ਕਣਕ ਦੇ ਸਮਰਥਨ ਮੁੱਲ ’ਚ 110 ਰੁਪਏ ਦਾ ਨਿਗੂਣਾ ਵਾਧਾ ਕਿਸਾਨਾਂ ਦੀ ਡਾਵਾਂਡੋਲ ਆਰਥਿਕਤਾ ਲਈ ਵੱਡਾ ਝਟਕਾ : ਰਵਿੰਦਰ ਸਿੰਘ ਐਡਵੋਕੇਟ ਰਵੀ ਗਰੇਵਾਲ

ਮੋਗਾ,25 ਅਕਤੂਬਰ (ਜਸ਼ਨ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਨੇ ਕੇਂਦਰ ਸਰਕਾਰ ਵੱਲੋਂ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ’ਚ 110 ਰੁਪਏ ਦੇ ਕੀਤੇ ਵਾਧੇ ਨੂੰ ਨਿਗੂਣਾ ਕਰਾਰ ਦਿੰਦਿਆਂ ਆਖਿਆ ਕਿ ਖੇਤੀ ਖਰਚਿਆਂ ਅਤੇ ਲੱਕ ਤੋੜਵੀਂ ਮਹਿੰਗਾਈ ਦੇ ਚੱਲਦਿਆਂ ਇਹ ਫੈਸਲਾ ਕਿਸਾਨਾਂ ਦੀ ਪਹਿਲਾਂ ਤੋਂ ਹੀ ਡਾਵਾਂਡੋਲ ਆਰਥਿਕਤਾ ਲਈ ਵੱਡਾ ਝਟਕਾ ਸਾਬਿਤ ਹੋਵੇਗਾ । ਉਹਨਾਂ ਕਿਹਾ ਕਿ ਨੋਟਬੰਦੀ ਨੇ ਪਹਿਲਾਂ ਹੀ ਦੇਸ਼ ਦੀ ਅਰਥ ਵਿਵਸਥਾ ’ਤੇ ਵੱਡ ਸੱਟ ਮਾਰੀ ਸੀ ਅਤੇ ਫਿਰ ਜੀ ਐੱਸ ਟੀ ਲੱਗਣ ਨਾਲ ਕਿਸਾਨ ਅਤੇ ਵਪਾਰੀ ਦੋਨੇ ਹੀ ਦੀਵਾਲੀਏਪਨ ਦੀ ਸਰਦਲ ’ਤੇ ਆਣ ਖੜੇ ਹਨ ਪਰ ਹੁਣ ਤਾਂ ਹੱਦ ਹੀ ਹੋ ਗਈ ਕਿ ਨਿੱਤ ਦਿਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੇ ਆਰਥਿਕ ਬੋਝ ਨੂੰ ਘਟਾਉਣ ਲਈ  ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਐੱਮ ਐੱਸ ਪੀ ਲਾਗੂ ਕਰਨ ਦੀ ਬਜਾਏ ਕਣਕ ਦੇ ਖਰੀਦ ਮੁੱਲ ਵਿਚ ੳੂਠ ਦੇ ਮੂੰਹ ’ਚ ਜ਼ੀਰੇ ਵਾਂਗ ਵਾਧਾ ਕਰਕੇ ਰਹਿੰਦੀ ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ । ਉਹਨਾਂ ਆਖਿਆ ਕਿ ਇਸ ਫੈਸਲੇ ਨਾਲ ਨਾ ਸਿਰਫ ਕਿਸਾਨ ਬਲਕਿ ਦੇਸ਼ ਦੀ ਸਮੁੱਚੀ ਅਰਥ ਵਿਵਸਥਾ ਚਰਮਰਾ ਕੇ ਰਹਿ ਜਾਵੇਗੀ । ਉਹਨਾਂ ਖਦਸ਼ਾ ਜ਼ਾਹਰ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਂ ਰੋਕਣ ਲਈ ਕਰਜ਼ਾ ਮੁਆਫ਼ੀ ਦੇ ਨੋਟੀਫਿਕੇਸ਼ਨ ਦੇ ਬਾਵਜੂਦ ਕੇਂਦਰ ਦੇ ਇਸ ਨਾਂਹਪੱਖੀ ਰਵਈਏ ਕਾਰਨ ਕਿਸਾਨੀ ਖੁਦਕੁਸ਼ੀਆਂ ਵੱਧਣਗੀਆਂ ।