ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 29ਵੀਂ ਬਰਸੀ ਮੋਗਾ ਵਿਖੇ ਮਨਾਈ ਗਈ
ਮੋਗਾ,21 ਅਕਤੂਬਰ (ਜਸ਼ਨ)- ਅੱਜ ਮੋਗਾ ਵਿਖੇ ਕਿਰਤੀਆਂ ਦੇ ਹਰਮਨ ਪਿਆਰੇ ਤੇ ਚੇਤੰਨ ਆਗੂ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 29ਵੀਂ ਬਰਸੀ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਵਲੋਂ ਮਨਾਈ ਗਈ। ਸਮਾਗਮ ਵਿੱਚ ਟਰਾਂਸਪੋਰਟ ਕਾਮਿਆਂ ਤੋਂ ਇਲਾਵਾ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸ਼ਾਮਿਲ ਹੋਏ।
ਬਰਸੀ ਸਮਾਗਮ ਵਿੱਚ ਪਹੁੰਚੇ ਕਾਮਰੇਡ ਵਿਦਿਆ ਸਾਗਰ ਗਿਰੀ ਸਕੱਤਰ ਆਲ ਇੰਡੀਆ ਏਟਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਹਾਮੀ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਅੱਤਵਾਦ ਅਤੇ ਵੱਖਵਾਦ ਵਿਰੱੁਧ ਲੜਦਿਆਂ ਸ਼ਹੀਦ ਹੋਏ ਸਨ। ਇਸ ਮੌਕੇ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸਾਥੀ ਗੁਰਦੀਪ ਸਿੰਘ ਮੋਤੀ ਅਤੇ ਸੂਬਾਈ ਜਨਰਲ ਸਕੱਤਰ ਕਾ. ਜਗਦੀਸ਼ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ 1990 ਵਾਲੀ ਟਰਾਂਸਪੋਰਟ ਨੀਤੀ ਲਾਗੂ ਕਰੇ ਅਤੇ ਮਾਣਯੋਗ ਸੁਪਰੀਮ ਕੋਰਟ ਅਤੇ ਹਾਈਕੋਰਟ ਵਲੋਂ ਦਿੱਤੇ ਫੈਸਲੇ ਅਨੁਸਾਰ ਗੈਰ ਕਾਨੂੰਨੀ ਚੱਲ ਰਹੀਆਂ ਬੱਸਾਂ ਨੂੰ ਤੁਰੰਤ ਬੰਦ ਕਰੇ। ਇਸ ਮੌਕੇ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਬਰਾੜ ਅਤੇ ਜਨਰਲ ਸਕੱਤਰ ਕਾ. ਨਿਰਮਲ ਸਿੰਘ ਧਾਲੀਵਾਲ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੀ ਚੋਣਾਂ ਸਮੇਂ ਮਜ਼ਦੂਰਾਂ,ਕਿਸਾਨਾਂ ਅਤੇ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਠੇਕੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ,ਹਰ ਘਰ ਵਿੱਚ ਨੌਕਰੀ ਦੇਣ,ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕਰਨ,ਡੀ.ਏ. ਦੀਆਂ ਕਿਸ਼ਤਾਂ ਅਤੇ ਬਕਾਇਆ ਨਗਦ ਦੇਣ ਬਾਰੇ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ। ਉਹਨਾਂ ਕਿਹਾ ਕਿ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਵਰਗੇ ਰਹਿਬਰਾਂ ਦੇ ਰਾਹ ’ਤੇ ਚੱਲ ਕੇ ਹੱਕ ਪ੍ਰਾਪਤ ਕੀਤੇ ਜਾ ਸਕਦੇ ਹਨ । ਉਹਨਾ ਕਿਹਾ ਕਿ ਗਰੀਬਾਂ ਨੂੰ ਸਿੱਖਿਆ ਅਤੇ ਸਿਹਤ ਸੇਵਾਵਾਂ ਮੁੱਫਤ ਦੇਣ ਦੀ ਬਜਾਏ ਬੋਲਣ ਦਾ ਹੱਕ ਵੀ ਖੋਹਿਆ ਜਾ ਰਿਹਾ ਹੈ। ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਮੁਖ ਸਲਾਹਕਾਰ ਕਾਮਰੇਡ ਜਗਰੂਪ ਅਤੇ ਪੰਜਾਬ ਸਾਹਿਤ ਸਭਾ ਦੇ ਪ੍ਰਧਾਨ ਪ੍ਰੋ.ਸੁਖਦੇਵ ਸਿਰਸਾ ਨੇ ਕਿਹਾ ਕਿ ਪੰਜਾਬ ਦੇ ਮਾੜੇ ਹਾਲਤਾਂ ਵਿਚੋਂ ਸਾਹਿਤ ਵੀ ਨਿਘਾਰ ਵੱਲ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰਾਂ ਦੀ ਵੱਡੀ ਗਿਣਤੀ ਅੱਗੋਂ ਹੋਰ ਸਮਾਜਿਕ ਅਲਾਮਤਾਂ ਦਾ ਕਾਰਨ ਬਣ ਰਹੀ ਹੈ, ਇਸ ਲਈ ਹਰ ਇੱਕ ਨੂੰ ਕੰਮ ਦੇਣ ਲਈ ਸ਼ਹੀਦ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਐਕਟ ਨੂੰ ਪਾਰਲੀਮੈਂਟ ਰਾਹੀਂ ਪਾਸ ਕਰਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਬਲਕਰਨ ਮੋਗਾ,ਇੰਦਰਜੀਤ ਭਿੰਡਰ ਆਦਿ ਨੇ ਆਖਿਆ ਕਿ ਕੇਂਦਰ ਸਰਕਾਰ ਵਲੋਂ ਨੋਟਬੰਦੀ ਅਤੇ ਜੀ.ਐਸ.ਟੀ ਦੇ ਫੈਸਲੇ ਨਾਲ ਜਿਥੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਹੋਇਆ ਹੈ ਉਥੇ ਕਰੋੜਾਂ ਕਿਰਤੀ ਕੰਮ ਤੋਂ ਬਾਹਰ ਹੋ ਗਏ ਹਨ। ਇਸ ਮੌਕੇ ਰੁਜ਼ਗਾਰ ਪ੍ਰਾਪਤੀ ਸਭਿਆਚਾਰਕ ਮੰਚ ਮੋਗਾ ਦੀ ਟੀਮ ਵਲੋਂ ਨਾਟਕ ਅਤੇ ਕੋਰਿਓਗਰਾਫੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਉਘੇ ਸਾਹਿਤਕਾਰ ਪ੍ਰੋ.ਸੁਖਦੇਵ ਸਿੰਘ ਸਿਰਸਾ ਅਤੇ ਮਹਿੰਦਰ ਸਾਥੀ ਨੂੰ ਉਹਨਾਂ ਦੀਆਂ ਵੱਡਮੁਲੀਆਂ ਸਾਹਿਤਕ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਦੀ ਕਾਰਵਾਈ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਕਾ. ਜਗਦੀਸ਼ ਸਿੰਘ ਚਾਹਲ ਨੇ ਨਿਭਾਈ। ਸੰਬੋਧਨ ਕਰਨ ਵਾਲੇ ਆਗੂਆਂ ਵਿੱਚ ਕੁਲਦੀਪ ਸਿੰਘ ਹੁਸ਼ਿਆਰਪੁਰ, ਸੁਖਦਵੇ ਸ਼ਰਮਾ,ਉਤੱਮ ਸਿੰਘ ਬਾਗੜੀ,ਹਰਭਜਨ ਸਿੰਘ ਪ੍ਰਧਾਨ ਬਿਜਲੀ ਬੋਰਡ,ਬਲਕਾਰ ਵਲਟੋਹਾ ਅਧਿਆਪਕ ਆਗੂ,ਰਣਜੀਤ ਰਾਣਵਾਂ ਜਨਰਲ ਸਕੱਤਰ ਫੋਰਥ ਕਲਾਸ ਇੰਪਲਾਈਜ਼,ਦਰਸ਼ਨ ਸਿੰਘ ਟੂਟੀ, ਅਵਤਾਰ ਸਿੰਘ ਤਾਰੀ,ਬਲਕਰਨ ਮੋਗਾ,ਗੁਰਮੇਲ ਮੈਡਲੇ,ਪੋਹਲਾ ਸਿੰਘ ਬਰਾੜ,ੁਗੁਰਮੀਤ ਧਾਲੀਵਾਲ,ਸੁਖਜਿੰਦਰ ਮਹੇਸਰੀ, ਗੁਰਚਰਨ ਕੌਰ ਆਂਗਨਵਾੜੀ ਆਗੂ,ਬਚਿੱਤਰ ਸਿੰਘ ਧੋਥੜ,ਸੁਰਿੰਦਰ ਸਿੰਘ ਬਰਾੜ,ਇੰਦਰਜੀਤ ਭਿੰਡਰ,ਜਸਪਾਲ ਪਾਲੀ,ਗੁਰਜੰਟ ਕੋਕਰੀ, ਆਦਿ ਹਾਜ਼ਰ ਸਨ।