ਲੜਕੀਆਂ ਸਾਡੇ ਸਮਾਜ ਦਾ ਅਹਿਮ ਅਤੇ ਅਨਿੱਖੜਵਾਂ ਅੰਗ- ਸਹਾਇਕ ਕਮਿਸ਼ਨਰ ਹਰਪ੍ਰੀਤ ਸਿੰਘ ਅਟਵਾਲ

ਮੋਗਾ 11 ਅਕਤੂਬਰ(ਜਸ਼ਨ)-ਭਰੂਣ ਹੱਤਿਆ ਦੇ ਕਲੰਕ ਨੂੰ ਸਮਾਜ ਦੇ ਮੱਥੇ ਤੋਂ ਲਾਹ ਕੇ ਬੇਟੀਆਂ ਨੂੰ ਸਮਾਜ ਵਿੱਚ ਅੱਗੇ ਵਧਣ ਲਈ ਯੋਗ ਸਿੱਖਿਅਤ ਕਰਨਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਹਾਇਕ ਕਮਿਸ਼ਨਰ ਸ. ਹਰਪ੍ਰੀਤ ਸਿੰਘ ਅਟਵਾਲ ਨੇ ਸਥਾਨਕ ਡੀ.ਐਨ.ਮਾਡਲ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ‘ਬੇਟੀ ਬਚਾਓ-ਬੇਟੀ ਪੜਾਓ’ ਸਕੀਮ ਤਹਿਤ ਨਵ-ਜੰਮੀਆਂ ਲੜਕੀਆਂ ਦੇ ਜਨਮ ਉਤਸਵ ਮਨਾਉਣ ਸਬੰਧੀ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਉਨਾਂ 101 ਨਵ-ਜਨਮੀਆਂ ਬਾਲੜੀਆਂ ਦੇ ਜਨਮ ਸਰਟੀਫ਼ੀਕੇਟ  ਉਨਾਂ ਦੇ ਮਾਤਾ-ਪਿਤਾ ਨੂੰ ਤਕਸੀਮ ਕੀਤੇ ਅਤੇ ਉਨਾਂ ਦੇ ਪ੍ਰੀਵਾਰਕ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ । ਸ. ਅਟਵਾਲ ਨੇ ਕਿਹਾ ਕਿ ਲੜਕੀਆਂ ਸਾਡੇ ਸਮਾਜ ਦਾ ਅਹਿਮ ਅਤੇ ਅਨਿੱਖੜਵਾਂ ਅੰਗ ਹਨ, ਇਸ ਲਈ ਸਾਨੂੰ ਲਿੰਗ ਦੇ ਅਧਾਰ ‘ਤੇ ਆਪਣੀ ਮਾਨਸਿਕ ਸੋਚ ਨੂੰ ਬਦਲਣਾ ਚਾਹੀਦਾ ਹੈ। ਉਨਾਂ ਕਿਹਾ ਕਿ ਲੜਕੀ ਅਤੇ ਲੜਕੇ ਵਿੱਚ ਕੋਈ ਭੇਦ-ਭਾਵ ਨਾ ਰੱਖਦੇ ਹੋਏ ਬੱਚੀਆਂ ਨੂੰ ਹਰ ਖੇਤਰ ਵਿੱਚ ਜ਼ਿੰਦਗੀ ‘ਚ ਅੱਗੇ ਵਧਣ ਲਈ ਇੱਕ ਸਮਾਨ ਅਵਸਰ ਪ੍ਰਦਾਨ ਕਰਨੇ ਚਾਹੀਦੇ ਹਨ। ਉਨਾਂ ਕਿਹਾ ਕਿ ਜੇਕਰ ਬੱਚੀਆਂ ਸਿਖਿਅਤ ਹੋਣਗੀਆਂ ਤਾਂ ਹੀ ਉਹ ਉੱਚ ਮੁਕਾਮ ਹਾਸਲ ਕਰਕੇ ਦੇਸ਼ ਦੀ ਤਰੱਕੀ ‘ਚ ਵਡਮੁੱਲਾ ਯੋਗ ਪਾ ਸਕਦੀਆਂ ਹਨ। ਇਸ ਮੌਕੇ ਉਨਾਂ ਸਕੂਲ ਦੀ ਹਦੂਦ ਅੰਦਰ ਇੱਕ ਪੌਦਾ ਵੀ ਲਗਾਇਆ। ਇਸ ਮੌਕੇ ਸਾਬਕਾ ਵਿਧਾਇਕ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਵਿਜੇ ਸਾਥੀ ਨੇ ਕਿਹਾ ਕਿ ਲੜਕੀਆਂ ਕਿਸੇ ਵੀ ਖੇਤਰ ‘ਚ ਲੜਕਿਆਂ ਨਾਲੋਂ ਪਿੱਛੇ ਨਹੀਂ ਹਨ ਅਤੇ ਉਹ ਪੜਾਈ, ਖੇਡਾਂ ਤੇ ਹੋਰ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰ ਰਹੀਆਂ ਹਨ। ਉਨਾਂ ਕਿਹਾ ਕਿ ਸਾਨੂੰ ਘਰ ਵਿੱਚ ਲੜਕੀ ਪੈਦਾ ਹੋਣ ‘ਤੇ ਖੁਮਨਾਉਣੀ ਚਾਹੀਦੀ ਹੈ ਅਤੇ ਉਸ ਦਾ ਸੁਚੱਜੇ ਢੰਗ ਨਾਲ ਪਾਲਣ-ਪੋਸ਼ਣ ਕਰਨਾ ਚਾਹੀਦਾ ਹੈ। ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਮਨਜੀਤ ਕੌਰ ਨੇ ਦੱਸਿਆ ਕਿ ‘ਬੇਟੀ ਬਚਾਓ-ਬੇਟੀ ਪੜਾਓ’ ਅਭਿਆਨ ਦਾ ਉਦੇਸ਼ ਬੇਟੀ ਦੇ ਜਨਮ ‘ਤੇ ਖੁਸ਼ੀ ਮਨਾਉਣਾ, ਬੇਟੀ ਨੂੰ ਸਿਖਿਅਤ ਕਰਨਾ ਅਤੇ ਪੀ.ਐਨ.ਡੀ.ਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਨਾ ਹੈ। ਇਸ ਮੌਕੇ ਗੁਰਮੀਤ ਸਿੰਘ ਰੱਖੜਾ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ ਅਤੇ ਉਨਾਂ ਪ੍ਰਸਿੱਧ ਸ਼ਾਇਰ ਪ੍ਰੋ: ਗੁਰਭਜਨ ਗਿੱਲ ਦੀ ਕਵਿਤਾ ‘ਮਾਏ ਨੀ ਇੱਕ ਲੋਰੀ ਦੇ ਦੇ’ ਪੇਸ਼ ਕੀਤੀ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਐਡਵੋਕੇਟ ਕਿ੍ਰਸ਼ਨ ਗੋਪਾਲ, ਮੈਂਬਰ ਸਵਰਨ ਸ਼ਰਮਾ ਤੇ ਜਗਦੀਸ਼ ਪੁਰੀ, ਪਿ੍ਰੰਸੀਪਲ ਮੋਨਿਕਾ ਬਾਂਸਲ, ਐਨ.ਜੀ.ਓ ਐਸ.ਕੇ.ਬਾਂਸਲ, ਸੀ.ਡੀ.ਪੀ.ਓ ਰਾਣਾ ਗੁਰਬਿੰਦਰ ਕੌਰ, ਸਕੂਲ ਦੇ ਅਧਿਆਪਕ ਅਤੇ ਨਵ-ਜੰਮੀਆਂ ਬਾਲੜੀਆਂ ਦੇ ਮਾਤਾ-ਪਿਤਾ ਹਾਜ਼ਰ ਸਨ।