ਅਕਾਲੀ-ਭਾਜਪਾ ਸਰਕਾਰ ਦੀ ਸਿੱਖਿਆ ਪ੍ਰਤੀ ਨੀਤੀ ਦਾ ਹੀ ਸਿੱਟਾ ਹੈ 800 ਸਕੂਲਾਂ ਦਾ ਰਲੇਵਾਂ : ਡਾ. ਤਾਰਾ ਸਿੰਘ ਸੰਧੂ
ਮੋਗਾ, 22 ਅਕਤੂਬਰ (ਜਸ਼ਨ):ਅਕਾਲੀ-ਭਾਜਪਾ ਸਰਕਾਰ ਦੀ ਪਿਛਲੇ ਦਸ ਸਾਲਾਂ ਦੀ ਸਿੱਖਿਆ ਦੇ ਖੇਤਰ ਵਿਚ ਪਹੁੰਚ ਦਾ ਹੀ ਸਿੱਟਾ ਹੈ ਕਿ ਪੰਜਾਬ ਦੇ ਸਰਕਾਰੀ ਵਿੱਦਿਅਕ ਅਦਾਰਿਆਂ ਦਾ ਭੱਠਾ ਬਿਠਾ ਦਿੱਤਾ ਗਿਆ ਹੈ, ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਇਨਾਂ ਵਿੱਦਿਅਕ ਅਦਾਰਿਆਂ ਦਾ ਪੁਨਰਗਠਨ ਕਰਨ ਅਤੇ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਪ੍ਰੀ-ਨਰਸਰੀ ਸਕੀਮ ਸ਼ੁਰੂ ਕੀਤੀ ਹੈ, ਕਿਉਂਕਿ ਪ੍ਰਾਈਵੇਟ ਸਕੂਲਾਂ ਵਿਚ ਪ੍ਰੀ-ਨਰਸਰੀ ਪਹਿਲਾਂ ਤੋਂ ਹੀ ਚੱਲ ਰਹੀ ਹੈ, ਜਿਸ ਕਰਕੇ ਗਰੀਬ ਆਰਥਿਕ ਤੰਗੀ ਵਾਲੇ ਮਾਪੇ ਵੀ ਪ੍ਰਾਈਵੇਟ ਸਕੂਲਾਂ ਵਿਚ ਬੱਚੇ ਪੜਾਉਣ ਲੱਗ ਜਾਂਦੇ ਹਨ, ਜਿਸ ਕਰਕੇ ਪੰਜਾਬ ਸਰਕਾਰ ਨੂੰ ਸਿੱਖਿਆ ਦੇ ਖੇਤਰ ਦੇ ਪੁਨਰਗਠਨ ਅਮਲ ਅਧੀਨ 800 ਸਕੂਲਾਂ ਨੂੰ ਬੰਦ ਨਹੀਂ ਕੀਤਾ ਜਾ ਰਿਹਾ, ਸਗੋਂ ਉਨਾਂ ਦਾ ਰਲੇਵਾਂ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਅਨੁਪਾਤ ਨੂੰ ਸਰਕਾਰੀ ਸਕੂਲਾਂ ਵਿਚ ਦਰੁਸਤ ਕੀਤਾ ਜਾ ਸਕੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਤਾਰਾ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਰਾਜ ਸਮੇਂ 125 ਸਕੂਲ ਬੰਦ ਹੋਏ ਸਨ ਤੇ 250 ਸਰਕਾਰੀ ਸਕੂਲਾਂ ਦਾ ਰਲੇਵਾਂ ਕੀਤਾ ਗਿਆ ਸੀ। ਅੱਜ 200 ਅਜਿਹੇ ਸਰਕਾਰੀ ਸਕੂਲ ਹਨ, ਜਿਨਾਂ ਵਿਚ 10 ਤੋਂ ਵੀ ਘੱਟ ਵਿਦਿਆਰਥੀ ਹਨ। ਸਰਕਾਰੀ ਸਕੂਲ 800 ਅਜਿਹੇ ਹਨ, ਜਿਨਾਂ ਵਿਚ 20 ਤੋਂ ਘੱਟ ਵਿਦਿਆਰਥੀ ਹਨ। ਅਜੇ ਹੋਰ ਵੀ ਘੱਟ ਵਿਦਿਆਰਥੀਆਂ ਵਾਲੇ ਸਕੂਲ ਹਨ, ਜਿਨਾਂ ਦਾ ਰਲੇਵਾਂ ਇਸ ਕਰਕੇ ਨਹੀਂ ਕੀਤਾ ਗਿਆ, ਕਿਉਂਕਿ ਆਰ.ਟੀ.ਈ. ਐਕਟ ਤਹਿਤ ਇਨਾਂ ਸਕੂਲਾਂ ਦੇ ਇਕ ਕਿਲੋਮੀਟਰ ਦੇ ਘੇਰੇ ਅੰਦਰ ਕੋਈ ਦੂਜਾ ਸਕੂਲ ਨਹੀਂ ਪੈਂਦਾ। ਇਨਾਂ 800 ਸਕੂਲਾਂ ਵਿਚੋਂ ਪੰਜਾਬ ਵਿਚ 57 ਸਕੂੁਲ ਅਜਿਹੇ ਹਨ, ਜਿੱਥੇ ਵਿਦਿਆਰਥੀਆਂ ਦੀ ਗਿਣਤੀ 1 ਤੋਂ 5 ਹੈ, ਜਦੋਂਕਿ ਇੱਥੇ 75 ਅਧਿਆਪਕ ਤਾਇਨਾਤ ਹਨ। ਇਸ ਤਰਾਂ ਪੰਜਾਬ ਵਿਚ 141 ਸਕੂਲ ਅਜਿਹੇ ਹਨ, ਜਿੱਥੇ ਵਿਦਿਆਰਥੀਆਂ ਦੀ ਗਿਣਤੀ 6 ਤੋਂ 10 ਹੈ, ਜਦੋਂਕਿ ਇੱਥੇ 191 ਅਧਿਆਪਕ ਤਾਇਨਾਤ ਹਨ। ਇਸੇ ਤਰਾਂ 362 ਸਕੂਲ ਅਜਿਹੇ ਹਨ, ਜਿੱਥੇ ਵਿਦਿਆਰਥੀਆਂ ਦੀ ਗਿਣਤੀ 11 ਤੋਂ 15 ਹੈ। ਜਦੋਂਕਿ ਇਨਾਂ ਲਈ 528 ਅਧਿਆਪਕ ਤਾਇਨਾਤ ਹਨ। ਇਸੇ ਤਰਾਂ 240 ਸਕੂਲ ਅਜਿਹੇ ਹਨ, ਜਿੱਥੇ ਵਿਦਿਆਰਥੀਆਂ ਦੀ ਗਿਣਤੀ 16 ਤੋਂ 19 ਹੈ, ਜਦੋਂਕਿ ਇੱਥੇ 372 ਅਧਿਆਪਕ ਤਾਇਨਾਤ ਹਨ। ਡਾ. ਸੰਧੂ ਨੇ ਕਿਹਾ ਕਿ ਅਧਿਆਪਕ ਜੱਥੇਬੰਦੀਆਂ ਤੇ ਅਧਿਆਪਕਾਂ ਨੂੰ ਵੀ ਆਪਣਾ ਸਵੈ-ਰੀਵਿੳੂ ਕਰਨਾ ਚਾਹੀਦਾ ਹੈ ਕਿ 21ਵੀਂ ਸਦੀ ਆਰਥਿਕਤਾ ਦੀ ਸਦੀ ਹੈ, ਜਿਸ ਵਿਚ ‘ਵਰਕ ਕਲਚਰ’ ਬਹੁਤ ਅਹਿਮੀਅਤ ਰੱਖਦਾ ਹੈ, ਜਿਸ ਸੂਬੇ ਵਿਚ ਇਕ ਪਾਸੇ ਨਿੱਤ ਖੇਤਾਂ ਵਿਚ ਕੰਮ ਕਰਨ ਵਾਲਾ ਕਿਸਾਨ ਕਰਜ਼ੇ ਨਾਲ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੈ, ਉਥੇ ਅਧਿਆਪਕਾਂ ਦਾ ਇਕ ਵੱਡਾ ਹਿੱਸਾ ਸਕੂਲਾਂ ਵਿਚ ਵਿਹਲੜਾਂ ਵਾਂਗ ਬੈਠ ਕੇ ਜ਼ਿੰਦਗੀ ਗੁਜਾਰ ਰਿਹਾ ਹੈ। ਅਜਿਹੇ ਮਾਹੌਲ ਵਿਚ ਸਰਕਾਰੀ ਸਕੂਲਾਂ ਦੇ ਪੁਨਰਗਠਨ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਪਿਛਲੇ ਸੱਤ ਮਹੀਨਿਆਂ ਵਿਚ ਪੀ.ਆਰ.ਟੀ.ਸੀ. ਦੇ ਪੁਨਰਗਠਨ ਨਾ ਕੇਵਲ ਇਸ ਅਦਾਰੇ ਦਾ ਮੁਨਾਫਾ ਵਧਿਆ ਹੈ, ਸਗੋਂ ਮੁਲਾਜ਼ਮਾਂ ਦੇ 292 ਕਰੋੜ ਬਕਾਏ ਵੀ ਦਿੱਤੇ ਗਏ ਹਨ। ਡਾ. ਸੰਧੂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਜਿੱਥੇ ਅਧਿਆਪਕਾਂ ਨੇ ਸਕੂਲ ਨੂੰ ਬਿਹਤਰ ਬਣਾਉਣ ਲਈ ਕੋਸ਼ਿਸ਼ਾਂ ਕੀਤੀਆਂ ਹਨ, ਉੱਥੇ ਸਿੱਟੇ ਹਾਂ-ਪੱਖੀ ਨਿਕਲੇ ਹਨ, ਜਿਵੇਂਕਿ ਈ.ਟੀ.ਟੀ. ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਸਿੱਧੂ ਨੇ ਜਦੋਂ ਗੌਰਮਿੰਟ ਪ੍ਰਾਇਮਰੀ ਸਕੂਲ ਨਿਹਾਲਗੜ ਵਿਚ ਮੁਖੀ ਵਜੋਂ ਜਿੰਮੇਵਾਰੀ ਸੰਭਾਲੀ ਤਾਂ 16 ਬੱਚੇ ਕੁੱਲ ਸਨ ਪ੍ਰੰਤੂ ਅੱਜ ਮੋਗਾ ਜਿਲੇ ਦੇ ਇਸ ਸਕੂਲ ਵਿਚ 400 ਤੋਂ ਵੱਧ ਬੱਚੇ ਹਨ। ਬੱਚਿਆਂ ਦੇ ਵਧਣ ਦਾ ਕਾਰਨ ਸਮੂਹ ਸਟਾਫ ਤੇ ਮੁਖੀ ਦੀ ਮਿਹਨਤ, ਚੰਗੀ ਸਿੱਖਿਆ ਦੇਣ, ਮਾਪਿਆਂ ਤੇ ਬੱਚਿਆਂ ਦਾ ਵਿਸ਼ਵਾਸ਼ ਜਿੱਤਣ ਅਤੇ ਚੰਗਾ ਪ੍ਰਸ਼ਾਸ਼ਨ ਦੇਣ ਦਾ ਹੀ ਸਿੱਟਾ ਹੈ।