ਸੁਨੀਲ ਜਾਖੜ ਦੀ ਜਿੱਤ ਉਪਰੰਤ ਸੂਬੇ ਭਰ ਵਿਚ ਖੁਸ਼ੀ ਦੀ ਲਹਿਰ-ਜਗਸੀਰ ਸਿੰਘ ਮੰਗੇਵਾਲਾ

ਮੋਗਾ, 15 ਅਕਤੂਬਰ (ਜਸ਼ਨ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਜਗਸੀਰ ਸਿੰਘ ਮੰਗੇਵਾਲਾ ਦਾ ਆਖਣਾ ਹੈ ਕਿ ਗੁਰਦਾਸਪੁਰ ਲੋਕਸਭਾ ਹਲਕੇ ਤੋਂ ਹੋਈ ਜ਼ਿਮਨੀ ਚੋਣ ’ਚ ਕਾਂਗਰਸ ਉਮੀਦਵਾਰ ਸ਼੍ਰੀ ਸੁਨੀਲ ਜਾਖੜ ਦੀ ਜਿੱਤ ਉਪਰੰਤ ਸੂਬੇ ਭਰ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਮੰਗੇਵਾਲਾ ਨੇ ਆਖਿਆ ਕਿ ਇਹ ਇਤਿਹਾਸਕ ਜਿੱਤ ਦੇਸ਼ ਵਿਚ ਨਵੇਂ ਸਿਆਸੀ ਸਮੀਕਰਨਾਂ ਨੂੰ ਹੋਂਦ ਵਿਚ ਲਿਆਵੇਗੀ। ਉਹਨਾਂ ਕਿਹਾ ਕਿ ਲੋਕ ਹਿਤਾਂ ਨੂੰ ਸਮਰਪਿਤ ਇਕਮੁੱਠ ਕਾਂਗਰਸ ਨੇ ਜਿਸ ਤਰਾਂ ਗੁਰਦਾਸਪੁਰ ਵਿਚ ਲੋਕਾਂ ਸਾਹਮਣੇ ਆਪਣਾ ਪੱਖ ਰੱਖਿਆ ਅਤੇ ਲੋਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਕਾਬਲੀਅਤ ਅਤੇ ਸੁਨੀਲ ਜਾਖੜ ਦੀ ਦੂਰਅੰਦੇਸ਼ੀ ਸੋਚ ਨੂੰ ਤਸਲੀਮ ਕਰਦਿਆਂ ਸੂਬੇ ਅਤੇ ਦੇਸ਼ ਦੇ ਹਿਤਾਂ ਵਿਚ ਕਾਂਗਰਸ ਦੇ ਹੱਕ ਵਿਚ ਫਤਵਾ ਦਿੱਤਾ ਹੈ ਉਸੇ ਤਰਾਂ ਆਉਣ ਵਾਲੇ ਦਿਨਾਂ ਵਿਚ ਹਰ ਤਰਾਂ ਦੀ ਚੋਣ ਮੌਕੇ ਦੇਸ਼ਵਾਸੀ ਕਾਂਗਰਸ ਨੂੰ ਸੱਤਾ ਵਿਚ ਲਿਆਉਣ ਲਈ ਕਮਰਕੱਸੇ ਕਰੀ ਬੈਠੇ ਹਨ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਿਚ ਦੇਸ਼ ਦੇ ਮੁੜ ਤਰੱਕੀ ਦੀਆਂ ਲੀਹਾਂ ’ਤੇ ਚੜਣ ਦੀ ਆਸ ਬੱਝੀ ਹੈ।