ਭਾਰਤ ਦੇ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਪੁਲਿਸ ਅਫ਼ਸਰਾਂ ਅਤੇ ਜਵਾਨਾ ਦੀਆਂ ਸ਼ਹਾਦਤਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ- ਵੀ.ਪੀ.ਸਿੰਘ ਬਦਨੌਰ

ਕੋਟਕਪੂਰਾ/ਫਰੀਦਕੋਟ 25 ਅਕਤੂਬਰ(ਜਸ਼ਨ)-ਭਾਰਤ ਦੇ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਪੁਲਿਸ ਅਫ਼ਸਰਾਂ ਅਤੇ ਜਵਾਨਾ ਦੀਆਂ ਸ਼ਹਾਦਤਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਹ ਪ੍ਰਗਟਾਵਾ ਮਾਣਯੋਗ ਰਾਜਪਾਲ ਪੰਜਾਬ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਗਾਂਧੀ ਮੈਮੋਰੀਅਲ ਹਾਈ ਸਕੂਲ ਕੋਟਕਪੂਰਾ ਵਿਖੇ ਚੰਡੀਗੜ ਪੁਲਿਸ ਦੇ ਸ਼ਹੀਦ ਏ.ਐਸ.ਆਈ ਸ੍ਰੀ ਲਾਲੂ ਰਾਮ ਜੀ ਦੀ ਤਸਵੀਰ ’ਤੇ ਸ਼ਰਧਾਂ ਦੇ ਫੁੱਲ ਭੇਂਟ ਕਰਨ ਉਪਰੰਤ ਸ਼ਰਧਾਜਲੀ ਸਮਾਰੋਹ ਨੂੰ ਸੰਬੋਧਨ ਕਰਦਿਆ ਕੀਤਾ। ਉਨਾਂ ਇਸ ਮੌਕੇ ਸ਼ਹੀਦ ਲਾਲੂ ਰਾਮ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਇਸ ਸਕੂਲ ਦੇ ਦਸਵੀਂ ਜਮਾਤ ’ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਕਾਸ਼ਦੀਪ ਸਿੰਘ ਨੂੰ 11 ਹਜ਼ਾਰ  ਰੁਪਏ ਦਾ ਸਕਾਲਰਸ਼ਿਪ ਚੈੱਕ ਦਿੱਤਾ ਜੋ ਕਿ ਹਰ ਸਾਲ ਦਸਵੀਂ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਦਿੱਤਾ ਜਾਇਆ ਕਰੇਗਾ। ਮਾਣਯੋਗ ਰਾਜਪਾਲ ਪੰਜਾਬ ਨੇ ਕਿਹਾ ਕਿ ਚੰਡੀਗੜ ਪੁਲਿਸ ਵੱਲੋਂ ਹਰ ਸਾਲ ਭਾਰਤ ਦੇ ਸਾਰੇ ਪੁਲਿਸ ਬਲਾਂ ਦੇ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਨ ਲਈ ਸ਼ਰਧਾਂਜਲੀ ਦਿਵਸ ਮਨਇਆ ਜਾਂਦਾ ਹੈ। ਉਨਾਂ ਸ਼ਹੀਦ ਲਾਲੂ ਰਾਮ ਦੇ ਪ੍ਰੀਵਾਰਕ ਮੈਂਬਰਾਂ ’ਚ ਧਰਮ ਪਤਨੀ ਬੀਬੀ ਰਾਜ ਕੁਮਾਰੀ, ਬੇਟਾ ਅਮਿਤ ਕੁਮਾਰ, ਭੇਣ ਸ਼ੰਕੁਤਲਾ, ਭਰਾ ਕਾਲਾ ਬਹਾਦਰ ਅਤੇ ਰਮੇਸ਼ ਕੁਮਾਰ ਨੂੰ ਦੁਸ਼ਾਲਾ ਤੇ ਸਮਿ੍ਰਤੀ ਚਿੰਨ ਨਾਲ ਸਨਮਾਨਿਤ ਕਰਨ ਉਪਰੰਤ ਉਨਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਇਹ ਸਨਮਾਨ ਕੇਵਲ ਸ਼ਹੀਦ ਦੇ ਪਰਿਵਾਰ ਪ੍ਰਤੀ ਆਭਾਰ ਪ੍ਰਗਟਾਉਣ ਦਾ ਮਾਤਰ ਯਤਨ ਹੀ ਹੈ ਅਤੇ ਸ਼ਹੀਦਾਂ ਦੀ ਕੁਰਬਾਨੀ ਦਾ ਮੁੱਲ ਕਦੇ ਮੋੜਿਆ ਨਹੀਂ ਜਾ ਸਕਦਾ। ਉਨਾਂ ਕਿਹਾ ਕਿ ਦੇਸ਼ ਦੇ ਇਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਦੇਸ਼ ਵਾਸੀਆਂ ਲਈ ਪ੍ਰੇਰਨਾ ਸਰੋਤ ਹੈ। ਉਨਾਂ ਕਿਹਾ ਕਿ ਸਮੁੱਚਾ ਦੇਸ਼ ਅਜਿਹੇ ਬਹਾਦਰ ਯੋਧਿਆ ਦੀ ਕੁਰਬਾਨੀ ਦਾ ਸਦਾ ਰਿਣੀ ਰਹੇਗਾ। ਉਨਾਂ ਕਿਹਾ ਕਿ ਸ਼ਹੀਦ ਲਾਲੂ ਰਾਮ ਜੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਅਸੀਂ ਉਨਾਂ ਵੱਲੋਂ ਦਿਖਾਏ ਗਏ ਕੁਰਬਾਨੀ ਅਤੇ ਤਿਆਗ ਦੇ ਰਸਤੇ ’ਤੇ ਚੱਲਦੇ ਹੋਏ ਦੇਸ਼ ਦੀ ਏਕਤਾ,ਅਖੰਡਤਾ ਅਤੇ ਅਮਨ ਸ਼ਾਂਤੀ ਕਾਇਮ ਰੱਖਣ ਲਈ ਯੋਗਦਾਨ ਪਾਈਏ। ਉਨਾਂ ਸ਼ਹੀਦ ਲਾਲੂ ਰਾਮ ਦੀ ਸ਼ਹੀਦੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 26 ਫ਼ਰਵਰੀ 1957 ਨੂੰ ਜਨਮੇ ਸ਼ਹੀਦ ਲਾਲੂ ਰਾਮ 29 ਜੂਨ 1976 ਨੂੰ ਪੰਜਾਬ ਪੁਲਿਸ ਵਿਚ ਬਤੌਰ ਕਾਂਸਟੇਬਲ ਭਰਤੀ ਹੋਏ ਅਤੇ 30 ਮਈ 1978 ਨੂੰ ਡੈਪੂਟੇਸ਼ਨ ਤੇ ਚੰਡੀਗੜ ਪੁਲਿਸ ਵਿਚ ਜੁਆਇੰਨ ਕੀਤਾ। 14 ਫਰਵਰੀ 1984 ਨੂੰ ਬਤੌਰ ਹੈਡ ਕਾਂਸਟੇਬਲ ਅਤੇ 23 ਮਾਰਚ 1991 ਨੂੰ ਏ.ਐਸ.ਆਈ ਵਜੋਂ ਪਦਉੱਨਤ ਹੋਏ। ਉਨਾਂ ਦੱਸਿਆ ਕਿ ਅੱਤਵਾਦ ਦੇ ਕਾਲੇ ਦੌਰ ਦੌਰਾਨ 29 ਅਗਸਤ 1991 ਨੂੰ ਚੰਡੀਗੜ ਵਿਖੇ ਹੋਏ ਬੰਬ ਕਾਂਡ ’ਚ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀ ਗਏ। ਇਸ ਤੋਂ ਪਹਿਲਾਂ ਮਾਨਯੋਗ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਸਕੂਲ ਵਿਚ ਪਹਿਲਾਂ ਹੀ ਬਣੇ  ਸ਼ਹੀਦ ਲਾਲੂ ਰਾਮ ਯਾਦਗਾਰੀ ਹਾਲ ਨੂੰ ਸਮਰਪਿਤ ਕਰਨ ਲਈ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ ਅਤੇ ਪੁਲਿਸ ਦੇ ਸ਼ਹੀਦਾਂ ਦੀ ਯਾਦ ਵਿਚ ਇਕ ਕਿਤਾਬਚਾ ਵੀ ਰਲੀਜ਼ ਕੀਤਾ।

ਡਾਇਰੈਕਟਰ ਜਨਰਲ ਪੁਲਿਸ ਚੰਡੀਗੜ ਸ੍ਰੀ ਤੇਜਿੰਦਰ ਸਿੰਘ ਲੂਥਰਾ ਨੇ ਸ਼ਹੀਦ ਲਾਲੂ ਰਾਮ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਚੰਡੀਗੜ ਪੁਲਿਸ ਦੀ ਸ਼ਹੀਦਾਂ ਨੂੰ ਉਨਾਂ ਦੇ ਸਿੱਖਿਆ ਸਥਾਨਾਂ ’ਚ ਜਾ ਕੇ ਸ਼ਰਧਾਂਜਲੀ ਭੇਟ ਕਰਨ ਦੀ ਇਹ ਨਿਵੇਕਲੀ ਪਹਿਲ ਹੈ। ਉਨਾਂ ਕਿਹਾ ਕਿ ਇਹ ਸ਼ਰਧਾਜਲੀ ਦਿਵਸ ਸਕੂਲ ਦੇ ਵਿਦਿਆਰਥੀਆਂ ਅਤੇ ਸ਼ਹਿਰ ਵਾਸੀਆਂ ਲਈ ਪ੍ਰੇਰਨਾ ਸਰੋਤ ਸਿੱਧ ਹੋਵੇਗਾ। ਇਸ ਮੌਕੇ ਕਮਿਸ਼ਨਰ ਫਰੀਦਕੋਟ ਡਵੀਜਨ ਸ੍ਰੀ ਸੁਮੇਰ ਸਿੰਘ ਗੁਰਜ਼ਰ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਪੁਲਿਸ ਦੇ ਬਹਾਦਰ ਜਵਾਨ ਹਮੇਸ਼ਾ ਦੇਸ਼ ਵਾਸੀਆਂ ਦੀ ਸੇਵਾ ਲਈ ਤੱਤਪਰ ਰਹਿੰਦੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਪਰਾਸ਼ਰ ਅਤੇ ਡੀ.ਆਈ.ਜੀ ਸ਼੍ਰੀ ਰਜਿੰਦਰ ਸਿੰਘ ਨੇ ਵੀ ਸ਼ਹੀਦ ਦੀ ਤਸਵੀਰ ’ਤੇ ਫੁੱਲ ਮਲਾਵਾਂ ਅਰਪਿਤ ਕੀਤੀਆਂ। ਇਸ ਮੌਕੇ ਰਾਜਪਾਲ ਪੰਜਾਬ ਨੇ ਸਕੂਲ ਦੇ ਪਿ੍ਰੰਸੀਪਲ ਨੂੰ ਵੀ ਸਨਮਾਨਤ ਕੀਤਾ ਅਤੇ ਸਕੂਲ ਦੇ ਪ੍ਰਬੰਧਕ ਸ਼੍ਰੀ ਐਸ.ਕੇ.ਸ਼ਰਮਾ ਨੇ ਸਮਾਗਮ ’ਚ ਸ਼ਾਮਿਲ ਸਾਰੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ, ਵਿਧਾਇਕ ਕੋਟਕਪੂਰਾ ਕੁਲਤਾਰ ਸਿੰਘ ਸੰਧਵਾਂ, ਭਾਈ ਹਰਨਿਰਪਾਲ ਸਿੰਘ ਕੁੱਕੂ ਅਤੇ ਮੁਹੰਮਦ ਸਦੀਕ ( ਦੋਵੇਂ ਸਾਬਕਾ ਵਿਧਾਇਕ) ਭਾਜਪਾ ਜ਼ਿਲਾ ਪ੍ਰਧਾਨ ਸੁਨੀਤਾ ਗਰਗ , ਸੀਨੀਅਰ ਕਾਂਗਰਸੀ ਨੇਤਾ ਪਵਨ ਗੋਇਲ, ਸੁਰਿੰਦਰ ਗੁਪਤਾ,ਮੋਹਣ ਸਿੰਘ ਮੱਤਾ, ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ, ਐਸ. ਡੀ.ਐਮ ਕੋਟਕਪੂਰਾ ਡਾ. ਮਨਦੀਪ ਕੌਰ, ਡੀ. ਐਸ.ਪੀ ਚੰਡੀਗੜ ਪੁਲਿਸ ਯਸ਼ਪਾਲ ਵਿਨਾਇਕ, ਸਮਾਜਸੇਵੀ ਦਵਿੰਦਰ ਕੁਮਾਰ ਨੀਟੂ ਆਦਿ ਹਾਜ਼ਰ ਸਨ।