੀ ਦੋਸ਼ੀ ਸਲਾਖਾਂ ਪਿੱਛੇ ਹੋਣਗੇ। ਉਨਾਂ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕਾਂਗਰਸ ਸੂਬੇ ਦੇ ਵਿਕਾਸ ਲਈ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕਰੇਗੀ। ਉਨਾਂ ਇਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਵੀ.ਆਈ.ਪੀ. ਕਲਚਰ ਦਾ ਤਿਆਗ ਕਰਨਾ ਕਾਂਗਰਸ ਦੀ ਬਹੁਤ ਹੀ ਵਧੀਆ ਪਹਿਲ ਕਦਮੀ ਤੇ ਨਿਵੇਕਲੀ ਸੋਚ ਦਾ ਨਤੀਜਾ ਹੈ ਜਿਸ ਨੂੰ ਮੁਲਕ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਵੀ ਸਲਾਇਆ ਗਿਆ ਹੈ। ਉਨਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਅਕਾਲੀ ਸਰਕਾਰ ਵੱਲੋਂ ਕੀਤੀ ਗਈ ਧੱਕੇਸ਼ਾਹੀ, ਲੁੱਟ-ਖਸੁੱਟ ਤੇ ਸੂਬੇ ਨੂੰ ਕਰਜ਼ੇ ਹੇਠ ਦਬਾਉਣ ਨਾਲ ਪੈਦਾ ਕੀਤੀਆਂ ਗਈਆਂ ਮੁਸ਼ਕਲਾਂ ਤੇ ਕਮਜ਼ੋਰੀਆਂ ਨੂੰ ਹੁਣ ਕਾਂਗਰਸ ਸਰਕਾਰ ਆਪਣੀ ਸੋਚ-ਸ਼ਕਤੀ ਤੇ ਵਧੀਆ ਕਾਰਗੁਜ਼ਾਰੀ ਵਿਖਾਉਂਦਿਆਂ ਰਾਜ ਦੇ ਵਿਕਾਸ ਦੀ ਮੰਜ਼ਿਲ ਵੱਲ ਵੱਧ ਰਹੀ ਹੈ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਚੌਧਰੀ ਸੁਨੀਲ ਕੁਮਾਰ ਜਾਖੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਬੋਹਰ ਦਾ ਵਿਕਾਸ ਹਮੇਸ਼ਾ ਕਾਂਗਰਸ ਦੇ ਰਾਜ ਸਮੇਂ ਹੀ ਹੋਇਆ ਹੈ। ਉਨਾਂ ਕਿਹਾ ਕਿ ਲਗਪਗ 20 ਸਾਲ ਪਹਿਲਾਂ 22 ਕਰੋੜ ਦੀ ਲਾਗਤ ਨਾਲ ਅਬੋਹਰ ਦਾ ਜੋ ਵਿਕਾਸ ਹੋਇਆ ਸੀ, ਉਸ ਨੂੰ ਪਿਛਲੇ 10 ਸਾਲਾਂ ਦੌਰਾਨ ਵਿਕਾਸ ਪੱਖੋਂ ਅਣਗਹਿਲਾ ਰੱਖ ਕੇ ਇਸ ਨਾਲ ਪੱਖ-ਪਾਤ ਕੀਤਾ ਗਿਆ ਅਤੇ ਮੇਰੇ ਰਾਹੀਂ ਅਬੋਹਰ ਦੇ ਲੋਕਾਂ ਨਾਲ ਖੁੰਦਕ ਕੱਢੀ ਗਈ ਹੈ। ਉਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਬੋਹਰ ਉਨਾਂ ਦੇ ਦਿਲ ਤੇ ਦਿਮਾਗ ਵਿੱਚ ਵਸਦਾ ਸੀ ਤੇ ਹਮੇਸ਼ਾ ਵਸਦਾ ਰਹੇਗਾ। ਉਨਾ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਭਾਜਪਾ ਨੇ ਹਮੇਸ਼ਾ ਹੀ ਧਰਮ ਤੇ ਭਾਸ਼ਾ ਦੇ ਆਧਾਰ ’ਤੇ ਦੇਸ਼ ਅੰਦਰ ਵੰਡੀਆਂ ਪਾਉਣ ਦਾ ਕੋਝਾ ਕੰਮ ਕੀਤਾ ਗਿਆ ਜਿਸ ਦਾ ਨਤੀਜਾ ਭਾਜਪਾ ਨੂੰ ਗੁਜਰਾਤ ਤੇ ਹਿਮਾਚਲ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ’ਚ ਵੱਡੀ ਹਾਰ ਦੇ ਰੂਪ ਵਿੱਚ ਭੁਗਤਣਾ ਪਵੇਗਾ। ਉਨਾਂ ਇਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅਬੋਹਰ ਦੀ ਕਾਇਆ-ਕਲਪ ਨੂੰ ਸੁਧਾਰਣਾ ਮੇਰਾ ਮੁੱਢਲਾ ਫਰਜ਼ ਹੈ ਤੇ ਅਬੋਹਰ ਅਤੇ ਗੁਰਦਾਸਪੁਰ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਾਂਗਾ। ਇਸ ਮੌਕੇ ਕੈਬਨਿਟ ਮੰਤਰੀ ਸ. ਸਿੱਧੂ ਦੇ ਸਲਾਹਕਾਰ ਸ. ਅਮਰ ਸਿੰਘ, ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀਮਤੀ ਈਸ਼ਾ ਕਾਲੀਆ, ਐਸ.ਐਸ.ਪੀ. ਫਾਜ਼ਿਲਕਾ ਡਾ. ਕੇਤਨ ਬਾਲੀਰਾਮ ਪਾਟਿਲ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਚੀਫ ਇੰਜੀਨੀਅਰ ਸ੍ਰੀ. ਕੇ. ਪੀ. ਗੋਇਲ, ਐਸ.ਡੀ.ਐਮ. ਅਬੋਹਰ ਮਿਸ ਪੂਨਮ ਸਿੰਘ, ਯੂਥ ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਸ੍ਰੀ ਸੰਦੀਪ ਜਾਖੜ, ਕਾਂਗਰਸ ਦੇ ਜ਼ਿਲਾ ਪ੍ਰਧਾਨ ਸ੍ਰੀ ਵਿਮਲ ਠੱਠਈ, ਅਬੋਹਰ ਬਲਾਕ ਦੇ ਪ੍ਰਧਾਨ ਸ੍ਰੀ ਸੁਧੀਰ ਨਾਗਪਾਲ ਤੋਂ ਇਲਾਵਾ ਹੋਰ ਸਖਸ਼ੀਅਤਾਂ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।