ਮੋਗਾ ਪੁਲਿਸ ਨੇ ਚੋਰੀ ਦੀਆਂ ਪੰਜ ਬੰਦੂਕਾਂ ਕੀਤੀਆਂ ਬਰਾਮਦ ,ਦੋ ਗਿ੍ਰਫਤਾਰ ,ਤਾਰ ਮਲੇਰਕੋਟਲਾ ਦੇ ਗੈਂਗਸਟਰ ਦਾਹੀਆ ਖਾਨ ਨਾਲ ਜੁੜੇ

ਮੋਗਾ,21 ਅਕਤੂਬਰ (ਜਸ਼ਨ)-ਮੋਗਾ ਪੁਲਿਸ ਨੇ ਅੱਜ ਉਸ ਸਮੇਂ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਪਿਛਲੇ ਦਿਨੀਂ 7 ਅਤੇ 8 ਅਕਤੂਬਰ ਦੀ ਰਾਤ ਨੂੰ ਬਾਘਾ ਪੁਰਾਣਾ ਦੇ ਸਿੱਧੂ ਗੰਨ ਹਾੳੂਸ ਤੋਂ ਚੋਰੀ ਕੀਤੀਆਂ ਗਈਆਂ 12 ਬੋਰ ਦੀਆਂ 5 ਬੰਦੂਕਾਂ ਬਰਾਮਦ ਕਰ ਲਈਆਂ । ਅੱਜ ਐੱਸ ਐੱਸ ਪੀ ਦਫਤਰ ਵਿਖੇ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਜ਼ਿਲਾ ਪੁਲਿਸ ਮੁਖੀ ਰਾਜਜੀਤ ਸਿੰਘ ਹੁੰਦਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਪੀ.ਡੀ. ਵਜ਼ੀਰ ਸਿੰਘ, ਡੀ.ਐਸ.ਪੀ. ਇਨਵੈਸਟੀਗੇਸ਼ਨ ਸਰਬਜੀਤ ਸਿੰਘ ਬਾਹੀਆ ਅਤੇ ਥਾਣਾ ਬਾਘਾ ਪੁਰਾਣਾ ਦੇ ਐਸ.ਐਚ.ਓ. ਕਿੱਕਰ ਸਿੰਘ ਦੀ ਸ਼ਮੂਲੀਅਤ ਵਾਲੀ ਸਪੈਸ਼ਲ ਟੀਮ ਨੇ ਖੁਫ਼ੀਆ ਰਿਪੋਰਟ ਮਿਲਣ ’ਤੇ ਪਿੰਡ ਗਿੱਲ ਦੇ ਸੂਆ ਪੁਲ ’ਤੇ ਨਾਕਾਬੰਦੀ ਕਰਕੇ ਮੋਟਰਸਾਈਕਲ ਸਵਾਰ ਬੱਬੂ ਸਿੰਘ ਪੁੱਤਰ ਹਰਨੇਕ ਸਿੰਘ ਵਸਨੀਕ ਮਹੰਤਾਂ ਵਾਲੀ ਗਲੀ ਬਾਘਾ ਪੁਰਾਣਾ ਅਤੇ ਜਸਪ੍ਰੀਤ ਸਿੰਘ ਉਰਫ਼ ਕਾਲੂ ਪੁੱਤਰ ਮਲਕੀਤ ਸਿੰਘ ਅੰਬੇਡਕਰ ਨਗਰ ਫ਼ਰੀਦਕੋਟ ਨੂੰ ਕਾਬੂ ਕਰ ਲਿਆ ਅਤੇ ਜਦੋਂ ਉਨਾਂ ਤੋਂ ਪੁੱਛਗਿੱਛ ਕੀਤੀ ਤਾਂ ਉਨਾਂ ਨੇ ਚੋਰੀ ਦੇ ਅਸਲੇ ਸਬੰਧੀ ਇਸ ਚੋਰੀ ਦਾ ਖੁਲਾਸਾ ਕੀਤਾ ਅਤੇ ਮਲੇਰ ਕੋਟਲਾ ਦੇ ਗੈਂਗਸਟਰ ਦਾਹੀਆ ਖਾਨ ਨਾਲ ਸਬੰਧ ਰੱਖਣ ਵਾਲੇ ਅਮਨਦੀਪ ਸਿੰਘ ਉਰਫ਼ ਅਮਨਾ ਪੁੱਤਰ ਗੁਰਜੰਟ ਸਿੰਘ ਵਾਸੀ ਡੋਗਰ ਬਸਤੀ ਫ਼ਰੀਦਕੋਟ ਨੂੰ ਵੀ ਇਸ ਵਿਚ ਸ਼ਾਮਿਲ ਦੱਸਿਆ ਅਤੇ ਇਨਾਂ ਵੱਲੋਂ ਦਿੱਤੀ ਗਈ ਜਾਣਕਾਰੀ ’ਤੇ ਮੋਗਾ ਪੁਲਿਸ ਨੇ ਚੋਰੀ ਕੀਤੀਆਂ 12 ਬੋਰ ਦੀਆਂ ਪੰਜ ਬੰਦੂਕਾਂ ਬਰਾਮਦ ਕਰ ਲਈਆਂ। ਜ਼ਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਉਕਤ ਤਿੰਨਾਂ ਮੁਲਜ਼ਮਾਂ ’ਤੇ ਵੱਖ-ਵੱਖ ਥਾਣਿਆਂ ਵਿਚ ਅਪਰਾਧਿਕ  ਮੁਕੱਦਮੇ ਵੀ ਦਰਜ ਹਨ। ਜ਼ਿਲਾ ਪੁਲਿਸ ਮੁਖੀ ਰਾਜਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਇਨਾਂ ਦੇ ਤੀਜੇ ਸਾਥੀ ਅਮਨਦੀਪ ਸਿੰਘ ਉਰਫ਼ ਅਮਨਾ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।