ਪਰਾਲੀ ਸਾੜਨ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਕਿਸਾਨਾਂ ਨੂੰ ਨਾ ਭੜਕਾਉਣ : ਜਬਰਜੰਗ ਸਿੰਘ ਬਰਾੜ

ਮੋਗਾ, 14 ਅਕਤੂਬਰ (ਜਸ਼ਨ): ਕਿਸਾਨਾਂ ਵੱਲੋਂ ਜਲਾਈ ਜਾ ਰਹੀ ਪਰਾਲੀ ਦੇ ਧੂੰਏਂ ਨਾਲ ਆਮ ਲੋਕ ਹੀ ਨਹੀਂ, ਕਿਸਾਨਾਂ ਦੇ ਆਪਣੇ ਪਰਿਵਾਰ ਵੀ ਪ੍ਰਭਾਵਿਤ ਹੁੰਦੇ ਹਨ ਅਤੇ ਉਨਾਂ ਦੀ ਸਿਹਤ ਨਾਲ ਖਿਲਵਾੜ ਹੰੁਦਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਜਬਰਜੰਗ ਸਿੰਘ ਬਰਾੜ ਘੱਲ ਕਲਾਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਧੂੰਏਂ ਨਾਲ ਵਾਤਾਵਰਣ ਪਲੀਤ ਹੋਣ ’ਤੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਚੁੰਬੜ ਜਾਂਦੀਆਂ ਹਨ, ਜਿਸ ਨਾਲ ਸਿਹਤ ਅਤੇ ਪੈਸੇ ਦੀ ਬਰਬਾਦੀ ਹੁੰਦੀ ਹੈ। ਉਨਾਂ ਕਿਹਾ ਕਿ ਆਮ ਲੋਕਾਂ ਵਿਚ ਪਰਾਲੀ ਨੂੰ ਸਾੜਨ ਦੇ ਮਸਲੇ ’ਤੇ ਲੋਕਾਂ ਵਿਚ ਜਾਗਰੂਕਤਾ ਆ ਰਹੀ ਹੈ ਅਤੇ ਕੁਝ ਕਿਸਾਨ ਵੀਰ ਪਰਾਲੀ ਨਹੀਂ ਵੀ ਜਲਾ ਰਹੇ ਅਤੇ ਪਰਾਲੀ ਨੂੰ ਖੇਤ ਵਿਚ ਹੀ ਵਾਹ ਕੇ ਖਾਦ ਦਾ ਕੰਮ ਲੈ ਰਹੇ ਹਨ। ਉਨਾਂ ਕਿਹਾ ਕਿ ਕਿਸਾਨ ਜੱਥੇਬੰਦੀਆਂ ਕਿਸਾਨਾਂ ਨੂੰ ਭੜਕਾਉਣ ਦੀ ਬਜਾਏ ਕਿਸਾਨ ਵੀਰਾਂ ਨੂੰ ਪਰਾਲੀ ਨਾ ਜਲਾਉਣ ਸਬੰਧੀ ਪ੍ਰੇਰਿਤ ਕਰਨ। ਉਨਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਸਾਰੇ ਕੰਮ ਸਰਕਾਰ ਨੇ ਹੀ ਨਹੀਂ ਕਰਨੇ, ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਈਏ। ਉਨਾਂ ਕਿਹਾ ਕਿ ਕਿਸਾਨ ਵੀਰ ਪਹਿਲਾਂ ਹੀ ਕਰਜ਼ੇ ਦੇ ਬੋਝ ਥੱਲੇ ਦਬੇ ਹੋਏ ਹਨ ਅਤੇ ਉਤੋਂ ਵਾਤਾਵਰਣ ਪਲੀਤ ਹੋਣ ਨਾਲ ਉਨਾਂ ਦੇ ਪਰਿਵਾਰ ਵੀ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਕਿਸਾਨਾਂ ਦੀ ਕਮਾਈ ਹਸਪਤਾਲਾਂ ’ਚ ਚਲੀ ਜਾਂਦੀ ਹੈ। ਉਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਆਓ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਪਰਾਲੀ ਨੂੰ ਨਾ ਜਲਾਈਏ।


