ਆਮ ਆਦਮੀ ਪਾਰਟੀ ਪਰਾਲੀ ਦੇ ਮੱਸਲੇ ’ਤੇ ਕਿਸਾਨਾਂ ਦੇ ਹੱਕ ਵਿਚ ਨਿੱਤਰੀ
ਮੋਗਾ,16 ਅਕਤੂਬਰ (ਜਸ਼ਨ)- ਪਰਾਲੀ ਸਾੜਨ ਦੇ ਮੱਸਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਮੋਗਾ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਕਿਸਾਨਾਂ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਆਮ ਆਦਮੀ ਪਾਰਟੀ ਦੇ ਅਹਿਮ ਆਗੂਆਂ ਵੱਲੋਂ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਮੋਗਾ ਸ: ਦਿਲਰਾਜ ਸਿੰਘ ਗਿੱਲ ਨੂੰ ਮਿਲ ਕੇ ਮੈਮੋਰੰਡਮ ਦਿੱਤਾ ਗਿਆ।
ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਆਗੂ ਸ: ਦਲਜੀਤ ਸਿੰਘ ਸਦਰਪੁਰਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵਾਤਾਵਰਣ ਪ੍ਰਦੂਸ਼ਣ ਦੇ ਨਾਮ ’ਤੇ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਜਦਕਿ ਫਸਲੀ ਚੱਕਰ, ਖਾਦ, ਬੀਜਾਂ ਦੇ ਫਾਇਦੇ ਨੁਕਸਾਨ ,ਆਰਥਿਕ ਅਤੇ ਤਕਨੀਕੀ ਸਹਾਇਤਾ ਅਤੇ ਮੰਡੀਕਰਨ ਸਬੰਧੀ ਸਰਕਾਰ ਵੱਲੋਂ ਕਿਸਾਨਾਂ ਦੇ ਹਿਤ ਵਿਚ ਕੱਖ ਭੰਨ ਕੇ ਦੂਹਰਾ ਨਹੀਂ ਕੀਤਾ ਜਾ ਰਿਹਾ । ਉਹਨਾਂ ਆਖਿਆ ਕਿ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਂ ਰੋਕਣ ਲਈ ਆਮ ਆਦਮੀ ਪਾਰਟੀ ਪੂਰਾ ਸਾਥ ਦੇਵੇਗੀ ਅਤੇ ਹਰ ਤਰਾਂ ਪੰਜਾਬ ਦੇ ਕਿਸਾਨਾਂ ਦੀ ਮਦਦ ਕਰੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਲਿਾਂ ਪਿਛਲੇ ਦਿਨੀਂ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਪੁਰੀ ,ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਰਮੇਸ਼ ਗਰੋਵਰ ਅਤੇ ਬਾਘਾਪੁਰਾਣਾ ਤੋਂ ਆਮ ਆਦਮੀ ਪਾਰਟੀ ਦੀ ਟਿੱਕਟ ’ਤੇ ਚੋਣ ਲੜਨ ਵਾਲੇ ਕਿਸਾਨ ਆਗੂ ਕੈਪਟਨ ਗੁਰਵਿੰਦਰ ਸਿੰਘ ਕੰਗ ਵੀ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਪਰਾਲੀ ਦੇ ਮਸਲੇ ਦਾ ਢੁੱਕਵਾਂ ਹੱਲ ਕੱਢਣ ਦੀ ਮੰਗ ਕਰ ਚੁੱਕੇ ਹਨ। ਇਸ ਮੌਕੇ ਅਮਿਤ ਪੁਰੀ ,ਅਜੇ ਕੁਮਾਰ ,ਵਰਿੰਦਰ ਸ਼ਰਮਾ,ਦੀਪਕ ਅਰੋੜਾ,ਗੁਰਕੀਰਤ ਸਿੰਘ ,ਸੁਖਦਿਆਲ ਧਾਮੀ,ਅਵਤਾਰ ਬੰਟੀ,ਅਮਨਦੀਪ ਸਿੰਘ ,ਜਗਦੇਵ ਸਿੰਘ ਲੁਹਾਰਾ,ੳੂਸ਼ਾ ਰਾਣੀ,ਪਿਆਰਾ ਸਿੰਘ,ਹੈਪੀ ਰੋਡੇ,ਹਰਪ੍ਰੀਤ ਸਿੰਘ,ਸੁਰਿੰਦਰ ਸਿੰਘ ਅਤੇ ਤਿਰਲੋਕ ਸਿੰਘ ਆਦਿ ਹਾਜ਼ਰ ਸਨ।