ਆਂਗਣਵਾੜੀ ਯੂਨੀਅਨ ਦੀ ਮੀਟਿੰਗ ਮੁੱਖ ਮੰਤਰੀ ਨਾਲ ਕਰਵਾ ਕੇ ਮਸਲੇ ਨੂੰ ਹੱਲ ਕੀਤਾ ਜਾਵੇਗਾ-ਸੁਖਜੀਤ ਸਿੰਘ ਕਾਕਾ ਲੋਹਗੜ
ਧਰਮਕੋਟ, 24 ਅਕਤੂਬਰ (ਜਸ਼ਨ)-ਆਂਗਣਵਾੜੀ ਵਰਕਰਜ਼/ਹੈਲਪਰਜ਼ ਯੂਨੀਅਨ ਵੱਲੋਂ ਆਪਣੇ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਵਿਧਾਇਕਾਂ ਦੇ ਘਰਾਂ ਦਾ ਘੇਰਾਓ ਆਰੰਭਿਆ ਗਿਆ ਹੈ । ਇਸੇ ਲੜੀ ਤਹਿਤ ਆਂਗਨਵਾੜੀ ਵਰਕਰਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਹੋਣ ਲਈ ਧਰਮਕੋਟ ਹਲਕੇ ਦੇ ਵਿਧਾਇਕ ਅਤੇ ਦਰਵੇਸ਼ ਸਿਆਸਤਦਾਨ ਕਾਕਾ ਲੋਹਗੜ੍ਹ ਨੇ ਸਮੂਹ ਆਂਗਨਵਾੜੀ ਵਰਕਰਾਂ ਨੂੰ ਪਿੰਡ ਲੋਹਗੜ੍ਹ ਆਪਣੇ ਘਰ ਹੀ ਬੁਲਾ ਕੇ ਸਮੱਸਿਆ ਦੇ ਹੱਲ ਲਈ ਵਚਨ ਦਿੱਤਾ। ਇਸ ਮੌਕੇ ਆਂਗਣਵਾੜੀ ਵਰਕਰਜ਼/ਹੈਲਪਰਜ਼ ਯੂਨੀਅਨ ਬਲਾਕ ਧਰਮਕੋਟ ਵੱਲੋਂ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਵਿਚ ਉਹਨਾਂ ਕਿਹਾ ਕਿ ਸਰਕਾਰ ਨੇ ਪਿੰਡਾਂ ਵਿਚ ਆਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਪੜ੍ਹਾਏ ਜਾਣ ਵਾਲੇ ਬੱਚਿਆਂ ਦਾ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਪਿਛਲੇ 42 ਸਾਲਾਂ ਤੋਂ ਪਿੰਡਾਂ ਵਿਚ ਆਗਣਵਾੜੀ ਵਰਕਰਾਂ ਅਤੇ ਹੈਲਪਰਾਂ ਬੱਚਿਆਂ ਨੂੰ ਪੜ੍ਹਾ ਰਹੀਆਂ ਹਨ ਅਤੇ ਉਹਨਾਂ ਬੱਚਿਆਂ ਦਾ 0 ਤੋਂ 6 ਸਾਲ ਤੱਕ ਦਾ ਸਾਰਾ ਰਿਕਾਰਡ ਬਣਾ ਕੇ ਰੱਖਦੀਆਂ ਆ ਰਹੀਆਂ ਹਨ। ਇਸ ਤੋਂ ਇਲਾਵਾ ਪ੍ਰੀ ਨਰਸਰੀ ਲਈ ਮਿਲੇ ਸਲੇਬਸ ਜੋ ਆਈ.ਸੀ.ਡੀ.ਐਸ. ਵਿਭਾਗ ਰਾਹੀਂ ਮਿਲਿਆ ਹੈ, ਉਸ ਨੂੰ ਉੱਚਿਤ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਆਗਣਵਾੜੀ ਸੈਂਟਰਾਂ ਦੇ ਬੱਚੇ ਸਿੱਖਿਆ ਵਿਭਾਗ ਨੂੰ ਦੇ ਕੇ ਆਗਣਵਾੜੀ ਵਰਕਰਾਂ ਦੇ 35 ਸਾਲ ਦੇ ਤਜਰਬੇ ਦੀ ਖਿੱਲੀ ਉਡਾਈ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਯੂਨੀਅਨ ਵੱਲੋਂ ਪ੍ਰੀ-ਨਰਸਰੀ ਕਲਾਸਾਂ ਦਾ ਵਿਰੋਧ ਨਹੀ ਬਲਕਿ ਵਿਰੋਧ ਤਾਂ ਸਰਕਾਰ ਦੇ ਤਾਨਾਸ਼ਾਹੀ ਫੁਰਮਾਨ ਦਾ ਕੀਤਾ ਹੈ। ਉਨਾਂ ਕਿਹਾ ਕਿ ਇਸ ਵਿਰੋਧ ਦੇ ਚਲਦਿਆਂ 25 ਅਕਤੂਬਰ ਨੂੰ ਡਾ. ਹਰਜੋਤ ਕਮਲ ਹਲਕਾ ਵਿਧਾਇਕ ਮੋਗਾ ਅਤੇ 27 ਅਕਤੂਬਰ ਨੂੰ ਦਰਸ਼ਨ ਸਿੰਘ ਬਰਾੜ ਹਲਕਾ ਵਿਧਾਇਕ ਬਾਘਾ ਪੁਰਾਣਾ ਦੇ ਗ੍ਰਹਿ ਵਿਖੇ ਧਰਨੇ ਦਿੱਤੇ ਜਾਣ ਉਪਰੰਤ 1 ਨਵੰਬਰ ਨੂੰ ਪਾਰਟੀ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਦੇ ਗ੍ਰਹਿ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਵਿਸਵਾਸ਼ ਦਿਵਾਇਆ ਕਿ ਜਲਦ ਹੀ ਯੂਨੀਅਨ ਦੇ ਅਹੁਦੇਦਾਰਾਂ ਦੀ ਵਿਸੇਸ਼ ਮੀਟਿੰਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਕਰਵਾ ਕੇ ਇਸ ਮਸਲੇ ਨੂੰ ਹੱਲ ਕੀਤਾ ਜਾਵੇਗਾ। ਇਸ ਮੌਕੇ ਗਗਨਦੀਪ ਕੌਰ ਨੂਰਪੁਰ, ਗੁਰਮੀਤ ਕੌਰ, ਵਿੱਤ ਸਕੱਤਰ ਗੁਰਚਰਨ ਕੌਰ, ਸੂਬਾ ਸਕੱਤਰ ਬਲਵਿੰਦਰ ਕੌਰ ਖੋਸਾ, ਜ਼ਿਲਾ ਪ੍ਰਧਾਨ ਸ਼ਿੰਦਰ ਕੌਰ, ਕੁਲਵਿੰਦਰ ਕੌਰ ਕੈਲਾ, ਬਲਵਿੰਦਰ ਕੌਰ ਸ਼ੇਰਪੁਰ ਤਾਇਬਾਂ, ਰਣਜੀਤ ਕੌਰ, ਵੀਰਪਾਲ ਕੌਰ, ਸੁਰਜੀਤ ਕੌਰ, ਬਲਜੀਤ ਕੌਰ, ਕਿਰਨਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਬਲਾਕ ਧਰਮਕੋਟ ਦੀਆਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਹਾਜਰ ਸਨ।