ਗੁਰਭਜਨ ਗਿੱਲ ਦੇ ਗਜ਼ਲ ਸੰਗ੍ਰਹਿ ‘ਰਾਵੀ’ ‘ਚ ਦੇਸ਼ ਵੰਡ ਦੀ ਪੀੜ ਪ੍ਰਬਲ-ਡਾ: ਐੱਸ ਪੀ ਸਿੰਘ

ਲੁਧਿਆਣਾ: 2 ਅਕਤੂਬਰ(ਜਸ਼ਨ)-ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਪੰਜਾਬੀ ਕਵੀ ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਹਿ ਰਾਵੀ ਨੂੰ ਲੋਕ ਅਰਪਨ ਕਰਦਿਆਂ  ਡਾ: ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਹੈ ਕਿ ਗੁਰਭਜਨ ਗਿੱਲ ਮੇਰਾ ਮਾਣਮੱਤਾ ਵਿਦਿਆਰਥੀ ਹੈ ਜਿਸਨੇ ਗੁੱਜਰਾਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਲੁਧਿਆਣਾ ਦੇ ਮਾਹੌਲ ਤੋਂ ਪ੍ਰੇਰਨਾ ਲੈ ਕੇ 1971 ਚ ਲਿਖਣਾ ਸ਼ੁਰੂ ਕੀਤਾ। ਰਾਵੀ ਗ਼ਜ਼ਲ ਸੰਗ੍ਰਹਿ ਵਿੱਚ ਸ਼ਾਮਿਲ ਗ਼ਜ਼ਲਾਂ ਬਾਰੇ ਉਨਾਂ ਕਿਹਾ ਕਿ ਇਸ ਵਿਚ ਦੇਸ਼ ਵੰਡ ਦੀ ਪੀੜ ਪ੍ਰਬਲ ਹੈ। ਦੇਸ਼ ਵਿੱਚ ਅਰਾਜਕਤਾ ਦੇ ਮਾਹੌਲ ਦੇ ਹਵਾਲੇ ਵੀ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੇ ਹਨ ਕਿ ਇਥੋਂ ਤੀਕ ਨੌਬਤ ਕਿਓਂ ਆਈ । ਉਨਾਂ ਕਿਹਾ ਕਿ ਕਾਲਿਜ ਦੇ ਸ਼ਤਾਬਦੀ ਸਾਲ ਚ ਪੁਰਾਣੇ ਵਿਦਿਆਰਥੀ ਦੀ ਲਿਖਤ ਦਾ ਕਾਲਿਜ ਦੇ ਵਿਹੜੇ ਚ ਲੋਕ ਅਰਪਨ ਹੋਣਾ ਸ਼ੁਭ ਸ਼ਗਨ ਹੈ। ਪੁਸਤਕ ਬਾਰੇ ਵਿਸ਼ੇਸ਼ ਜਾਣ ਪਛਾਣ ਕਰਵਾਉਂਦਿਆਂ ਉੱਘੇ ਚਿੰਤਕ ਤੇ ਪੰਜਾਬੀ ਕਵੀ ਜਸਵੰਤ ਜਫ਼ਰ ਨੇ ਕਿਹਾ ਕਿ 1985 ਚ ਸੁਰਜੀਤ ਪਾਤਰ ਦੀ ਪਹਿਲੀ ਪੁਸਤਕ ਹਵਾ ਵਿੱਚ ਲਿਖੇ ਹਰਫ਼ ਤੇ ਗੁਰਭਜਨ ਗਿੱਲ ਦੀ ਗ਼ਜ਼ਲ ਪੁਸਤਕ ਹਰ ਧੁਖ਼ਦਾ ਪਿੰਡ ਮੇਰਾ ਹੈ ਦੀ ਪ੍ਰੇਰਨਾ ਨੇ ਹੀ ਮੈਨੂੜ ਕਵਿਤਾ ਦੇ ਰੂਬਰੂ ਕੀਤਾ।ਰਾਵੀ ਨੂੰ ਕੇਂਦਰ ਚ ਰੱਖ ਕੇ ਸਿਰਜੀਆਂ ਇਹ ਗ਼ਜ਼ਲਾਂ ਸਾਨੂੰ ਧਰਤੀ ਦੀ ਪੀੜ ਤੇ ਸਮੁੰਦਰੀ ਤਿਉੜੀਂ ਤੋਂ ਵਾਕਿਫ਼ ਕਰਵਾਉਂਦੀਆਂ ਹਨ। ਸਮਕਾਲ ਨਾਲ ਖਹਿ ਕੇ ਲੰਘਦੀ ਇਹ ਸ਼ਾਇਰੀ ਮਨ ਦੀ ਵਾਰਤਾ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪਹੰੁਚੇ ਬਲਜੀਤ ਬੱਲੀ ਮੁੱਖ ਸੰਪਾਦਕ ਬਾਬੂਸ਼ਾਹੀ ਡਾਟ ਕਾਮ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਵੀ ਚ ਸ਼ਾਮਿਲ ਗ਼ਜ਼ਲਾਂ ਸਮਕਾਲੀਨ ਸਥਿਤੀਆਂ ਦੇ ਨਾਲ ਨਾਲ ਤੁਰਦਿਆਂ ਸਿਰਜਣਾਤਮਿਕ ਸ਼ਕਤੀ ਦਾ ਸੁਮੇਲ ਹਨ। ਉਨਾਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਸ਼ਬਦ ਸਮਰਥਾ ਵਧਾਉਣ ਦੀ ਸਖ਼ਤ ਲੋੜ ਹੈ ਅਤੇ ਗੁਰਭਜਨ ਗਿੱਲ ਨੇ ਇਹ ਧਰਮ ਬਾਖੂਬੀ ਨਿਭਾਇਆ ਹੈ। ਜੀ ਜੀਐੱਨ ਆਈ ਐੱਮ ਟੀ ਦੇ ਡਾਇਰੈਕਟਰ ਤੇ ਗੁਰਭਜਨ ਗਿੱਲ ਦੇ ਸਹਿਪਾਠੀ ਪ੍ਰੋ: ਮਨਜੀਤ ਸਿੰਘ ਛਾਬੜਾ ਨੇ ਸਵਾਗਤੀ ਸ਼ਬਦ ਕਹੇ ਜਦ ਕਿ ਮੰਚ ਸੰਚਾਲਨ ਡਾ: ਮੁਨੀਸ਼ ਕੁਮਾਰ ਨੇ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪਰਧਾਨ ਸ: ਗੁਰਸ਼ਰਨ ਸਿੰਘ ਨਰੂਲਾ ਨੇ ਸਮਾਗਮ ਦੀ ਪਰਧਾਨਗੀ ਕੀਤੀ। ਲੁਧਿਆਣਾ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ: ਜਗਬੀਰ ਸਿੰਘ ਸੋਖੀ, ਪਿਰਥੀਪਾਲ ਸਿੰਘ ਬਟਾਲਾ, ਦਲਜਿੰਦਰ ਰਹਿਲ ਇਟਲੀ, ਕਰਮਜੀਤ ਸਿੰਘ ਆਰਕੀਟੈਕਟ, ਹਰਬਖਸ਼ ਸਿੰਘ ਗਰੇਵਾਲ, ਜਸਜੀਤ ਸਿੰਘ ਨੱਤ, ਗੁਰਿੰਦਰਜੀਤ ਸਿੰਘ ਨੱਤ,ਰਵਿੰਦਰ ਰੰਗੂਵਾਲ, ਕਮਲਜੀਤ ਸਿੰਘ ਸ਼ੰਕਰ ਤੇ ਇੰਡੋਜ਼ ਸਾਹਿੱਤ ਸਭਾ ਦੇ ਪ੍ਰਤੀਨਿਧ ਸੁਰਜੀਤ ਸਿੰਘ ਸੰਧੂ ਨੇ ਰਾਵੀ ਦੀਆਂ ਕਾਪੀਆਂ ਬਹੁਗਿਣਤੀ ਚ ਖ਼ਰੀਦ ਕੇ ਅੱਗੇ ਲੋਕ ਜਾਗ ਵਜੋਂ ਵੰਡਣ ਦੀ ਪਹਿਲਕਦਮੀ ਕੀਤੀ । ਆਪਣੀ ਸਿਰਜਣ ਪ੍ਰਕਿਰਿਆ ਅਤੇ ਰਾਵੀ ਪੁਸਤਕ ਬਾਰੇ ਬੋਲਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਮੇਰੀ ਪਹਿਲੀ ਉਡਾਨ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਤੋਂ ਡਾ: ਐੱਸ ਪੀ ਸਿੰਘ ਤੇ ਮੇਰੇ ਪਰਿਵਾਕ ਚੌਗਿਰਦੇ ਦੀ ਸ਼ਬਦ ਸਾਂਝ ਤੋਂ ਸ਼ੁਰੂ ਹੋਈ ਸੀ ਜੋ ਲਗਾਤਾਰ ਨਿਭ ਰਹੀ ਹੈ। ਉਨਾਂ ਕਿਹਾ ਕਿ ਵਿਸ਼ਵ ਭਰ ਚ ਵੱਸਦੇ ਪੰਜਾਬੀ ਪਿਆਰਿਆਂ ਦੀ ਮੁਹੱਬਤ ਸਦਕਾ ਹੀ ਮੇਰੀ ਕਲਮ ਰਵਾਨੀ ਚ ਰਹਿੰਦੀ ਹੈ। ਇਸ ਮੌਕੇ ਕਾਲਿਜ ਪ੍ਰਬੰਧਕ ਕਮੇਟੀ ਵੱਲੋਂ ਗੁਰਭਜਨ ਗਿੱਲ ਅਤੇ ਉਨਾਂ ਦੀ ਜੀਵਨ ਸਾਥਣ ਜਸਵਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ। 103 ਗ਼ਜ਼ਲਾਂ ਵਾਲੀ 128 ਸਫਿਆਂ ਦੀ ਇਸ ਪੁਸਤਕ ਵਿੱਚ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਵੀ ਤੇ ਨਾਟਕਕਾਰ ਡਾ: ਸਵਰਾਜਬੀਰ ਤੇ ਪੰਜਾਬੀ ਯੂਨੀ: ਪਟਿਆਲਾ ਦੇ ਸੀਨੀਅਰ ਪ੍ਰੋਫੈਸਰ ਡਾ: ਸੁਰਜੀਤ ਸਿੰਘ ਭੱਟੀ ਦੇ ਵਿਸ਼ੇਸ਼ ਲੇਖ ਸ਼ਾਮਿਲ ਕੀਤੇ ਗਏ ਹਨ। ਰਾਮਗੜੀਆ ਐਜੂਕੇਸ਼ਨਲ ਕੌਂਸਲ ਦੇ ਪਰਧਾਨ ਤੇ ਲੇਖਕ ਸ: ਰਣਜੋਧ ਸਿੰਘ ਤੇਜਪਰਤਾਪ ਸਿੰਘ ਸੰਧੂ,ਡਾ: ਮਾਨ ਸਿੰਘ ਤੂਰ, ਡਾ: ਜਗਵਿੰਦਰ ਜੋਧਾ ਆਰ ਐੱਸ ਡੀ ਕਾਲਿਜ ਫਿਰੋਜ਼ਪੁਰ,ਸ: ਹਕੀਕਤ ਸਿੰਘ ਮਾਂਗਟ,ਮਹਿੰਦਰ ਸਿੰਘ ਸੇਖੋਂ,ਬਲਵਿੰਦਰ ਗਿੱਲ, ਅਮਰਜੀਤ ਸ਼ੇਰਪੁਰੀ, ਸਰਬਜੀਤ ਵਿਰਦੀ, ਪਰਦੀਪ ਸਿੰਘ ਫਿਲਮਸਾਜ਼,ਡਾ: ਪਰਮਜੀਤ ਸੋਹਲ,ਡਾ: ਗੁਲਜ਼ਾਰ ਪੰਧੇਰ, ਹਰਬੰਸ ਮਾਲਵਾ, ਡਾ: ਹਰਪ੍ਰੀਤ ਸਿੰਘ ਦੂਆ,ਦਲਬੀਰ ਲੁਧਿਆਣਵੀ ਤੋਂ ਇਲਾਵਾ ਕਾਲਿਜ ਪ੍ਰਬੰਧਕ ਕਮੇਟੀ ਦੇ ਮੈਂਬਰ ਸ: ਹਰਦੀਪ ਸਿੰਘ, ਭਗਵੰਤ ਸਿੰਘ ਤੇ ਕਈ ਹੋਰ ਸਿਰਕੱਢ ਵਿਅਕਤੀ ਹਾਜ਼ਰ ਸਨ। ਪੰਜਾਬੀ ਵਿਭਾਗ ਦੇ ਮੁਖੀ ਡਾ: ਭੁਪਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸੰਗਮ ਪਬਲੀਕੇਸ਼ਨ ਸਮਾਣਾ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਨੂੰ ਲੁਧਿਆਣਾ ਚ ਪੰਜਾਬੀ ਭਵਨ ਲੁਧਿਆਣਾ ਤੋਂ ਅਕਾਡਮੀ ਦੇ ਆਪਣੇ ਵਿਕਰੀ ਕੇਂਦਰ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਪੰਜਾਬੀ ਭਵਨ ਲੁਧਿਆਣਾ ਦੇ ਪੁਸਤਕ ਵਿਕਰੀ ਕੇਂਦਰ ਤੋਂ ਵੀ ਹਾਸਲ ਕੀਤਾ ਜਾ ਸਕਦਾ ਹੈ।