ਕੋਰਟ ਦੀ ਪਾਬੰਦੀ ਦੇ ਬਾਵਜੂਦ ਬਿਨ੍ਹਾਂ ਮੰਨਜੂਰੀ ਦੇ ਬਾਜ਼ਾਰਾਂ ‘ਚ ਸ਼ਰੇਆਮ ਵਿਕੇ ਪਟਾਕੇ
ਸਮਾਲਸਰ,21 ਅਕਤੂਬਰ (ਗਗਨਦੀਪ)-ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਦੀਵਾਲੀ ਦੇ ਤਿਉਹਾਰ ‘ਤੇ ਪਟਾਕਿਆਂ ਦੀ ਵਿਕਰੀ ਸਬੰਧੀ ਜਾਰੀ ਕੀਤੀਆਂ ਹਦਾਇਤਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਦੁਕਾਨਦਾਰਾਂ ਨੇ ਪਟਾਕਿਆਂ ਦੇ ਸਟਾਲ ਵੀ ਲਾਏ ਅਤੇ ਦੋ ਦਿਨ ਪਟਾਕਿਆਂ ਦੀ ਖੁੱਲੀ ਸੇਲ ਵੀ ਕੀਤੀ,ਪਰ ਪ੍ਰਸ਼ਾਸ਼ਨ ਦੁਆਰਾ ਕੀਤੇ ਦਾਅਵਿਆਂ ਮੁਤਾਬਕ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਸਬੰਧੀ ਕੋਈ ਸਖਤੀ ਨਜ਼ਰ ਨਹੀਂ ਆਈ, ਸਗੋਂ ਪੁਲਿਸ ਮੁਲਾਜ਼ਮ ਬੇਫਿਕਰੀ ਨਾਲ ਹੱਸ ਖੇਡ ਕੇ ਪਟਾਕੇ ਵੇਚਣ ਵਾਲਿਆਂ ਦੀ ਨਿਗਰਾਨੀ ਕਰ ਰਹੇ ਸਨ। ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਰਹੀ ਕਿ ਥਾਣਾ ਮੁਖੀ ਸਮਾਲਸਰ ਨੇ ਖੁਦ ਦੱਸਿਆ ਕਿ ਕਿਸੇ ਕੋਲ ਪਟਾਕੇ ਵੇਚਣ ਦੀ ਮੰਨਜੂਰੀ ਨਹੀਂ ਸੀ ਫੇਰ ਵੀ ਬਾਜਾਰ ‘ਚ ਪਟਾਕੇ ਵੇਚੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਪਟਾਕਿਆਂ ਦੇ ਸਟਾਲ ਖਾਲੀ ਕਰਵਾ ਕੇ ਆਏ ਸੀ ਅੱਜ ਫੇਰ ਦੁਬਾਰਾ ਲੱਗ ਗਏ ਤਾਂ ਦੱਸੋ ਕੀ ਕਰੀਏ। ਸੂਤਰਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੁਲਿਸ ਦੀਵਾਲੀ ਤੋਂ ਪਹਿਲੇ ਦਿਨ ਪੂਰੀ ਸਖਤੀ ਨਾਲ ਕਾਰਵਾਈ ਕਰਨ ਦੇ ਮੂਡ ਵਿੱਚ ਸੀ ਪਰ ਮੌਕੇ ‘ਤੇ ਦੁਕਾਨਦਾਰਾਂ ਨੇ ਜਾ ਕੇ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਅਤੇ ਨੁਕਸਾਨ ਦਾ ਹਵਾਲਾ ਦੇ ਕੇ ਪਟਾਕੇ ਵੇਚਣ ਦੀ ਛੋਟ ਦੇਣ ਲਈ ਤਰਲੇ ਮਿੰਨਤਾਂ ਕੀਤੇ।
ਛੋਟ ਹਾਸਿਲ ਕਰਨ ਲਈ ਦੁਕਾਨਦਾਰਾਂ ਨੂੰ ਦੁਕਾਨਦਾਰ ਯੂਨੀਅਨ ਦੇ ਸਾਬਕਾ ਪ੍ਰਧਾਨ ਦਾ ਸਾਥ ਮਿਲਿਆ ਜਿਸ ਨੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਸਾਹਮਣੇ ਆਪਣੀ ਕਰਿਆਨੇ ਦੀ ਦੁਕਾਨ ਅੱਗੇ ਖੁਦ ਪਟਾਕੇ ਵੇਚਣ ਦੀ ਵੱਡੀ ਸਟਾਲ ਲਾਈ ਹੋਈ ਸੀ। ਸੂਤਰ ਇਹ ਵੀ ਦੱਸਦੇ ਹਨ ਕਿ ਸਾਬਕਾ ਪ੍ਰਧਾਨ ਦੀ ਹਮਾਇਤ ਨਾਲ ਦੁਕਾਨਦਾਰਾਂ ਨੇ ਹਲਕਾ ਵਿਧਾਇਕ ਤੋਂ ਫੋਨ ਕਰਵਾਇਆ ਅਤੇ ਫੇਰ ਸਾਰੇ ਦੁਕਾਨਦਾਰਾਂ ਨੇ ਪੁਲਿਸ ਨੂੰ ਪੈਸੇ ਦੇ ਕੇ ਪਟਾਕੇ ਵੇਚਣ ਦੀ ਛੋਟ ਪ੍ਰਾਪਤ ਕੀਤੀ। ਸੂਤਰ ਦੱਸਦੇ ਹਨ ਕਿ ਥਾਣਾ ਮੁਖੀ ਸਮਾਲਸਰ ਨੇ ਦੁਕਾਨਦਾਰਾਂ ਨੂੰ ਕਿਹਾ ਸੀ ਕਿ ਮੀਡੀਆ ਦੀ ਨਜ਼ਰ ਬਾਜ਼ਾਰਾਂ ਵਿੱਚ ਵਿੱਕ ਰਹੇ ਨਜਾਇਜ਼ ਪਟਾਕਿਆਂ ’ਤੇ ਹੈ ਪਰ ਮੀਡੀਆ ਨੂੰ ਕੰਟਰੋਲ ਕਰਨ ਦਾ ਜਿੰਮਾ ਵੀ ਯੂਨੀਅਨ ਦੇ ਸਾਬਕਾ ਪ੍ਰਧਾਨ ਨੇ ਹੀ ਲਿਆ । ਸਾਬਕਾ ਪ੍ਰਧਾਨ ਨੇ ਥਾਣਾ ਮੁਖੀ ਨੂੰ ਵਿਸ਼ਵਾਸ ਦਵਾਇਆ ਕਿ ਪੱਤਰਕਾਰਾਂ ਨਾਲ ਆਪੇ ਗੱਲ ਕਰ ਲਵਾਂਗੇ, ਤੁਸੀ ਇੱਕ ਵਾਰੀ ਛੋਟ ਦੇ ਦਿਉ।
ਐਸ.ਡੀ.ਐਮ. ਬਾਘਾਪੁਰਾਣਾ ਨੇ ਫੋਨ ਨਹੀਂ ਚੁੱਕਿਆ
ਇਸ ਬਾਰੇ ਜਾਣਕਾਰੀ ਹਾਸਿਲ ਕਰਨ ਅਤੇ ਇਤਲਾਹ ਕਰਨ ਲਈ ਅਮਰਬੀਰ ਸਿੱਧੂ, ਐਸ.ਡੀ.ਐਮ. ਬਾਘਾਪੁਰਾਣਾ ਨੂੰ ਕਈ ਫੋਨ ਮਿਲਾਇਆ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ ਤਾਂ ਫੇਰ ਸੁਪਰਡੈਂਟ ਤੇਜਿੰਦਰ ਸਿੰਘ ਨਾਲ ਗੱਲ ਹੋਈ। ਉਨ੍ਹਾਂ ਥਾਣਾ ਮੁਖੀ ਸਮਾਲਸਰ ਨਾਲ ਗੱਲ ਕਰਨ ਦਾ ਭਰੋਸਾ ਦੇ ਕੇ ਫੋਨ ਕੱਟ ਦਿੱਤਾ। ਲੇਕਿਨ ਭਰੋਸਾ ਮਿਲਣ ਮਗਰੋਂ ਕਿਸੇ ਤਰ੍ਹਾਂ ਦੀ ਕਾਰਵਾਈ ਫਿਰ ਵੀ ਨਹੀਂ ਕੀਤੀ। ਜਿਸ ਤੋਂ ਸਾਫ ਹੋ ਗਿਆ ਕਿ ਮਾਮਲਾ ਉਹੀ ਹੈ ਜੋ ਸੂਤਰ ਦੱਸਦੇ ਹਨ।
ਪਿਛਲੀ ਵਾਰ ਨਾਲੋਂ ਕਾਫੀ ਘੱਟ ਗਈ ਪਟਾਕਿਆਂ ਦੀ ਸੇਲ
ਪਟਾਕਿਆਂ ਦੀ ਸਟਾਲ ਲਾਉਣ ਵਾਲੇ ਦੁਕਾਨਦਾਰਾਂ ਮੁਤਾਬਕ ਇਸ ਵਾਰ ਸੇਲ ਕਾਫੀ ਜਿਆਦਾ ਘੱਟ ਗਈ। ਇੰਨੀ ਮੁਸ਼ੱਕਤ ਨਾਲ ਸਟਾਲਾਂ ਲਾ ਕੇ ਐਂਤਕੀ ਪਿਛਲੀ ਵਾਰੀ ਨਾਲੋਂ ਅੱਧੇ ਪਟਾਕੇ ਵੀ ਨਹੀਂ ਵਿਕੇ। ਉਨ੍ਹਾਂ ਸਰਕਾਰ ਪ੍ਰਤੀ ਆਪਣਾ ਰੋਸ ਜਾਹਿਰ ਕਰਦਿਆਂ ਕਿਹਾ ਕਿ ਜੇਕਰ ਇਹ ਪਾਬੰਦੀ ਲਾਉਣੀ ਹੀ ਸੀ ਤਾਂ ਰੱਖੜੀ ਦੇ ਤਿਉਹਾਰ ਤੋਂ ਤੁਰੰਤ ਬਾਅਦ ਲੱਗ ਜਾਣੀ ਚਾਹੀਦੀ ਸੀ, ਕਿਉਕਿਂ ਰੱਖੜੀ ਲੰਘ ਜਾਣ ਮਗਰੋਂ ਹੀ ਹੋਲ ਸੇਲ ਵਾਲਿਆਂ ਨੇ ਦੀਵਾਲੀ ਦਾ ਮਾਲ ਭੇਜਣਾ ਸ਼ੁਰੂ ਕਰ ਦਿੱਤਾ ਸੀ। ਇਸ ਤਰ੍ਹਾਂ ਮੌਕੇ ‘ਤੇ ਪਾਬੰਦੀ ਲਾਉਣ ਨਾਲ ਸਾਡਾ ਲੱਖਾਂ ਦਾ ਮਾਲ ਅੰਦਰ ਪਿਆ ਬਰਬਾਦ ਹੋਣ ਦੀ ਨੌਬਤ ਆ ਗਈ।
ਪ੍ਰਦੂਸ਼ਣ ਦੀ ਮਾਤਰਾ ਵੀ ਬਹੁਤ ਘੱਟ ਰਹੀ ਦੀਵਾਲੀ ‘ਤੇ
ਹਰ ਸਾਲ ਦੀਵਾਲੀ ਵਾਲੇ ਦਿਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਅਤੇ ਸਾਹ ਲੈਣਾ ਕਾਫੀ ਜਿਆਦਾ ਮੁਸ਼ਕਿਲ ਹੋ ਜਾਂਦਾ ਹੈ। ਪਰ ਕੋਰਟ ਦੁਆਰਾ ਲਾਈ ਗਈ ਪਾਬੰਦੀ ਦਾ ਅਸਰ ਸਾਫ ਨਜਰ ਆਇਆ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਪਟਾਕੇ ਚਲਾਉਣ ਤੋਂ ਤੌਬਾ ਕਰ ਲਈ ਅਤੇ ਕਈਆਂ ਨੇ ਪਟਾਕੇ ਚਲਾਏ ਜਰੂਰ ਪਰ ਪਿਛਲੇ ਸਾਲਾਂ ਨਾਲੋਂ ਕਾਫੀ ਘੱਟ ਚਲਾਏ। ਇਸ ਵਜ੍ਹਾ ਨਾਲ ਦੀਵਾਲੀ ਵਾਲੇ ਦਿਨ ਪੰਜਾਬ ਅੰਦਰ ਪ੍ਰਦੂਸ਼ਣ ਦੀ ਮਾਤਰਾ ਪਿਛਲੇ ਸਾਲਾਂ ਨਾਲੋਂ ਬਹੁਤ ਹੀ ਘੱਟ ਰਹੀ, ਜੋ ਕਿ ਖੁਸ਼ੀ ਦੀ ਗੱਲ ਹੈ।