ਸ਼ਰਧਾਲੂਆਂ ਦੀ ਭਰੀ ਗੱਡੀ ਨਹਿਰ ਵਿਚ ਡਿੱਗੀ, 7 ਔਰਤਾਂ ਸਮੇਤ ਕੁੱਲ 10 ਵਿਅਕਤੀ ਜਖ਼ਮੀ , 2 ਗੰਭੀਰ
ਮੋਗਾ ,27 ਅਕਤੂਬਰ: (ਸੁੱਖ ਗਿੱਲ/ਜਸ਼ਨ)-ਅੱਜ ਤੜਕ ਸਵੇਰ ਧਰਮਕੋਟ ਫਤਿਹਗੜ ਪੰਜਤੂਰ ਰੋਡ ’ਤੇ ਸਥਿਤ ਪਿੰਡ ਕੰਨੀਆਂ ਖਾਸ ਵਿਖੇ ਰਾਧਾ ਸੁਆਮੀ ਸ਼ਰਧਾਲੂਆਂ ਦੀ ਭਰੀ ਗੱਡੀ ਮਾਈਨਰ ਨਹਿਰ ਵਿਚ ਪਲਟ ਜਾਣ ਕਾਰਨ 7 ਔਰਤਾਂ ਸਮੇਤ ਕੁੱਲ 10 ਵਿਅਕਤੀ ਜਖ਼ਮੀ ਹੋ ਗਏ ਜਿਹਨਾਂ ਵਿਚੋਂ 2 ਗੰਭੀਰ ਔਰਤਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਵਿਚ ਜਖਮੀਂ ਵਿਅਕਤੀਆਂ ਦਾ ਇਲਾਜ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ ਜਿਹਨਾਂ ਵਿਚੋਂ ਬਹੁਤਿਆਂ ਦੇ ਸਿਰਾਂ ਵਿਚ ਸੱਟਾ ਲੱਗੀਆਂ ਹਨ ਜਾਂ ਫਿਰ ਚਿਹਰੇ ਦੀਆਂ ਹੱਡੀਆਂ ਟੁੱਟ ਗਈਆਂ ਹਨ। ਜ਼ਿਕਰਯੋਗ ਹੈ ਕਿ ਨਹਿਰ ਵਿਚ ਪਾਣੀ ਨਾ ਵਗਦਾ ਹੋਣ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਹ ਸਾਰੇ ਸ਼ਰਧਾਲੂ ਬਾਘਾਪੁਰਾਣਾ ਸ਼ਹਿਰ ਦੇ ਵਾਸੀ ਹਨ ਅਤੇ ਸਵੇਰ ਵੇਲੇ ਡੇਰਾ ਬਿਆਸ ਲਈ ਰਵਾਨਾ ਹੋਏ ਸਨ। ਪ੍ਰਤੱਖ ਦਰਸ਼ੀਆਂ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨੂੰ ਦੱਸਿਆ ਕਿ ਇਸ ਨਹਿਰ ਦੇ ਪੁੱਲ ਤੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ । ਉਹਨਾਂ ਖਦਸ਼ਾ ਜ਼ਾਹਰ ਕੀਤਾ ਕਿ ਪੁਲ ਤੋਂ ਪਹਿਲਾਂ ਬਣੇ ਸਪੀਡ ਬਰੇਕਰਾਂ ਦੇ ਹਨੇਰੇ ਵਿਚ ਡਰਾਈਵਰ ਨੂੰ ਦਿਖਾਈ ਨਾ ਦੇਣ ਕਰਕੇ ਤੇਜ਼ ਰਫਤਾਰ ਗੱਡੀ ਬੇਕਾਬੂ ਹੋ ਕੇ ਕੂਹਣੀ ਮੋੜ ਪੁੱਲ ’ਤੇ ਚੜਨ ਦੀ ਬਜਾਏ ਸਿੱਧੀ ਨਹਿਰ ਵਿਚ ਜਾ ਡਿੱਗੀ ਅਤੇ ਪਲਟ ਗਈ ਜਿਸ ਕਾਰਨ ਗੱਡੀ ਦੇ ਪਿਛਲੇ ਹਿੱਸੇ ਵਿਚ ਬੈਠੀਆਂ ਰਾਧਾ ਸੁਵਾਮੀ ਸੰਗਤਾਂ ਦੇ ਸਿਰਾਂ ਵਿਚ ਗੰਭੀਰ ਸੱਟਾਂ ਲੱਗੀਆਂ ।
ਪਿੰਡ ਵਾਸੀਆਂ ਨੇ ਜ਼ਖਮੀਆਂ ਨੂੰ ਬਾਹਰ ਕੱਢ ਕੇ 108 ਐਂਬੂਲੈਂਸ ਰਾਹੀਂ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ। ਹਸਪਤਾਲ ਵਿਚ ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇਸ ਹਾਦਸਾ ਗ੍ਰਸਤ ਗੱਡੀ ਤੋਂ ਇਲਾਵਾ ਇਕ ਹੋਰ ਸਵਿਫਟ ਕਾਰ ਵਿਚ ਵੀ ਬਾਕੀ ਦੀ ਸੰਗਤ ਵਿਚੋਂ ਨੌਜਵਾਨ ਸਵਾਰ ਸਨ ਅਤੇ ਉਹ ਗੱਡੀ ਵੀ ਪੁੱਲ ਨੇੜੇ ਸੜਕ ’ਤੇ ਬਣੇ ਟੋਏ ਤੋਂ ਬੁੜਕ ਕੇ ਹਾਦਸਾਗ੍ਰਸਤ ਹੋਣ ਤੋਂ ਬਾਲ ਬਾਲ ਬਚੀ। ਇਸ ਕਾਰ ਵਿਚ ਸਵਾਰ ਨੌਜਵਾਨਾਂ ਨੇ ਔਰਤਾਂ ਨਾਲ ਭਰੀ ਪਿੱਛੇ ਆ ਰਹੀ ਗੱਡੀ ਦੇ ਡਰਾਈਵਰ ਨੂੰ ਇਸ ਟੋਏ ਅਤੇ ਪੁਲ ਤੋਂ ਸੁਚੇਤ ਕਰਨ ਲਈ ਫੋਨ ਮਿਲਾਇਆ ਪਰ ਤੱਦ ਤੱਕ ਇਹ ਹਾਦਸਾ ਵਾਪਰ ਚੁੱਕਾ ਸੀ।