ਪੰਜਾਬ ਰਾਜ ਸਬ ਜੂਨੀਅਰ ਬੈਡਮੈਨਟਿਨ ਚੈਪੀਅਨਸ਼ਿਪ ਦਾ ਵਿਧਾਇਕ ਡਾ: ਹਰਜੋਤ ਕਮਲ ਨੇ ਕੀਤਾ ਉਦਘਾਟਨ

ਮੋਗਾ 22 ਅਕਤੂਬਰ:(ਜਸ਼ਨ):ਪੰਜਾਬ ਸਰਕਾਰ ਵੱਲੋਂ ਨੌਜਵਾਨ ਵਰਗ ਨੂੰ ਨਸ਼ਿਆਂ ਦੀ ਲਾਹਣਤ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜਨ ਵਾਸਤੇ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ, ਕਿਉਂਕਿ ਸਾਡੇ ਨੌਜਵਾਨ ਖੇਡਾਂ ਨਾਲ ਜੁੜ ਕੇ ਹੀ ਸਮਾਜਿਕ ਲਾਹਣਤਾਂ ਤੋਂ ਦੂਰ ਰਹਿ ਸਕਦੇ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਸਥਾਨਕ ਟਾਊਨ ਹਾਲ ਵਿਖੇ ਪੰਜਾਬ ਰਾਜ ਸਬ ਜੂਨੀਅਰ ਬੈਡਮੈਨਟਿਨ ਚੈਪੀਅਨਸ਼ਿਪ ਦਾ ਉਦਘਾਟਨ ਕਰਨ ਸਮੇਂ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਅਤੇ ਡਾਇਰੈਕਟਰ ਖੇਡ ਵਿਭਾਗ ਸ. ਕਰਤਾਰ ਸਿੰਘ ਵੀ ਉਚੇਚੇ ਤੌਰ ‘ਤੇ ਮੌਜੂਦ ਸਨ।    ਡਾ: ਹਰਜੋਤ ਕਮਲ ਨੇ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹਨ, ਜੋ ਖਿਡਾਰੀਆਂ ‘ਚ ਆਪਸੀ ਭਾਈਚਾਰਕ ਸਾਂਝ ਪੈਦਾ ਕਰਦੀਆਂ ਹਨ ਅਤੇ ਉਨਾਂ ਨੂੰ ਅਨੁਸਾਸ਼ਨ ‘ਚ ਰਹਿਣਾ ਸਿਖਾਉਦੀਆਂ ਹਨ। ਉਨਾਂ ਕਿਹਾ ਕਿ ਖੇਡਾਂ ਵਿਅਕਤੀ ਨੂੰ ਸਰੀਰਕ ਤੇ ਮਾਨਸਿਕ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ, ਜਿਸ ਨਾਲ ਮਨੁੱਖੀ ਸਰੀਰ ਰਿਸ਼ਟ-ਪੁਸ਼ਟ ਅਤੇ ਕਈ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਖੇਡਾਂ ਦੇ ਖੇਤਰ ‘ਚ ਵੱਡੀਆਂ ਮੱਲਾਂ ਮਾਰ ਕੇ ਮਾਤਾ-ਪਿਤਾ, ਸਮਾਜ, ਸੂਬੇ ਅਤੇ ਦੇਸ਼ ਦਾ ਨਾਂ ਦੁਨੀਆਂ ਭਰ ‘ਚ ਰੋਸ਼ਨ ਕਰਨ। ਇਸ ਮੌਕੇ ਬੈਡਮੈਨਟਿਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਵਿਧਾਇਕ ਡਾ: ਹਰਜੋਤ ਕਮਲ ਅਤੇ ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
  ਜ਼ਿਕਰਯੋਗ ਹੈ ਕਿ ਇਸ ਪੰਜਾਬ ਰਾਜ ਸਬ ਜੂਨੀਅਰ ਬੈਡਮੈਨਟਿਨ ਚੈਪੀਅਨਸ਼ਿਪ ‘ਚ ਸੂਬੇ ਭਰ ਦੇ ਵੱਖ-ਵੱਖ ਜ਼ਿਲਿਆਂ ਦੇ ਅੰਡਰ-11 ਸਾਲ, ਅੰਡਰ-13 ਸਾਲ ਅਤੇ ਅੰਡਰ-15 ਸਾਲ ਦੇ ਲੜਕੇ ਅਤੇ ਲੜਕੀਆਂ ਭਾਗ ਲੈ ਰਹੇ ਹਨ। ਅੱਜ ਅੰਡਰ-11 ਸਾਲ (ਲੜਕਿਆਂ) ਦੇ ਮੁਕਾਬਲਿਆਂ ‘ਚ ਰਿਤਜ਼ ਮੋਗਾ ਨੇ ਆਰੀਅਨ ਅੰਮਿ੍ਰਤਸਰ ਨੂੰ 21-7 ਅਤੇ 21-15 ਨਾਲ ਹਰਾਇਆ। ਇਸੇੇ ਤਰਾਂ ਭਾਰਗਵ ਪਟਿਆਲਾ ਨੇ ਕਿ੍ਰਸ਼ ਮੋਗਾ ਨੂੰ 11-21, 21-19 ਅਤੇ 21-18 ਨਾਲ ਮਾਤ ਦਿੱਤੀ। ਇਸ ਮੌਕੇ ਹੋਰਨਾਂ ਤੋ ਇਲਾਵਾ ਕਾਕਾ ਸੁਖਜਿੰਦਰ ਸਿੰਘ ਬਲਖੰਡੀ, ਪਰਮਪਾਲ ਸਿੰਘ ਸੈਰੀ ਢਿੱਲੋਂ, ਪੀ.ਐਸ.ਤੂਰ, ਬਿੰਦੂ ਸੂਦ, ਬੈਡਮੈਨਟਿਨ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਖਿਡਾਰੀ ਹਾਜ਼ਰ ਸਨ।