ਸੁਖਾਨੰਦ ਦੀਆਂ ਵਿਦਿਆਰਥਣਾਂ ਨੇ ਲਗਾਇਆ ਵਿੱਦਿਅਕ ਟੂਰ                                  

ਸੁਖਾਨੰਦ,6 ਅਕਤੂਬਰ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੇ ਸਾਇੰਸ ਅਤੇ ਕੰਪਿਊਟਰ ਵਿਭਾਗ ਦੁਆਰਾ ਦੋ ਰੋਜ਼ਾ ਵਿਦਿਅਕ ਟੂਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਸਹਾਇਕ ਪ੍ਰੋਫ਼ੈਸਰ ਡਾ.ਜਸਵੀਰ ਕੌਰ, ਡਾ. ਨਵਦੀਪ ਕੌਰ, ਨਿੰਪਲਪ੍ਰੀਤ ਕੌਰ, ਜਸਪ੍ਰੀਤ ਕੌਰ, ਅਮਨਦੀਪ ਕੌਰ, ਅਮਨਦੀਪ ਕੌਰ, ਰਵਨਦੀਪ ਕੌਰ, ਨਵਦੀਪ ਕੌਰ, ਅਮਨਦੀਪ ਕੌਰ, ਸਤਵੀਰ ਕੌਰ, ਕਮਲਜੀਤ ਕੌਰ, ਮਨਪ੍ਰੀਤ ਕੌਰ ਦੀ ਅਗਵਾਈ ਹੇਠ ਪਹਿਲੇ ਦਿਨ ਵਿਦਿਆਰਥਣਾਂ ਨੂੰ ਗੁਰਦੁਆਰਾ ਕਤਲਗੜ੍ਹ ਸਾਹਿਬ ਅਤੇ ਚਮਕੌਰ ਦੀ ਗੜ੍ਹੀ ਚਮਕੌਰ ਸਾਹਿਬ, ਪਰਿਵਾਰ ਵਿਛੋੜਾ ਸਾਹਿਬ, ਖਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਵਾਏ ਗਏ ਅਤੇ ਗੁਰ ਇਤਿਹਾਸ ਤੋਂ ਵਾਕਿਫ਼ ਕਰਵਾਇਆ ਗਿਆ। ਵਿਰਾਸਤ-ਏ-ਖ਼ਾਲਸਾ ਵਿੱਚ ਵਿਦਿਆਰਥਣਾਂ ਨੂੰ ਪੁਰਾਣੇ ਅਤੇ ਅਜੋਕੇ ਪੰਜਾਬੀ ਸੱਭਿਆਚਾਰ ਦੀਆਂ ਝਲਕਾਂ ਦੇਖਣ ਨੂੰ ਮਿਲੀਆਂ। ਦਸ ਗੁਰੂ ਸਾਹਿਬਾਨ ਦੇ ਬਾਰੇ ਵਿੱਚ ਇਤਿਹਾਸ ਨੂੰ ਵਿਦਿਆਰਥਣਾਂ ਨੇ ਬੜ੍ਹੇ ਚਾਅ ਨਾਲ ਵਾਚਿਆ। ਅਣਵੰਡੇ ਪੰਜਾਬ ਤੋਂ ਲੈ ਕੇ ਮੌਜੂਦਾ ਪੰਜਾਬੀ ਸੂਬੇ ਬਾਰੇ ਵਿਰਾਸਤ-ਏ-ਖ਼ਾਲਸਾ ਵਿੱਚ ਦਿੱਤੀ ਜਾਣਕਾਰੀ ਅਜੋਕੀ ਪੀੜ੍ਹੀ ਲਈ ਬੇਮਿਸਾਲ ਹੈ।ਮਿਸਲਾਂ ਦਾ ਇਤਿਹਾਸ ਬੋਲਦੇ ਬੁੱਤ ਦੇਖਣ ਯੋਗ ਹਨ।ਵਿਦਿਆਰਥਣਾਂ ਨੇ ਦੂਸਰੇ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅੰਮਿ੍ਰਤ ਵੇਲੇ ਦਰਸ਼ਨ ਦੀਦਾਰੇ ਕਰਕੇ ਨੇਣਾ ਦੇਵੀ ਨੂੰ ਚਾਲੇ ਪਾਏ ਅਤੇ ਉਥੋਂ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਬਾਬਾ ਬੁੱਢਣ ਸ਼ਾਹ ਜੀ ਦੀ ਮਜਾਰ ਅਤੇ ਗੁਰਦੁਆਰਾ ਭੱਠਾ ਸਾਹਿਬ ਦੇ ਦਰਸ਼ਨ ਕੀਤੇ। ਕਾਲਜ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ ਅਤੇ ਕਾਲਜ ਪਿ੍ਰੰਸੀਪਲ ਡਾ.ਸੁਖਵਿੰਦਰ ਕੌਰ ਨੇ ਵਿਦਿਆਰਥਣਾਂ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਕਿਹਾ ਕਿ ਧਾਰਮਿਕ ਅਤੇ ਸਮਾਜਿਕ ਪੱਖੋਂ ਅਤਿਅੰਤ ਅਮੀਰ ਪੰਜਾਬੀ ਸੱਭਿਆਚਾਰ ਅਤੇ ਪੰਜਾਬੀਆਂ ਦੀ ਰੀਸ ਬੜੀ ਔਖੀ ਹੈ। ਉਹਨਾਂ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਵਿਦਿਅਕ ਟੂਰ ਵਿਦਿਆਰਥਣਾਂ ਦੀ ਸੋਚਣ ਅਤੇ ਸਮਝਣ ਦੀ ਸ਼ਕਤੀ ਨੂੰ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ ਅਤੇ ਉਹ ਆਪਣੇ ਇਤਿਹਾਸ ਤੋਂ ਜਾਣੰੂ ਹੁੰਦੀਆਂ ਹੋਈਆਂ ਅਜੋਕੀ ਦੁਨੀਆਂ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਦੇ ਸਮਰੱਥ ਹੋ ਸਕਣਗੀਆਂ।