ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਨਤੀਜਿਆਂ ਵਿੱਚ ਸੁਧਾਰ ਲਈ ਛੁੱਟੀ ਵਾਲੇ ਦਿਨ ਵੀ ਜ਼ਿਲ੍ਹਾ ਮੋਗਾ ਦੇ 49 ਪ੍ਰਾਇਮਰੀ ਸਕੂਲਾਂ ਵਿੱਚ ਕਰਵਾਈ ਗਈ ਪੜ੍ਹਾਈ

ਮੋਗਾ,14 ਅਕਤੂਬਰ (ਜਸ਼ਨ):ਪੰਜਾਬ ਵਿੱਚ ਪ੍ਰਾਇਮਰੀ ਸਿੱਖਿਆ ਵਿੱਚ ਸੁਧਾਰ ਹਿੱਤ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੁਆਰਾ ਅਧਿਆਪਕਾਂ ਨੂੰ ਨਵੀਆਂ ਤਕਨੀਕਾਂ ਅਤੇ ਵਿਧੀਆਂ ਦੁਆਰਾ ਪੜ੍ਹਾਈ ਕਰਵਾਉਣ ਲਈ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ। ਇਸ ਤਹਿਤ ਜ਼ਿਲ੍ਹਾ ਮੋਗਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ ਅਤੇ ਡਾਇਟ ਪ੍ਰਿੰਸੀਪਲ ਸੁਖਚੈਨ ਸਿੰਘ ਹੀਰਾ ਦੀ ਯੋਗ ਅਗਵਾਈ ਹੇਠ ਸਮੂਹ ਬੀ. ਪੀ. ਈ. ਓਜ਼ ਜ਼ਿਲ੍ਹਾ ਮੋਗਾ, ਜ਼ਿਲ੍ਹਾ ਕੋਆਰਡੀਨੇਟਰ ਸੁਖਦੇਵ ਸਿੰਘ ਅਰੋੜਾ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਸਹਿਯੋਗ ਨਾਲ ਪੂਰੇ ਜ਼ਿਲ੍ਹੇ ਦੇ ਸਕੂਲਾਂ ਵਿੱਚ ਅਧਿਆਪਕਾਂ ਨੂੰ ਅਗਵਾਈ ਦੇ ਕੇ ਲੋੜੀਂਦੇ ਨਤੀਜੇ ਪ੍ਰਾਪਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਅਧਿਆਪਕਾਂ ਵੱਲੋਂ ਵੀ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਸੁਧਾਰ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਤਹਿਤ ਹੀ ਅੱਜ ਦੂਸਰੇ ਸ਼ਨੀਵਾਰ ਦੀ ਛੁੱਟੀ ਵਾਲੇ ਦਿਨ ਵੀ ਜ਼ਿਲ੍ਹਾ ਮੋਗਾ ਦੇ 49 ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੁਆਰਾ ਸਵੈ ਇੱਛਾ ਨਾਲ ਪੜ੍ਹਾਈ ਕਰਵਾਈ ਗਈ ਅਤੇ ਯਤਨ ਕੀਤੇ ਗਏ ਕਿ ਆਪਣੇ ਟੀਚੇ ਤੋਂ ਇੱਕ ਸਟੈੱਪ ਪਿੱਛੇ ਵਿਦਿਆਰਥੀ ਆਪਣਾ ਲੋੜੀਂਦਾ ਟੀਚਾ ਪ੍ਰਾਪਤ ਕਰ ਸਕਣ। ਜ਼ਿਲ੍ਹਾ ਕੋਆਰਡੀਨੇਟਰ ਸੁਖਦੇਵ ਸਿੰਘ ਅਰੋੜਾ ਵੱਲੋਂ ਇਸ ਸਮੇਂ ਮੋਗਾ ਨੰਬਰ 3, ਲੌਂਗੀਵਿੰਡ, ਦੌਲੇਵਾਲਾ ਮਾਇਰ ਸਕੂਲ ਵਿਜ਼ਿਟ ਕੀਤੇ ਅਤੇ ਅਧਿਆਪਕਾਂ ਵੱਲੋਂ ਆਪਣੀ ਛੁੱਟੀ ਦੀ ਕੁਰਬਾਨੀ ਦੇ ਕੇ ਕੀਤੀ ਜਾ ਰਹੀ ਮਿਹਨਤ ਲਈ ਮਾਣ ਮਹਿਸੂਸ ਕੀਤਾ। ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਅਧਿਆਪਕਾਂ ਨੂੰ ਛੋਟੇ ਛੋਟੇ ਸਟੈੱਪ ਦੱਸ ਕੇ ਨਵੀਆਂ ਵਿਧੀਆਂ ਸਬੰਧੀ ਅਗਵਾਈ ਦਿੱਤੀ।