ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ‘ਆਊਟ ਪੇਸ਼ੈਂਟ ਓਪੀਓਡੀ ਐਸਿਸਟਡ ਟ੍ਰੀਟਮੈਂਟ‘ ਪ੍ਰੋਗਰਾਮ ਦਾ ਕੀਤਾ ਉਦਘਾਟਨ
ਮੋਗਾ 26 ਅਕਤੂਬਰ(ਜਸ਼ਨ)-ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਵੱਚਨਬੱਧ ਹੈ ਅਤੇ ਰਾਜ ਦੀਆਂ ਸਿਹਤ ਸੰਸਥਾਵਾਂ ਵਿੱਚ ਡਾਕਟਰਾਂ ਅਤੇ ਹੋਰ ਅਮਲੇ ਦੀ ਘਾਟ ਨੂੰ ਪੂਰਾ ਕਰਨ ਲਈ ਜਲਦੀ ਹੀ ਨਵੀ ਭਰਤੀ ਕੀਤੀ ਜਾਵੇਗੀ। ਇਹ ਪ੍ਰਗਟਾਵਾ ਸਿਹਤ ਤੇ ਪ੍ਰੀਵਾਰ ਭਲਾਈ, ਡਾਕਟਰੀ ਸਿੱਿਖਆ ਤੇ ਖੋਜ ਅਤੇ ਸੰਸਦੀ ਮਾਮਲੇ ਮੰਤਰੀ ਪੰਜਾਬ ਸ਼੍ਰੀ ਬ੍ਰਹਮ ਮਹਿੰਦਰਾ ਨੇ ਅੱਜ ਨਸ਼ਾ-ਛੁਡਾਊ ਕੇਂਦਰ ਜਨੇਰ ਵਿਖੇ ‘ਆਊਟ ਪੇਸੈਂਂਟ ਓਪੀਓਡੀ ਐਸਿਸਟਡ ਟ੍ਰੀਟਮੈਂਟ‘ ਪ੍ਰੋਗਰਾਮ ਦਾ ਸਮਾਂ ਰੌਸ਼ਨ ਕਰਕੇ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਸਿਹਤ ਮੰਤਰੀ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਨਸ਼ਾਖੋਰੀ ਕਾਰਣ ਨੌਜਵਾਨਾਂ ਦੀ ਸਿਹਤ ਨੂੰ ਖੋਰਾ ਲੱਗਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦਾ ਸੂਬੇ ਵਿੱਚੋ ਨਸ਼ਿਆਂ ਨੂੰ ਖਤਮ ਕਰਨ ਦਾ ਦਿ੍ਰੜ ਸੰਕਲਪ ਹੈ।ਉਨਾਂ ਕਿਹਾ ਕਿ ਨਸ਼ਾ ਕਰਨ ਵਾਲਾ ਵਿਅਕਤੀ ਆਪਣੇ ਪਰਿਵਾਰਿਕ ਮੈਬਰਾਂ ਅਤੇ ਸਮਾਜ ਦੇ ਲੋਕਾਂ ਤੇ ਵੀ ਬੁਰਾ ਪ੍ਰਭਾਵ ਪਾਉਦਾ ਹੈ। ਉਨਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਸੂਬੇ ‘ਚ ਪਿਛਲੇ ਦਸ ਸਾਲਾਂ ਦੌਰਾਨ ਡਾਕਟਰਾਂ, ਅਧਿਆਪਕਾਂ ਅਤੇ ਹੋਰ ਵਿਭਾਗਾਂ ‘ਚ ਕਰਮਚਾਰੀਆਂ ਦੀ ਭਰਤੀ ਨਹੀ ਕੀਤੀ, ਪ੍ਰੰਤੂ ਹਸਪਤਾਲਾਂ ‘ਚ ਮਹਿੰਗੀਆਂ ਮਸ਼ੀਨਾਂ ਦੀ ਖ੍ਰੀਦ ‘ਤੇ ਹੀ ਜ਼ੋਰ ਦਿੱਤਾ ਗਿਆ ਜੋ ਕਿ ਬਿਨਾਂ ਡਾਕਟਰਾਂ ਦੇ ਹਸਪਤਾਲਾਂ ਵਿੱਚ ਬੇਕਾਰ ਪਈਆਂ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਪੰਜਾਬ ਦੇ ਸਮੁੱਚੇ ਨਾਗਰਿਕਾਂ ਦੀ ਸਿਹਤ ਸੁਧਾਰ ਲਈ ਨਵੀਆਂ ਪਹਿਲ-ਕਦਮੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਕੇਦਰਿਤ ਢੰਗ ਨਾਲ ਨੌਜਵਾਨਾਂ ਚੋ ਨਸ਼ਿਆਂ ਦੇ ਰੁਝਾਨ ਨੂੰ ਖਤਮ ਕਰਨ ਲਈ ਮੌਜੂਦਾ ਸਕੀਮਾਂ ‘ਚ ਸੋਧ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸੂਬੇ ਵਿੱਚ ਕੈਪਟਨ ਸਰਕਾਰ ਦੇ ਆਉਣ ‘ਤੇ ਰਾਜ ਦੇ ਸਰਕਾਰੀ ਹਸਪਤਾਲਾਂ ‘ਚ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵੱਡੇ ਪੱਧਰ ‘ਤੇ ਕੀਤੀਆਂ ਜਾ ਰਹੀਆਂ ਪਹਿਲ-ਕਦਮੀਆਂ ਸਦਕਾ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲ ਰਹੀਆਂ ਹਨ। ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਮੋਗਾ, ਤਰਨਤਾਰਨ ਅਤੇ ਅੰਮਿ੍ਰਤਸਰ ਜ਼ਿਲਿਆਂ ਤੋ ਇਸ ਪਾਇਲਟ ਪ੍ਰੋਜੈਕਟ ਦੀ ਕੀਤੀ ਗਈ ਇਹ ਨਿਵੇਕਲੀ ਸ਼ੁਰੂਆਤ ਨਸ਼ਾ ਛੱਡਣ ਦੇ ਚਾਹਵਾਨ ਨੌਜਵਾਨਾਂ ਲਈ ਲਾਹੇਵੰਦ ਸਾਬਿਤ ਹੋਵੇਗੀ। ਉਨਾਂ ਦੱਸਿਆ ਕਿ ਇਸੇ ਤਰਜ਼ ‘ਤੇ ਜਲਦੀ ਹੀ ਰਾਜ ਦੇ ਬਾਕੀ ਜ਼ਿਲਿਆਂ ‘ਚ ਵੀ ਇਹ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਮੰਤਰੀ ਨੇ ਨਸ਼ਾ ਛੁਡਾਊ ਕੇਦਰ ਜਨੇਰ ਨੂੰ 15 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਮੰਤਰੀ ਜੀ ਨੂੰ ਗ੍ਰਾਮ ਪੰਚਾਇਤ ਜਨੇਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ।ਬਾਅਦ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਹਲਕਾ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਦੇ ਗ੍ਰਹਿ ਵਿਖੇ ਗਏ। ਇਸ ਮੌਕੇ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਲੋਹਗੜ ਨੇ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਸ਼ਾ ਛੁਡਾਊ ਕੇਦਰ ਜਨੇਰ ਇਲਾਕੇ ਦੇ ਨਸ਼ਾ ਛੱਡਣ ਦੇ ਚਾਹਵਾਨ ਵਿਅਕਤੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਉਨਾਂ ਮੁੱਢਲਾ ਸਿਹਤ ਕੇਦਰ ਧਰਮਕੋਟ ‘ਚ ਡਾਕਟਰਾਂ ਅਤੇ ਹੋਰ ਅਮਲੇ ਦੀ ਘਾਟ ਨੂੰ ਪੂਰਾ ਕਰਨ ਅਤੇ ਸਿਹਤ ਕੇਦਰ ਨੂੰ ਅਪਗ੍ਰੇਡ ਕਰਨ ਦੀ ਮੰਗ ਵੀ ਕੀਤੀ। ਵਿਧਾਇਕ ਮੋਗਾ ਡਾ. ਹਰਜੋਤ ਕਮਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਤਹੱਈਆ ਕੀਤਾ ਗਿਆ ਹੈ ਅਤੇ ਸਰਕਾਰ ਦੇ ਹੋਦ ‘ਚ ਆਉਣ ਉਪਰੰਤ ਨੌਜਵਾਨਾਂ ਵਿੱਚ ਨਸ਼ਿਆਂ ਦੇ ਰੁਝਾਨ ਵਿੱਚ ਗਿਰਾਵਟ ਵੀ ਆਈ ਹੈ। ਵਿਧਾਇਕ ਬਾਘਾਪੁਰਾਣਾ ਦਰਸ਼ਨ ਸਿੰਘ ਬਰਾੜ ਨੇ ਪੰਜਾਬ ਸਰਕਾਰ ਵੱਲੋ ਨੌਜਵਾਨਾਂ ਨੂੰ ਨਸ਼ਿਆਂ ਤੋ ਛੁਟਕਾਰਾ ਦਿਵਾਉਣ ਲਈ ਕੀਤੇ ਗਏ ਇਸ ਵਿਸ਼ੇਸ਼ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਜੀ ਆਇਆ ਕਹਿੰਦਿਆਂ ਇਸ ਪ੍ਰੋਜੈਕਟ ਨੂੰ ਸਫ਼ਲਤਾ-ਪੁਰਵਿਕ ਨੇਪਰੇ ਚਾੜਨ ਲਈ ਜਿਲਾ ਪ੍ਰਸ਼ਾਸਨ ਵੱਲੋ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਸਮਾਗਮ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਅੰਜਲਾ ਭਾਵੜਾ, ਵਧੀਕ ਸਕੱਤਰ ਸ੍ਰੀ ਨਿਵਾਸ਼ਨ, ਡਾਇਰੈਕਟਰ ਡਾ. ਰਾਜੀਵ ਭੱਲਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋ ਇਲਾਵਾ ਜਿਲਾ ਪ੍ਰਧਾਨ ਕਾਂਗਰਸ ਕਰਨਲ ਬਾਬੂ ਸਿੰਘ, ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਰਵਿੰਦਰ ਸਿੰਘ ਰਵੀ ਗਰੇਵਾਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ,ਸ਼ਿਵਾਜ਼ ਭੋਲਾ ਮਸਤੇਵਾਲਾ,ਬਲਰਾਮ ਬੱਬੀ ,ਗੁਰਜੰਟ ਸਿੰਘ ਨੰਬਰਦਾਰ,ਮਾਲਵਿੰਦਰ ਸਿੰਘ, ਪ੍ਰਗਟ ਸਿੰਘ ਔਗੜ, ਸਿਵਲ ਸਰਜਨ ਡਾ. ਮਨਜੀਤ ਸਿੰਘ,ਅਮਰੀਕ ਸਿੰਘ ਜੇਲ ਸੁਪਰਡੈਂਟ,ਕੰਵਲਪ੍ਰੀਤ ਸਿੰਘ,ਡਾ: ਸੁਰਿੰਦਰ ਸੇਤੀਆ,ਐੱਸ ਪੀ ਡੀ ਵਜੀਰ ਸਿੰਘ ਖਹਿਰਾ,ਐੱਸ ਐੱਮ ਓ ਅਮਰੀਕ ਸਿੰਘ ਇਲਾਕੇ ਦੀਆਂ ਪੰਚਾਇਤਾਂ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ ’ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਦਾ ਪਹਿਲਾ ਚਰਨ ਅੱਜ ਆਰੰਭ ਹੋ ਗਿਆ ਹੈ ਤੇ ਛੇਤੀ ਹੀ ਪੰਜਾਬ ਵਿਚੋਂ ਨਾ ਸਿਰਫ ਨਸ਼ਿਆਂ ਦਾ ਸਫਾਇਆ ਹੋ ਜਾਵੇਗਾ ਬਲਕਿ ਨਸ਼ਿਆਂ ਤੋਂ ਪ੍ਰਭਾਵਿਤ ਵਿਅਕਤੀ ਅਤੇ ਪਰਿਵਾਰ ਸਵੈਮਾਣ ਭਰਪੂਰ ਜ਼ਿੰਦਗੀ ਜਿਓੁਣ ਦੇ ਕਾਬਲ ਹੋ ਜਾਣਗੇ।