ਪੇਰੈਂਟਸ ਐਸੋਸੀਏਸ਼ਨ ਪੰਜਾਬ ਨੇ ਡੀ.ਸੀ. ਮੋਗਾ ਅਤੇ ਐਸ.ਐਸ.ਪੀ. ਮੋਗਾ ਨੂੰ ਦਿੱਤੇ ਮੰਗ ਪੱਤਰ

ਮੋਗਾ,11 ਅਕਤੂਬਰ (ਜਸ਼ਨ)-ਪੇਰੈਂਟਸ ਐਸੋਸੀਏਸ਼ਨ ਪੰਜਾਬ ਵੱਲੋਂ ਅੱਜ ਆਪਣੇ ਨਿਰਧਾਰਿਤ ਪ੍ੋਗਰਾਮ ਅਨੁਸਾਰ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਅਤੇ ਐਸ.ਪੀ. (ਡੀ) ਸ. ਵਜੀਰ ਸਿੰਘ ਖੇਹਰ ਨੂੰ ਮਿਲ ਕੇ ਆਰੀਆ ਮਾਡਲ ਸਕੂਲ ਮੋਗਾ ਦੀ ਮੈਨੇਜਮੈਂਟ ਵੱਲੋਂ ਮਾਪਿਆਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਅਤੇ ਸ਼ਾਜਿਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਮੈਨੇਜਮੈਂਟ ਅਤੇ ਦੋਸ਼ੀ ਪੁਲਿਸ ਕਰਮਚਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ । ਡੀ.ਸੀ. ਦਿਲਰਾਜ ਸਿੰਘ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਬਹੁਤ ਜਲਦ ਸਕੂਲ ਵਿੱਚੋਂ ਕੱਢੇ ਗਏ ਬੱਚਿਆਂ ਨੂੰ ਵਾਪਿਸ ਸਕੂਲ ਵਿੱਚ ਭੇਜਿਆ ਜਾਵੇਗਾ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਲਈ ਐਸ.ਐਸ.ਪੀ. ਮੋਗਾ ਨਾਲ ਗੱਲ ਕਰਕੇ ਕਾਰਵਾਈ ਵਿੱਚ ਤੇਜੀ ਲਿਆਂਦੀ ਜਾਵੇਗੀ । ਇਸ ਮੌਕੇ ਡੀ.ਸੀ. ਮੋਗਾ ਨੇ ਪੇਰੈਂਟਸ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸੋਮਵਾਰ ਤੱਕ ਪੀੜਤ ਮਾਪਿਆਂ ਨੂੰ ਇਨਸਾਫ ਦਿਵਾਇਆ ਜਾਵੇਗਾ । ਇਸ ਤੋਂ ਬਾਅਦ ਵਫਦ ਐਸ.ਐਸ.ਪੀ. ਮੋਗਾ ਨੂੰ ਮਿਲਣ ਲਈ ਪਹੁੰਚਿਆ ਤਾਂ ਉਹ ਆਪਣੇ ਦਫਤਰ ਵਿੱਚ ਹਾਜ਼ਰ ਨਹੀਂ ਸਨ ਤੇ ਉਹਨਾਂ ਦੀ ਗੈਰਹਾਜ਼ਰੀ ਵਿੱਚ ਐਸ.ਪੀ. ਡੀ. ਵਜੀਰ ਸਿੰਘ ਖੇਹਰ ਨੂੰ ਮੰਗ ਪੱਤਰ ਸੌਂਪਿਆ । ਉਹਨਾਂ ਨੇ ਬੜੇ ਧਿਆਨ ਨਾਲ ਨੁਮਾਇੰਦਿਆਂ ਤੋਂ ਸਾਰੀ ਗੱਲਬਾਤ ਸੁਣੀ ਅਤੇ ਕੱਲ ਐਸ.ਐਸ.ਪੀ. ਮੋਗਾ ਦੇ ਆਉਣ ਤੇ ਉਹਨਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾ ਦਿੱਤਾ ਜਾਵੇਗਾ ਅਤੇ ਮਾਪਿਆਂ ਨੂੰ ਹਰ ਪੱਖੋਂ ਸੰਤੁਸ਼ਟ ਕੀਤਾ ਜਾਵੇਗਾ।  ਇਸ ਮੌਕੇ ਮਨਜੀਤ ਸਿੰਘ ਲੁਧਿਆਣਾ ਨੇ ਪ੍ੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਰੇ ਪੰਜਾਬ ਵਿੱਚ ਇਸ ਵੇਲੇ ਸਕੂਲਾਂ ਦੇ ਮਾਲਕ ਸੰਘਰਸ਼ ਕਰ ਰਹੇ ਮਾਪਿਆਂ ਨੂੰ ਪ੍ੇਸ਼ਾਨ ਕਰ ਰਹੇ ਹਨ ਕਿਉਂਕਿ ਅਪ੍ੈਲ ਮਈ ਮਹੀਨੇ ਵਿੱਚ ਕੀਤੀਆਂ ਗਈਆਂ ਸ਼ਿਕਾਇਤਾਂ ਦੇ ਨਿਪਟਾਰੇ ਦਾ ਸਮਾਂ ਨਜਦੀਕ ਆ ਰਿਹਾ ਹੈ ਤੇ ਸਕੂਲ ਮਾਪਿਆਂ ਤੇ ਸ਼ਿਕਾਇਤਾਂ ਵਾਪਿਸ ਲੈਣ ਲਈ ਦਬਾਅ ਬਣਾ ਰਹੇ ਹਨ । ਉਹਨਾਂ ਕਿਹਾ ਕਿ ਇਹ ਵੀ ਇਸੇ ਤਰਾਂ ਦਾ ਕੇਸ ਹੈ, ਜਿਸ ਵਿੱਚ ਸਕੂਲ ਮੈਨੇਜਮੈਂਟ ਘਟੀਆ ਹੱਥਕੰਡੇ ਅਪਣਾ ਕੇ ਮਾਪਿਆਂ ਤੋਂ ਸ਼ਿਕਾਇਤ ਵਾਪਿਸ ਕਰਵਾਉਣੀ ਚਾਹੁੰਦੀ ਸੀ । ਸਤੀਸ਼ ਸ਼ਰਮਾ ਖੰਨਾ ਨੇ ਕਿਹਾ ਕਿ ਪੰਜਾਬ ਭਰ ਦੀਆਂ ਪੇਰੈਂਟਸ ਸੰਸਥਾਵਾਂ ਰਾਜੀਵ ਕੁਮਾਰ ਅਤੇ ਬਿਕਰਮ ਸਿੰਗਲਾ ਨਾਲ ਖੜ ਚੁੱਕੀਆਂ ਹਨ ਤੇ ਜਿੰਨੀ ਦੇਰ ਇਨਸਾਫ ਨਹੀਂ ਮਿਲੇਗਾ, ਸੰਘਰਸ਼ ਜਾਰੀ ਰੱਖਿਆ ਜਾਵੇਗਾ । ਵਿਕਰਮ ਕੁਮਾਰ ਸੰਗਰੂਰ ਨੇ ਕਿਹਾ ਕਿ ਬਹੁਤ ਜਲਦ ਸਿੱਖਿਆ ਮੰਤਰੀ ਅਤੇ ਕਿ੍ਸ਼ਨ ਕੁਮਾਰ ਜੀ ਨੂੰ ਮਿਲ ਕੇ ਸਾਰੀ ਘਟਨਾ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਦੋਸ਼ੀਆਂ ਖਿਲਾਫ ਸਖਤ ਐਕਸ਼ਨ ਦੀ ਮੰਗ ਕੀਤੀ ਜਾਵੇਗੀ । ਇਸ ਮੌਕੇ ਪੇਰੈਂਟਸ ਐਸੋਸੀਏਸ਼ਨ ਮੋਗਾ ਦੇ ਪੈਟਰਨ ਮਹਿੰਦਰ ਪਾਲ ਲੂੰਬਾ,ਹਰਭਜਨ ਸਿੰਘ ਬਹੋਨਾ,ਪ੍ਧਾਨ ਰਾਜਿੰਦਰ ਸਿੰਘ ਖੋਸਾ,ਰਾਜੀਵ ਕੁਮਾਰ ਦੀ ਪਤਨੀ ਪੂਨਮ ਰਾਣੀ,ਬਿਕਰਮਜੀਤ ਸਿੰਗਲਾ,ਸਟੂਡੈਂਟ ਆਗੂ ਦਲਜਿੰਦਰ ਕੌਰ,ਹਰਪਾਲ ਸਿੰਘ ਲੁਧਿਆਣਾ,ਅਰੁਣ ਵਸ਼ਿਸ਼ਟ ਜਲੰਧਰ, ਮੁਕੇਸ਼ ਕੁਮਾਰ ਲੁਧਿਆਣਾ, ਗੁਰਦੀਪ ਸਿੰਘ,ਐਡਵੋਕੇਟ ਕਮਲਜੀਤ ਗਿੱਲ,ਭੀਮ ਸੈਨ ਮੋਗਾ,ਵਿਸ਼ਾਲ ਪੁਰੀ ਮਾਨਸਾ, ਗੁਰਵਿੰਦਰ ਸ਼ਰਮਾ ਬਠਿੰਡਾ,ਪਵਨ ਕੁਮਾਰ ਸ਼ਰਮਾ ਫਰੀਦਕੋਟ,ਪਵਨ ਕੁਮਾਰ ਮੁਕਤਸਰ ਸਮੇਤ ਮੋਗਾ ਜਿਲੇ ਦੇ ਮਾਪੇ ਅਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।