ਮਨੀ ਚੇਂਜਰ ਦੀ ਦੁਕਾਨ ’ਚੋਂ ਇਕ ਲੱਖ ਭਾਰਤੀ ਰੁਪਏ ਅਤੇ 25 ਹਜ਼ਾਰ ਵਿਦੇਸ਼ੀ ਡਾਲਰ ਚੋਰੀ
ਮੋਗਾ, 22 ਅਕਤੂਬਰ(ਜਸ਼ਨ) ਮੋਗਾ ਜ਼ਿਲੇ ਦੇ ਕਸਬਾ ਬਾਘਾਪੁਰਾਣਾ ,ਕੋਟਈਸੇਖਾਂ ਅਤੇ ਧਰਮਕੋਟ ਆਦਿ ਵਿਚ ਚੋਰੀਆਂ ਤੋਂ ਪਰੇਸ਼ਾਨ ਲੋਕਾਂ ਨੂੰ ਰਾਹਤ ਨਹੀਂ ਸੀ ਮਿਲੀ ਕਿ ਬੀਤੀ ਰਾਤ ਚੋਰਾਂ ਨੇ ਮੋਗਾ ਸ਼ਹਿਰ ਦੀ ਤਪਤੇਜ ਸਿੰਘ ਮਾਰਕੀਟ ਦੀ ਪ੍ਰੀਤ ਮਨੀ ਚੇਂਜਰ ਦੀ ਦੁਕਾਨ ਤੋਂ ਇਕ ਲੱਖ ਭਾਰਤੀ ਰੁਪਏ ਅਤੇ 25 ਹਜ਼ਾਰ ਵਿਦੇਸ਼ੀ ਡਾਲਰ ਚੋਰੀ ਕਰ ਲਏ। ਪ੍ਰੀਤ ਮਨੀ ਚੇਂਜਰ ਦੇ ਮਾਲਕ ਗੁਰਵਿੰਦਰ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਉਹ ਵਿਦੇਸ਼ੀ ਕਰੰਸੀ ਦਾ ਅਦਾਨ ਪ੍ਰਦਾਨ ਕਰਨ ਦਾ ਕੰਮ ਕਰਦੇ ਹਨ ਅਤੇ ਅੱਜ ਜਦੋਂ ਸਵੇਰੇ ਆਪਣੀ ਦੁਕਾਨ ’ਤੇ ਆਏ ਤਾਂ ਸ਼ਟਰ ਖੋਲਣ ’ਤੇ ਦੁਕਾਨ ਅੰਦਰ ਖਿੱਲਰਿਆਂ ਸਾਮਾਨ ਵੇਖ ਕੇ ਹੈਰਾਨ ਰਹਿ ਗਏ , ਸ਼ੱਕ ਹੋਣ ’ਤੇ ਜਦ ਉਹ ਦੁਕਾਨ ਉੱਪਰ ਗਏ ਤਾਂ ਚਾਦਰ ਵਾਲਾ ਗੇਟ ਟੁੱਟਿਆ ਹੋਇਆ ਸੀ। ਉਹਨਾਂ ਇਸ ਚੋਰੀ ਦੀ ਸੂਚਨਾ ਥਾਣਾ ਸਿਟੀ ਸਾਊਥ ਨੂੰ ਦਿੱਤੀ ਜਿਸ ’ਤੇ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ ।
ਗੁਰਵਿੰਦਰ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਕਾਊਂਟਰ ਵਿਚ ਪਈ ਇਕ ਲੱਖ ਦੇ ਕਰੀਬ ਭਾਰਤੀ ਕਰੰਸੀ ਅਤੇ 25 ਹਜ਼ਾਰ ਡਾਲਰ ਚੋਰੀ ਕਰ ਲਏ । ਉਹਨਾਂ ਦੱਸਿਆ ਕਿ ਦੁਕਾਨ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਤੋਂ ਵਾਰਦਾਤ ਦੀ ਘਟਨਾ ਦਾ ਸਮਾਂ ਰਾਤ 2:18 ਵਜੇ ਦਿਖਾਈ ਦਿੰਦਾ ਹੈ ਪਰ ਚੋਰੀ ਕਰ ਰਿਹਾ ਇਕੋ ਇੱਕ ਨੌਜਵਾਨ ਨਜ਼ਰ ਤਾਂ ਆ ਰਿਹਾ ਹੈ ਪਰ ਉਸ ਦਾ ਮੂੰਹ ਢੱਕਿਆ ਹੋਣ ਕਰਕੇ ਪਹਿਚਾਨਣਾ ਹਾਲ ਦੀ ਘੜੀ ਮੁਸ਼ਕਿਲ ਲੱਗ ਰਿਹਾ ਹੈ। ਉਹਨਾਂ ਦੱਸਿਆ ਕਿ ਉਹ ਅਕਸਰ ਰੋਜ਼ਾਨਾ ਇਕੱਤਰ ਹੋਣ ਵਾਲੀ ਕਰੰਸੀ ਬੈਂਕ ਵਿਚ ਜਮਾ ਕਰਵਾ ਦਿੰਦੇ ਹਨ ਪਰ ਸ਼ਨਿਚਰਵਾਰ ਹੋਣ ਕਰਕੇ ਉਹ ਇਹ ਰਕਮ ਦੁਕਾਨ ਦੇ ਕਾੳੂਂਟਰ ਵਿਚ ਹੀ ਰੱਖ ਗਏ ਜਿਸ ’ਤੇ ਇਹ ਭਾਣਾ ਵਰਤ ਗਿਆ। ਜ਼ਿਕਰਯੋਗ ਹੈ ਚੋਰੀ ਦੀ ਘਟਨਾਵਾਂ ਤੋਂ ਪਰੇਸ਼ਾਨ ਮੋਬਾਈਲਾਂ ਦਾ ਕਾਰੋਬਾਰ ਕਰਨ ਵਾਲੇ ਸ਼ਾਮ ਸਮੇਂ ਮਹਿੰਗੇ ਮੋਬਾਈਲ ਡੱਬਿਆਂ ਵਿਚ ਬੰਦ ਕਰਕੇ ਘਰੀਂ ਲੈ ਜਾਂਦੇ ਹਨ ।