ਪ੍ਰੋ. ਬਡੂੰਗਰ ਦੇ ਬਿਆਨਾਂ ਤੋਂ ਦੁਖੀ ਸ਼ਹੀਦਾਂ ਦੇ ਪਰਿਵਾਰਾਂ ਨੇ ਪੰਥ ਦਰਦੀਆਂ ਨੂੰ ਕੀਤੀ ਸਹਿਯੋਗ ਦੀ ਅਪੀਲ

ਸਮਾਲਸਰ, 3 ਅਕਤੂਬਰ (ਜਸਵੰਤ ਗਿੱਲ)- : ਭਾਂਵੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪੋ੍ਰ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਾਲੀ ਮੀਟਿੰਗ ਦੌਰਾਨ ਅੰਤਿੰ੍ਰਗ ਕਮੇਟੀ ਵੱਲੋਂ ਜਸਟਿਸ ਜੋਰਾ ਸਿੰਘ ਕਮਿਸ਼ਨ ਨੂੰ ਮੁੱਢੋਂ ਰੱਦ ਕਰਕੇ ਬਾਦਲ ਪਰਿਵਾਰ ਅਤੇ ਤਖਤਾਂ ਦੇ ਜਥੇਦਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਸ਼ੋ੍ਰਮਣੀ ਕਮੇਟੀ ਦੇ ਉਕਤ ਸਟੈਂਡ ਨੇ ਬੇਅਦਬੀ ਕਾਂਡ ਮੌਕੇ ਆਪਣੇ ਜਿਗਰ ਦੇ ਟੋਟੇ ਗੁਆ ਚੁੱਕੇ ਸ਼ਹੀਦ ਗੁਰਜੀਤ ਸਿੰਘ ਸਰਾਵਾਂ ਦੇ ਪਿਤਾ ਸਾਧੂ ਸਿੰਘ ਅਤੇ ਸ਼ਹੀਦ ਕਿ੍ਰਸ਼ਨ ਸਿੰਘ ਨਿਆਮੀਵਾਲਾ ਦੇ ਪਿਤਾ ਮਹਿੰਦਰ ਸਿੰਘ ਨੂੰ ਬਹੁਤ ਦੁਖੀ ਕੀਤਾ ਹੈ, ਕਿਉਂਕਿ ਉਕਤ ਪੀੜਤ ਪਰਿਵਾਰਾਂ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੋਂ ਇਨਸਾਫ ਮਿਲਣ ਦੀ ਆਸ ਬੱਝੀ ਸੀ ਤੇ ਉਹ ਚਾਹੁੰਦੇ ਸਨ ਕਿ ਦੁਨੀਆਂ ਭਰ ਦੀਆਂ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਭਰਪੂਰ ਸਹਿਯੋਗ ਦੇਣ ਪਰ ਸ਼੍ਰੋਮਣੀ ਕਮੇਟੀ ਦੇ ਗਲਤ ਸਟੈਂਡ ਅਤੇ ਉਸ ਨੂੰ ਸਹੀ ਠਹਿਰਾਉਣ ਵਾਲੇ ਟੀਵੀ ਚੈਨਲਾਂ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਅਕਾਲੀ ਦਲ ਬਾਦਲ ਦੇ ਹਮਾਇਤੀਆਂ ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੇ ਬਿਆਨ ਪੀੜਤ ਪਰਿਵਾਰਾਂ ਨੂੰ ਆਪਣੇ ਜਖਮਾਂ ’ਤੇ ਨਮਕ ਛਿੜਕਦੇ ਪ੍ਰਤੀਤ ਹੁੰਦੇ ਹਨ।

ਸਾਧੂ ਸਿੰਘ ਅਤੇ ਕਿ੍ਰਸ਼ਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਬਹਿਬਲ ਨੇ ਹੈਰਾਨੀ ਪ੍ਰਗਟਾਈ ਕਿ ਬਾਦਲ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਗਠਿਤ ਕੀਤੇ ਗਏ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਖੁਦ ਬਾਦਲ ਸਰਕਾਰ ਨੇ ਮੰਨਣ ਤੋਂ ਇਨਕਾਰ ਕਰ ਦਿੱਤੀ ਅਤੇ ਜਸਟਿਸ ਕਾਟਜੂ ਦੀ ਰਿਪੋਰਟ ਨੂੰ ਵੀ ਮਾਨਤਾ ਨਾ ਦਿੱਤੀ ਗਈ, ਬਾਦਲ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਅਣਪਛਾਤੇ ਪੁਲਿਸ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕਰਾਇਆ ਗਿਆ ਪਰ ਹਰ ਘਟਨਾ ਪੀੜਤ ਪਰਿਵਾਰਾਂ ਦੇ ਜਖਮਾਂ ’ਤੇ ਮੱਲਮ ਲਾਉਣ ਦੀ ਬਜਾਇ ਨਮਕ ਛਿੜਕਣ ਦਾ ਕਾਰਨ ਬਣਦੀ ਰਹੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਧੂ ਸਿੰਘ ਅਤੇ ਸੁਖਰਾਜ ਸਿੰਘ ਨੇ ਨਸੀਅਤ ਦਿੱਤੀ ਕਿ ਬਿਨਾ ਦੇਰੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਮੰਗਿਆ ਰਿਕਾਰਡ ਲੈ ਕੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਹਾਜ਼ਰ ਹੋਣ, ਕਿਉਂਕਿ ਇਸ ਰਿਕਾਰਡ ਨਾਲ ਕਮਿਸ਼ਨ ਨੂੰ ਜਾਂਚ ਕਰਨ ’ਚ ਸਹਿਯੋਗ ਮਿਲੇਗਾ ਤੇ ਜਿੱਥੇ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲਣ ਦੀ ਸੰਭਾਵਨਾ ਬਣੇਗੀ ਉਥੇ ਦੋਸ਼ੀਆਂ ਨੂੰ ਸਜਾਵਾਂ ਮਿਲਣਾ ਵੀ ਸੁਭਾਵਿਕ ਹੈ।

ਉਨਾ ਕਿਹਾ ਕਿ ਜਸਟਿਸ ਰਣਜੀਤ ਸਿੰਘ ਵੱਲੋਂ ਮੰਗੇ ਗਏ ਰਿਕਾਰਡ ਨਾਲ ਨਾ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਨਾ ਹੀ ਸ਼੍ਰੋ੍ਰਮਣੀ ਕਮੇਟੀ ਦੇ ਪ੍ਰਧਾਨ ਦੇ ਮਾਣ ਸਤਿਕਾਰ ਨੂੰ ਕੋਈ ਠੇਸ ਲੱਗਦੀ ਹੈ। ਇਸ ਲਈ ਜੇਕਰ ਪ੍ਰੋ. ਕਿਰਪਾਲ ਸਿੰੰਘ ਬਡੂੰਗਰ ਅਤੇ ਗਿਆਨੀ ਗੁਰਬਚਨ ਸਿੰਘ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਸੁਹਿਰਦ ਹਨ ਤਾਂ ਉਨਾਂ ਨੂੰ ਬਹਾਨੇਬਾਜੀ ਕਰਨ ਦੀ ਬਜਾਇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਭਰਪੂਰ ਸਹਿਯੋਗ ਕਰਨਾ ਚਾਹੀਦਾ ਹੈ। ਉਨਾ ਕਿਹਾ ਕਿ ਸੂਬੇ ’ਚ ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਲਈ ਮਗਰਮੱਛ ਦੇ ਹੰਝੂ ਵਹਾਉਣ ਵਾਲੇ ਗਿਆਨੀ ਗੁਰਬਚਨ ਸਿੰਘ, ਪੋ੍ਰ. ਕਿਰਪਾਲ ਸਿੰਘ ਬਡੂੰਗਰ, ਅਕਾਲੀ ਦਲ ਬਾਦਲ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਕਮੇਟੀ ਸਮੇਤ ਸਮੂਹ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਜੇਕਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਸਹਿਯੋਗ ਨਹੀਂ ਕਰਦੀਆਂ ਤਾਂ ਉਨਾਂ ਨੂੰ ਪੀੜਤ ਪਰਿਵਾਰਾਂ ਦੇ ਨਾਂਅ ’ਤੇ ਸਿਆਸੀ ਰੋਟੀਆਂ ਸੇਕਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਉਨਾ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੇ ਉਸ ਦੀ ਟੀਮ ਵੱਲੋਂ ਕੀਤੀ ਜਾ ਰਹੀ ਗੁਮਰਾਹਕੁੰਨ ਬਿਆਨਬਾਜੀ ਦੀ ਨਿਖੇਧੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ, ਪਰਮਜੀਤ ਸਿੰਘ ਸਰਨਾ, ਗਿਆਨੀ ਬਲਵੰਤ ਸਿੰਘ ਨੰਦਗੜ ਸਮੇਤ ਸਮੂਹ ਪੰਥਦਰਦੀਆਂ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ।