ਮੋਗਾ ਨੇੜੇ ਵਾਪਰੇ ਸੜਕ ਹਾਦਸੇ ’ਚ ਸਾਬਕਾ ਕੌਂਸਲਰ ਅਤੇ ਉਸ ਦੀ ਪਤਨੀ ਦੀ ਮੌਤ,ਪੁੱਤਰ ਗੰਭੀਰ

ਮੋਗਾ,21 ਅਕਤੂਬਰ (ਜਸ਼ਨ)- ਅੱਜ ਮੋਗਾ ਨੇੜਲੇ ਲੁਹਾਰਾ ਚੌਂਕ ਅਤੇ ਲੰਢੇਕੇ ਪਿੰਡ ਦਰਮਿਆਨ ਮੋਗਾ ਅਮਿ੍ਰਤਸਰ ਰੋਡ ’ਤੇ ਵਾਪਰੇ ਭਿਆਨਕ  ਸੜਕ ਹਾਦਸੇ ਵਿਚ ਸਾਬਕਾ ਕੌਂਸਲਰ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ ਜਦਕਿ ਉਹਨਾਂ ਦਾ ਪੁੱਤਰ ਗੰਭੀਰ ਜ਼ਖਮੀ ਹੋ ਗਿਆ। ਨਗਰ ਨਿਗਮ ਦੇ ਕੌਂਸਲਰ ਗੋਵਰਧਨ ਪੋਪਲੀ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਆਖਿਆ ਕਿ  ਰਾਜ ਬਹਾਦਰ ਬਾਂਸਲ ਸਾਬਕਾ ਕੌਂਸਲਰ (68) ਅਤੇ ਉਸ ਦੀ ਪਤਨੀ ਆਸ਼ਾ ਬਾਂਸਲ (64) ਵਸਨੀਕ ਸਿਵਲ ਲਾਈਨ ਮੋਗਾ ਆਪਣੇ ਬੇਟੇ ਅਵਨੀਤ ਬਾਂਸਲ ਨਾਲ ਜਲੰਧਰ ਤੋਂ ਆਪਣੀ ਕਾਰ ’ਤੇ ਸਵਾਰ ਹੋ ਕੇ ਵਾਪਸ ਮੋਗਾ ਆ ਰਹੇ ਸਨ ਕਿ ਜਦੋਂ ਮੋਗਾ ਨਜਦੀਕ ਪਹੁੰਚੇ ਤਾਂ ਲੁਹਾਰਾ ਚੌਕ ਨਜਦੀਕ ਉਨਾਂ ਦੀ ਕਾਰ ਬੇਕਾਬੂ ਹੋ ਕੇ ਇਕ ਦਰਖਤ ਨਾਲ ਟਕਰਾ ਗਈ ਜਿਸ ਕਾਰਨ ਰਾਜ ਬਹਾਦਰ ਬਾਂਸਲ ਅਤੇ ਉਨਾਂ ਦੀ ਪਤਨੀ ਆਸ਼ਾ ਬਾਂਸਲ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਉਨਾਂ ਦਾ ਪੁੱਤਰ ਅਵਨੀਤ ਬਾਂਸਲ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਮੋਗਾ ਦੇ ਇਕ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਭੇਜ ਦਿੱਤਾ ਗਿਆ ਹੈ।

ਕੌਂਸਲਰ ਪੋਪਲੀ ਨੇ ਦੱਸਿਆ ਕਿ ਰਾਜ ਬਹਾਦਰ ਬਾਂਸਲ ਕਿਡਨੀ ਦੀ ਬੀਮਾਰੀ ਤੋਂ ਪੀੜਤ ਸਨ ਅਤੇ ਅੱਜ ਜਲੰਧਰ ਵਿਖੇ ਡਾਇਲੈਸਿਸ ਕਰਵਾਉਣ ਲਈ ਗਏ ਸਨ ਪਰ ਉੱਥੇ ਮਸ਼ੀਨਾਂ ਖਰਾਬ ਹੋਣ ਕਾਰਨ ਉਹਨਾਂ ਨੂੰ ਮੋਗਾ ਜ਼ੀਰਾ ਰੋਡ ’ਤੇ ਸਥਿਤ ਡਾ: ਸੰਦੀਪ ਦੇ ਗਰਗ ਹਸਪਤਾਲ ਤੋਂ ਡਾਇਲੈਸਿਸ ਕਰਵਾਉਣ ਦੀ ਸਲਾਹ ਦਿੱਤੀ ਗਈ ਪਰ ਵਾਪਸੀ ਵੇਲੇ ਇਹ ਭਾਣਾ ਵਾਪਰ ਗਿਆ। ਉਹਨਾਂ ਦੱਸਿਆ ਕਿ ਰਾਜ ਬਹਾਦਰ ਬਾਂਸਲ  ਮੋਗਾ ਦੇ ਨਗਰ ਨਿਗਮ ਬਣਨ ਤੋਂ ਪਹਿਲਾਂ ਕੌਂਸਲਰ ਰਹੇ ਅਤੇ ਇਸ ਵਾਰ ਉਹਨਾਂ ਦੀ ਸੁਪਤਨੀ ਸ਼੍ਰੀਮਤੀ ਆਸ਼ਾ ਬਾਂਸਲ ਨੇ ਵੀ ਕੌਂਸਲਰ ਵਜੋਂ ਚੋਣ ਲੜੀ ਸੀ ਪਰ ਸਫਲ ਨਹੀਂ ਸੀ ਹੋ ਸਕੇ। ਉਹਨਾਂ ਦੱਸਿਆ ਕਿ ਰਾਜ ਬਹਾਦਰ ਬਾਂਸਲ ਬੇਹੱਦ ਸ਼ਰੀਫ ਅਤੇ ਮਿਲਾਪੜੇ ਸੁਭਾਅ ਦੇ ਵਿਅਕਤੀ ਸਨ ਅਤੇ ਉਹਨਾਂ ਦੀ ਮੌਤ ਨਾਲ ਮੋਗਾ ਸ਼ਹਿਰ ਵਿਚ ਸ਼ੋਕ ਦਾ ਆਲਮ ਹੈ।