ਲੁਧਿਆਣਾ ’ਚ ਆਰ ਐੱਸ ਐੱਸ ਆਗੂ ਰਵਿੰਦਰ ਗੋਸਾਂਈ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ

ਲੁਧਿਆਣਾ,17 ਅਕਤੂਬਰ (ਜਸ਼ਨ )-ਅੱਜ ਮੰਗਲਵਾਰ ਦੀ ਸਵੇਰ ਅਗਿਆਤ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਲੁਧਿਆਣਾ ਦੇ ਕੈਲਾਸ਼ ਨਗਰ ਦੀ ਗਗਨਦੀਪ ਕਲੋਨੀ ’ਚ  ਆਰ ਐੱਸ ਐੱਸ ਆਗੂ ਰਵਿੰਦਰ ਗੋਸਾਂਈ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਜੋਧੇਵਾਲ ਦੇ ਅਧੀਨ ਆਉਂਦੇ ਇਸ ਇਲਾਕੇ ਵਿਚ ਵਾਪਰੀ ਇਸ ਘਟਨਾ ਨਾਲ ਆਮ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਘਟਨਾ ਦੇ ਤੁਰੰਤ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਆਰ ਐੱਨ ਡੋਕ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਕਿ ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਜਾ ਸਕੇ। ਮੁੱਢਲੀ ਜਾਂਚ ਦੌਰਾਨ ਪਾਇਆ ਗਿਆ ਹੈ ਕਿ ਦੋ ਹਮਲਾਵਰਾਂ ਨੇ ਗੋਸਾਂਈ ’ਤੇ ਅੰਨੇਵਾਹ ਗੋਲੀਆਂ ਨਾਲ ਚਲਾਈਆਂ ਜਦੋਂ ਉਹ ਆਰ ਐੱਸ ਐੱਸ ਦੀ  ਰੋਜ਼ਾਨਾ ਸ਼ਾਖਾ ਵਿਚ ਹਾਜ਼ਰੀ ਲਗਵਾ ਕੇ ਵਾਪਸ ਪਰਤ ਰਹੇ ਸਨ। ਘਟਨਾ ਨੂੰ ਅੰਜਾਮ ਦੇਣ ਉਪਰੰਤ ਨੌਜਵਾਨ ਫਰਾਰ ਹੋ ਗਏ। 


ਲੁਧਿਆਣਾ ਤੋਂ ਭਾਜਪਾ ਦੇ ਜ਼ਿਲਾ ਪ੍ਰਧਾਨ ਰਵਿੰਦਰ ਅਰੋੜਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਵਿਸ਼ੇਸ਼ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 58 ਸਾਲਾ ਰਵਿੰਦਰ ਗੋਸਾਂਈ ਮੋਹਨ ਸਾਖਾ ਸੁਖਦੇਵ ਦੇ ਮੁੱਖ ਸਿੱਖਿਅਕ ਸਨ ਅਤੇ ਪਿਛਲੇ 40 ਸਾਲਾਂ ਤੋਂ ਰਾਸ਼ਟਰੀ ਸਵੈਯਮ ਸੰਘ ਨਾਲ ਜੁੜ ਕੇ ਸੇਵਾਵਾਂ ਨਿਭਾਅ ਰਹੇ ਸਨ। ਉਹਨਾਂ ਦੱਸਿਆ ਕਿ 18 ਸਾਲ ਦੀ ਉਮਰ ਵਿਚ ਆਰ ਐੱਸ ਐੱਸ ਨਾਲ ਜੁੜਨ ਵਾਲੇ ਰਵਿੰਦਰ ਗੋਸਾਂਈ ਆਈ ਟੀ ਸੈੈੱਲ ਭਾਜਪਾ ਦੇ ਕਨਵੀਨਰ ਅਤੇ ਮੰਡਲ ਪ੍ਰਧਾਨ ਵੀ ਰਹਿ ਚੁੱਕੇ ਹਨ ।