ਮਨਪ੍ਰੀਤ ਸਿੰਘ ਸੇਖਾ ਕਲਾਂ ਦੇ ਬੱਬਰ ਖਾਲਸਾ ਨਾਲ ਸਬੰਧ ਦੀਆਂ ਖਬਰਾਂ ਨੇ ਪਰਿਵਾਰ ਦੇ ਉਡਾਏ ਹੋਸ਼

ਸਮਾਲਸਰ,2 ਅਕਤੂਬਰ (ਜਸਵੰਤ ਗਿੱਲ ਸਮਾਲਸਰ)-ਨਜ਼ਦੀਕੀ ਪਿੰਡ ਸੇਖਾ ਕਲਾਂ ਦੇ ਨਾਬਾਲਗ ਮਨਪ੍ਰੀਤ ਸਿੰਘ ਦੇ ਲਾਪਤਾ ਹੋਣ ਦੀਆਂ ਖਬਰਾਂ ਜਿੱਥੇ ਬੀਤੇ ਸ਼ੁਕਰਵਾਰ ਤੋਂ ਹੀ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਫੈਲ ਗਈਆਂ ਸਨ ਉੱਥੇ ਹੀ ਅੱਜ ਉਸ ਦੇ ਨਿਰਦੋਸ਼ ਅਤੇ ਕਿਸੇ ਵੀ ਗਰਮਖਿਆਲੀ ਜੱਥੇਬੰਦੀ ਨਾਲ ਸਬੰਧ ਨਾ ਹੋਣ ਦੇ ਚਰਚੇ ਵੀ ਪਿੰਡ ਦੇ ਹਰ ਗਲੀ-ਮੋੜ ਤੇ ਚੱਲ ਰਹੇ ਹਨ। ਸ਼ੁਕਰਵਾਰ 29 ਸਤੰਬਰ ਨੂੰ ਘਰੋਂ ਤਕਰੀਬਨ ਦੁਪਹਿਰ ਸਮੇਂ ਲਾਪਤਾ ਹੋਏ ਮਨਪ੍ਰੀਤ ਸਿੰਘ (15-16) ਪੁੱਤਰ ਗੁਰਮੱੁਖ ਸਿੰਘ ਦੀ ਭਾਲ ਕਰ ਰਹੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਦੇਰ ਰਾਤ ਨੂੰ ਪਤਾ ਚੱਲਿਆ ਕਿ ਮਨਪ੍ਰੀਤ ਸਿੰਘ ਸ਼੍ਰੀ ਅੰਮਿ੍ਰਤਸਰ  ਸਾਹਿਬ ਹੈ ਅਤੇ ਪਰਿਵਾਰ ਦੇ ਕੁਝ ਮੈਂਬਰ ਉਸ ਦੀ ਭਾਲ ਲਈ ਦਰਬਾਰ ਸਾਹਿਬ ਜਾ ਪਹੁੰਚੇ ਪਰ ਉੱਥੇ ਜਾ ਕੇ ਪਤਾ ਚੱਲਿਆ ਕਿ ਮਨਪ੍ਰੀਤ ਸਿੰਘ ਸਮੇਤ ਲੁਧਿਆਣਾ ਪੁਲਿਸ ਨੇ 7 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ ਅਤੇ ਪੁਲਿਸ ਦਾਅਵਾ ਕਰ ਰਹੀ ਹੈ ਕਿ ਇਨ੍ਹਾਂ 7 ਵਿਅਕਤੀਆਂ ਦੇ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਨਾਲ ਸਬੰਧ ਹਨ ਅਤੇ ਦੁਸਹਿਰੇ ਵਾਲੇ ਦਿਨ ਇਹ ਵਿਅਕਤੀ ਕੋਈ ਵੱਡੀ ਵਾਰਦਾਤ ਨੂੰ ਅੰਜ਼ਾਮ ਦੇ ਸਕਦੇ ਸਨ। ਮਨਪ੍ਰੀਤ ਸਿੰਘ ਦੀਆਂ ਬੱਬਰ ਖਾਲਸਾ ਨਾਲ ਸਬੰਧ ਹੋਣ ਦੀਆਂ ਖਬਰਾਂ ਜਿਉ ਹੀ ਦੂਸਰੇ ਦਿਨ ਅਖਬਰਾਂ ਵਿੱਚ ਛਪੀਆਂ ਤਾਂ ਪੂਰਾ ਇਲਾਕਾ ਹੈਰਾਨ ਰਹਿ ਗਿਆ ਅਤੇ ਪਿੰਡ ਦੇ ਲੋਕ ਮਨਪ੍ਰੀਤ ਦੇ ਘਰ ਇਕੱਠੇ ਹੋ ਗਏ। ਇਸ ਖੁਲਾਸੇ ਨਾਲ ਪਰਿਵਾਰ ਨੂੰ ਜਿੱਥੇ ਗਹਿਰਾ ਸਦਮਾ ਪਹੁੰਚਿਆਂ ਹੈ ਉੱਥੇ ਹੀ ਪਰਿਵਾਰ ਇਸ ਗੱਲ ਦਾ ਦਾਅਵਾ ਵੀ ਕਰ ਰਿਹਾ ਹੈ ਕਿ ਪੁਲਿਸ ਨੂੰ ਉਨ੍ਹਾਂ ਦੇ ਲੜਕੇ ਮਨਪ੍ਰੀਤ ਸਿੰਘ ਸਬੰਧੀ ਕੋਈ ਗਲਤਫਹਿਮੀ ਹੋਈ ਹੋਵੇਗੀ ਅੱਜ ਤੱਕ ਉਸ ਨੇ ਨਾ ਤਾਂ ਕਦੇ ਘਰੇ ਹੀ ਕੋਈ ਸ਼ੱਕੀ ਗੱਲ ਕੀਤੀ ਹੈ ਜਿਸ ਨਾਲ ਸਾਨੂੰ ਉਸ ਦੇ ਕਿਸੇ ਜਥੇਬੰਦੀ ਨਾਲ ਸਬੰਧ ਹੋਣ ਦੀ ਗੱਲ ਲੱਗੀ ਹੋਵੇ ਅਤੇ ਨਾ ਹੀ ਉਸ ਨੇ ਬਾਹਰ ਕੋਈ ਅਜਿਹੀ ਹਰਕਤ ਕੀਤੀ ਹੈ,ਪਰ ਪੁਲਿਸ ਵਲੋਂ ਉਸ ਦੇ ਬੱਬਰ ਖਾਲਸਾ ਨਾਲ ਸਬੰਧ ਹੋਣ ਦੀ ਗੱਲ ਨੇ ਪਰਿਵਾਰ ਦੇ ਹੋਸ਼ ਉਡਾ ਦਿੱਤੇ ਹਨ। ਪਿਤਾ ਗਰੁਮੁੱਖ ਸਿੰਘ ਨੇ ਦੱਸਿਆਂ ਕਿ ਉਨ੍ਹਾਂ ਦਾ ਲੜਕਾ ਗਿਆਰਵੀਂ ਕਲਾਸ ਵਿੱਚ ਪੜ੍ਹ ਰਿਹਾ ਹੈ ਸਵੇਰੇ ਉਹ ਸਕੂਲ ਜਾਂਦਾ ਅਤੇ ਸਕੂਲੋਂ ਆ ਕੇ ਘਰ ਦੇ ਨਜ਼ਦੀਕੀ ਹੀ ਡਾਕਟਰ ਦੀ ਦੁਕਾਨ ਤੋਂ ਕੰਮ ਸਿੱਖ ਰਿਹਾ ਸੀ। ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਸੁਭਾਅ ਦਾ ਵੀ ਨਰਮ ਹੈ ਉਹ ਕਦੇ ਵੀ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦਾ । ਪਿੰਡ ਵਾਸੀਆਂ ਅਤੇ ਪਰਿਵਾਰ ਨੇ ਪੁਲਿਸ ਵਿਭਾਗ ਨੂੰ ਇਸ ਸਬੰਧੀ ਬਰੀਕੀ ਨਾਲ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਮਨਪ੍ਰੀਤ ਕਿਸੇ ਸਾਜਿਸ਼ ਦਾ ਸ਼ਿਕਾਰ ਨਾ ਹੋਇਆਂ ਹੋਵੇ। ਉਹਨਾਂ ਕਿਹਾ ਕਿ ਮਨਪ੍ਰੀਤ ਨਾਬਾਲਗ ਹੋਣ ਦੇ ਨਾਲ-ਨਾਲ ਵਿਦਿਆਰਥੀ ਵੀ ਹੈ ਜੇਕਰ ਅੱਜ ਉਸ ਦੇ ਸਬੰਧ ਕਿਸੇ ਗਰਮਖਿਆਲੀ ਜੱਥੇਬੰਦੀ ਨਾਲ ਜੋੜ ਦਿੱਤੇ ਤਾਂ ਉਸਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਪਿੰਡ ਵਾਸੀਆਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਪੂਰਾ ਪਿੰਡ ਹੀ ਨਹੀਂ ਸਗੋਂ ਸਾਰਾ ਇਲਾਕਾ ਪਰਿਵਾਰ ਅਤੇ ਸੱਚ ਦੇ ਨਾਲ ਖੜ੍ਹਾ ਹੈ ਮਨਪ੍ਰੀਤ ਨੂੰ ਬਚਾਉਣ ਲਈ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਪਿੰਡ ਵਾਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਕਰਨਗੇ।