ਕਿਸਾਨ ਜਥੇਬੰਦੀਆਂ ਨੇ ਲਗਾਈ ਸਮਾਲਸਰ ਵਿਖੇ ਕਿਸਾਨ ਦੇ ਖੇਤ ਵਿੱਚ ਪਰਾਲੀ ਨੂੰ ਅੱਗ
ਸਮਾਲਸਰ,6 ਅਕਤੂਬਰ (ਜਸਵੰਤ ਗਿੱਲ)- ਭਾਵੇਂ ਕਿ ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਸਬੰਧੀ ਸਖਤ ਹਦਾਇਤਾ ਕੀਤੀਆਂ ਗਈਆ ਹਨ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ‘ਤੇ ਸਖਤ ਕਾਨੂੰਨੀ ਕਾਰਵਾਈ ਕਰਨ ਦਾ ਡਰਾਵਾ ਵੀ ਦਿੱਤਾ ਗਿਆ ਹੈ ਪਰ ਪਰਾਲੀ ਸਾੜਨ ਦੇ ਮਸਲੇ ਨੇ ਪੰਜਾਬ ਵਿੱਚ ਗੰਭੀਰ ਰੂਪ ਧਾਰਨ ਕਰ ਲਿਆ । ਇਸ ਮਸਲੇ ਨੂੰ ਲੈ ਕੇ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਆਹਮੋ-ਸਾਹਮਣੇ ਹੋ ਰਹੀਆ ਹਨ। ਸਰਕਾਰ ਦੇ ਫੈਸਲੇ ਤੋਂ ਨਾ ਖੁਸ਼ ਕਿਸਾਨ ਜਥੇਬੰਦੀਆਂ ਨੇ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਸਮਾਲਸਰ ਪ੍ਰਧਾਨ ਜਸਵਿੰਦਰ ਸਿੰਘ ਨੰਬਰਦਾਰ ਦੀ ਪ੍ਰਧਾਨਗੀ ਹੇਠ ਵੱਡੀ ਗਿਣਤੀ ਵਿੱਚ ਇਕੱਠੇ ਹੋ ਕਿ ਕਸਬਾ ਸਮਾਲਸਰ ਦੇ ਵੈਰੋਕੇ ਰੋਡ ਸਥਿਤ ਕਿਸਾਨ ਸੁਖਮੰਦਰ ਸਿੰਘ ਦੇ ਖੇਤ ਵਿੱਚ ਪਈ ਝੋਨੇ ਦੀ ਪਰਾਲੀ ਨੂੰ ਅੱਗ ਲਾ ਦਿੱਤੀ ਅਤੇ ਸਰਕਾਰ ਦੇ ਫੈਸਲੇ ਖਿਲਾਫ ਨਾਅਰੇਬਾਜੀ ਵੀ ਕੀਤੀ। ਪਰਾਲੀ ਨੂੰ ਅੱਗ ਲਗਾਉਣ ਸਮੇਂ ਜਗਮੇਲ ਸਿੰਘ ਉਰਫ ਸਾਹਬ ਸਰਪੰਚ,ਗੁਰਦੇਵ ਸਿੰਘ ਡੇਮਰੂ ਅਤੇ ਹਰਮੰਦਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਪਰਾਲੀ ਨਾ ਸਾੜਨ ਤਾਂ ਸਰਕਾਰ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਸਹੀ ਹੱਲ ਕੱਢਣੇ ਚਾਹੀਦੇ ਹਨ ਜ਼ਮੀਨ ਵਿੱਚ ਪਰਾਲੀ ਵਾਹ ਕੇ ਪਰਾਲੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਸਗੋਂ ਅਗਲੀ ਫਸਲ ਬੀਜਣ ਸਮੇਂ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਉਨ੍ਹਾਂ ਦੱਸਿਆਂ ਕਿ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਉਣ ਦਾ ਮਤਾ ਪਾਸ ਕੀਤਾ ਗਿਆ ਹੈ ਕਿਉਂਕਿ ਪਰਾਲੀ ਨੂੰ ਅੱਗ ਲਗਾਉਣ ਤੋਂ ਬਿਨ੍ਹਾਂ ਕਿਸਾਨ ਕੋਲ ਹੋਰ ਕੋਈ ਚਾਰਾ ਨਹੀਂ ਹੈ।ਕਿਸਾਨ ਜਥੇਬੰਦੀ ਦੁਆਰਾ ਪਰਾਲੀ ਨੂੰ ਅੱਗ ਲਗਾਉਣ ਦੇ ਬਾਵਜੂਦ ਕੋਈ ਵੀ ਅਫਸਰ ਮੌਕੇ ‘ਤੇ ਨਹੀਂ ਪਹੁੰਚਿਆ।ਇਸ ਮੌਕੇ ਪ੍ਰੀਤ ਸਿੰਘ ਬਰਾੜ,ਕਾਕਾ ਸਿੰਘ ਬਾਜ,ਬੁੱਕਣ ਸਿੰਘ ਡੇਮਰੂ,ਦਰਸ਼ਨ ਸਿੰਘ ਪੰਚ,ਹਰਨੇਕ ਸਿੰਘ ਡੇਮਰੂ,ਰੇਸ਼ਮ ਸਿੰਘ ਖਾਲਸਾ ਆਦਿ ਤੋਂ ਇਲਾਵਾ ਜਥੇਬੰਦੀ ਦੇ ਆਗੂ ਅਤੇ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ।ਇਸ ਸਬੰਧੀ ਜਦ ਡੀ.ਐੱਸ.ਪੀ ਸੁਖਦੀਪ ਸਿੰਘ ਬਾਘਾਪੁਰਾਣਾ ਨਾਲ ਫੋਨ ‘ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਹੁਣੇ ਹੀ ਥਾਣਾ ਸਮਾਲਸਰ ਮੁਖੀ ਨਾਲ ਗੱਲ ਕਰਦੇ ਹਨ ਅਤੇ ਸਬੰਧਿਤ ਕਿਸਾਨ ਖਿਲਾਫ ਸਰਕਾਰ ਦੀਆਂ ਹਦਾਇਤਾ ਅਨੁਸਾਰ ਕਾਰਵਾਈ ਕਰਨ ਲਈ ਕਹਿੰਦੇ ਹਨ।