ਸਾਨੂੰ ਧੀਆਂ ਅਤੇ ਪੁੱਤਰਾਂ ‘ਚ ਕੋਈ ਭੇਦ-ਭਾਵ ਨਾ ਰੱਖਦੇ ਹੋਏ, ਲੜਕੀਆਂ ਦੇ ਪਾਲਣ-ਪੋਸ਼ਣ ਅਤੇ ਉਚੇਰੀ ਸਿੱਖਿਆ ਲਈ ਬਰਾਬਰ ਅਵਸਰ ਪ੍ਰਦਾਨ ਕਰਨੇ ਚਾਹੀਦੇ ਹਨ-ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ

ਮੋਗਾ 14 ਅਕਤੂਬਰ(ਜਸ਼ਨ):ਅੱਜ ਦੇ ਯੁੱਗ ਵਿੱਚ ਲੜਕੀਆਂ ਕਿਸੇ ਵੀ ਖੇਤਰ ‘ਚ ਲੜਕਿਆਂ ਨਾਲੋਂ ਪਿੱਛੇ ਨਹੀਂ ਹਨ, ਪ੍ਰੰਤੂ ਕੁੱਝ ਨਾ-ਸਮਝ ਲੋਕ ਧੀਆਂ ਨੂੰ ਬੋਝ ਸਮਝਦੇ ਹੋਏ ਉਨਾਂ ਦਾ ਕੁੱਖ ਵਿੱਚ ਹੀ ਕਤਲ ਕਰ ਰਹੇ ਹਨ। ਸਾਨੂੰ ਧੀਆਂ ਅਤੇ ਪੁੱਤਰਾਂ ‘ਚ ਕੋਈ ਭੇਦ-ਭਾਵ ਨਾ ਰੱਖਦੇ ਹੋਏ, ਲੜਕੀਆਂ ਦੇ ਪਾਲਣ-ਪੋਸ਼ਣ ਅਤੇ ਉਨਾਂ ਨੂੰ ਉਚੇਰੀ ਸਿੱਖਿਆ ਹਾਸਲ ਕਰਨ ਦੇ ਬਰਾਬਰ ਅਵਸਰ ਪ੍ਰਦਾਨ ਕਰਨੇ ਚਾਹੀਦੇ ਹਨ, ਤਾਂ ਜਂੋ ਉਹ ਸਿੱਖਿਅਤ ਹੋ ਕੇ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਸਥਾਨਕ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਬੇਟੀ ਬਚਾਓ-ਬੇਟੀ ਪੜਾਓ ‘ਹਫ਼ਤੇ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਸਹਾਇਕ ਕਮਿਸ਼ਨਰ ਹਰਪ੍ਰੀਤ ਸਿੰਘ ਅਟਵਾਲ, ਐਸ.ਡੀ.ਐਮ ਮੋਗਾ ਸੁਖਹਰਪ੍ਰੀਤ ਸਿੰਘ ਸਿੱਧੂ ਅਤੇ ਜ਼ਿਲਾ ਪ੍ਰੋਗਰਾਮ ਅਫ਼ਸਰ ਮੈਡਮ ਮਨਜੀਤ ਕੌਰ ਵੀ ਮੌਜੂਦ ਸਨ।ਇਸ ਮੌਕੇ ਸਹਾਇਕ ਕਮਿਸ਼ਨਰ ਹਰਪ੍ਰੀਤ ਸਿੰਘ ਅਟਵਾਲ ਨੇ ਕਿਹਾ ਕਿ ਹਰ ਔਰਤ ਸਨਮਾਨ ਦੀ ਹੱਕਦਾਰ ਹੈ ਅਤੇ ਸਾਨੂੰ ਲੜਕੀਆਂ ਨੂੰ ਉਤਸ਼ਾਹਿਤ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਧੀਆਂ ਪ੍ਰਤੀ ਆਪਣੇ ਵਿਚਾਰਾਂ ‘ਚ ਤਬਦੀਲੀ ਲਿਆ ਕੇ ਹੀ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਦਾ ਦਰਜਾ ਦਿੱਤਾ ਜਾ ਸਕਦਾ ਹੈ।

ਇਸ ਮੌਕੇ ਉਨਾਂ ਖੇਡਾਂ, ਸਿੱਖਿਆ ਦੇ ਖੇਤਰ ‘ਚ ਵਧੀਆ ਕਾਰਗੁਜ਼ਾਰੀ ਵਾਲੀਆਂ ਸ਼ਖਸ਼ੀਅਤਾਂ, ਲਿੰਗ ਅਨੁਪਾਤ ‘ਚ ਸੁਧਾਰ ਲਿਆਉਣ ਵਾਲੀਆਂ ਗ੍ਰਾਮ ਪੰਚਾਇਤਾਂ, ਸਕੂਲ ਪ੍ਰਬੰਧਕ ਕਮੇਟੀਆਂ ਅਤੇ ਗੈਰ-ਸਰਕਾਰੀ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅੰਤਰ-ਰਾਸ਼ਟਰੀ ਕਬੱਡੀ ਖਿਡਾਰਨ ਸਰਬਜੀਤ ਕੌਰ, ਰਾਈਫ਼ਲ ਸੂਟਿੰਗ ਦੀ ਰਾਸ਼ਟਰੀ ਖਿਡਾਰਨ ਨਮਰਤਾ ਅਰੋੜਾ, ਮਿਸ ਪੰਜਾਬਣ ਵਿਜੇਤਾ ਜਂਸਪ੍ਰੀਤ ਕੌਰ, ਸਿੱਖਿਆ ਦੇ ਖੇਤਰ ‘ਚ 10ਵੀਂ ਜਮਾਤ ਵਿੱਚੋਂ ਜ਼ਿਲੇ ‘ਚੋ ਪਹਿਲਾ ਸਥਾਨ ਹਾਸਲ ਕਰਨ ਵਾਲੀ ਹਰਮੀਤ ਕੌਰ ਬਰਾੜ, ਗ੍ਰਾਮ ਪੰਚਾਇਤ ਖੋਸਾ ਪਾਂਡੋ, ਤਲਵੰਡੀ ਭੰਗੇਰੀਆਂ ਅਤੇ ਜਲਾਲਾਬਾਦ ਪੂਰਬੀ, ਸਰਕਾਰੀ ਪ੍ਰਾਇਮਰੀ ਸਕੂਲ ਪੱਤੋ ਹੀਰਾ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਦੁਸਾਂਝ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਪੂਰੇ ਦੀਆਂ ਸਕੂਲ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ,  ਐਨ.ਜੀ.ਓ ਐਸ.ਕੇ.ਬਾਂਸਲ ਤੋਂ ਇਲਾਵਾ ਸਿਹਤ ਵਿਭਾਗ ਦੇ ਓਮ ਪ੍ਰਕਾਸ਼ ਅਰੋੜਾ ਤੇ ਅਮਿਤ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਮੈਡਮ ਮਨਜੀਤ ਕੌਰ ਨੇ ਕਿਹਾ ਕਿ ਜ਼ਿਲੇ ਦੀਆਂ ਲੜਕੀਆਂ ਨੇ ਹਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਕੇ ਜ਼ਿਲੇ ਦਾ ਨਾਂ ਸੂਬਾ ਭਰ ‘ਹੀ ਨਹੀਂ ਸਗੋਂ ਦੇਸ਼-ਵਿਦੇਸ਼ਾਂ ‘ਚ ਰੋਸ਼ਨ ਕੀਤਾ ਹੈ। ਉਨਾਂ ਕਿਹਾ ਕਿ ਸਾਨੂੰ ਸਮਾਜ ਵਿੱਚ ਲੜਕੀਆਂ ਨੂੰ ਬਣਦਾ ਮਾਣ-ਸਨਮਾਨ ਦੇਣਾ ਚਾਹੀਦਾ ਹੈ। ਇਸ ਮੌਕੇ ਉੱਘੀ ਫ਼ਿਲਮੀ ਅਦਾਕਾਰਾ ਪਿੰਕੀ ਸੰਧੂ ਨੇ ਕਿਹਾ ਕਿ ਲੜਕੀ ਬਿਨਾਂ ਸਮਾਜ ਅਧੂਰਾ ਹੈ। ਉਨਾਂ ਲੜਕੀਆਂ ਨੂੰ ਅੱਗੇ ਵਧਣ ਲਈ ਹਮੇਸ਼ਾ ਬੁਲੰਦ ਹੌਸਲੇ ਰੱਖਣ ਲਈ ਪ੍ਰੇਰਿਤ ਵੀ ਕੀਤਾ। ਸਕੂਲ ਦੇ ਬੱਚਿਆਂ ਵੱਲੋਂ ਭਰੂਣ-ਹੱਤਿਆ ‘ਤੇ ਬਹੁਤ ਹੀ ਸ਼ਾਨਦਾਰ ਕੋਰੀਓਗ੍ਰਾਫ਼ੀ ਪੇਸ਼ ਕੀਤੀ ਗਈ। ਸਕੂਲ ਪ੍ਰਬੰਧਕ ਕਮੇਟੀ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਅਤੇ ਸਹਾਇਕ ਕਮਿਸ਼ਨਰ ਹਰਪ੍ਰੀਤ ਸਿੰਘ ਅਟਵਾਲ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਸਿੱਖਿਆ ਅਫ਼ਸਰ ਗੁਰਦਰਸ਼ਨ ਸਿੰਘ ਬਰਾੜ, ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੱਤਿਆ ਪ੍ਰਕਾਸ਼ ਉਪਲ, ਪਿ੍ਰੰਸੀਪਲ ਸਮੀਕਸ਼ਾ ਸ਼ਰਮਾ, ਪਿ੍ਰੰਸੀਪਲ ਪਰਮਜੀਤ ਸਿੰਘ, ਜ਼ਿਲਾ ਪ੍ਰੀਵਾਰ ਭਲਾਈ ਅਫ਼ਸਰ ਡਾ: ਰੁਪਿੰਦਰ ਕੌਰ ਗਿੱਲ, ਰਾਣਾ ਗੁਰਬਰਿੰਦਰ ਕੌਰ, ਗੁਰਮੀਤ ਸਿੰਘ ਰੱਖੜਾ, ਵੱਖ-ਵੱਖ ਸਕੂਲਾਂ/ਕਾਲਜਾਂ ਦੇ ਪਿ੍ਰੰਸੀਪਲ ਤੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।