ਗੁਰਦਾਸਪੁਰ ਉੱਪ ਚੋਣ ’ਚ ਆਪ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸਿਰਜੇਗੀ ਇਤਿਹਾਸ : ਦਲਜੀਤ ਸਿੰਘ ਸਦਰਪੁਰਾ
![](https://sadamoga.com/sites/default/files/styles/front_news_slider_500x300/public/field/image/cc_99.jpg?itok=XSfPQGUO)
ਕੋਟ ਈਸੇ ਖਾਂ,27 ਸਤੰਬਰ (ਜਸ਼ਨ)-ਗੁਰਦਾਸਪੁਰ ਲੋਕ ਸਭਾ ਸੀਟ ਲਈ ਹੋ ਰਹੀ ਉਪ ਚੋਣ ’ਚ ਵਧੀਆ ਪ੍ਰਦਰਸ਼ਨ ਕਰਦਿਆਂ ਆਪ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਨਵਾਂ ਇਤਿਹਾਸ ਸਿਰਜੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਆਗੂ ਅਤੇ ਪੀ ਡੀ ਐੱਫ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਗੁਰਦਾਸਪੁਰ ਉਪ ਚੋਣ ਸਬੰਧੀ ਹਲਕਾ ਧਰਮਕੋਟ ਦੇ ਆਪ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਉਣ ਮੌਕੇ ਕੀਤਾ। ਦਲਜੀਤ ਸਿੰਘ ਸਦਰਪੁਰਾ ਨੇ ਆਖਿਆ ਕਿ ਰਵਾਇਤੀ ਪਾਰਟੀਆਂ ਨੇ ਹਮੇਸ਼ਾ ਲੋਕ ਹਿੱਤਾਂ ਵਿਚ ਕੰਮ ਕਰਨ ਦੀ ਬਜਾਏ ਝੂਠੇ ਵਾਅਦਿਆਂ ਨਾਲ ਸੱਤਾ ਸੰਭਾਲੀ ਹੈ ਅਤੇ ਦੇਸ਼ ਤੇ ਸੂਬੇ ਦੇ ਸਰਮਾਏ ਨੂੰ ਦੋਹੀ ਹੱਥੀਂ ਲੁੱਟ ਕੇ ਸਿਰਫ ਆਪਣੇ ਘਰ ਭਰੇ ਹਨ । ਉਹਨਾਂ ਕਿਹਾ ਕਿ ਇਹਨਾਂ ਸਿਆਸੀ ਪਾਰਟੀਆਂ ਦੀ ਸੌੜੀ ਸੋਚ ਦੇ ਭਿਆਨਕ ਸਿੱਟੇ ਸਾਡੇ ਸਾਹਮਣੇ ਹਨ ਜਦੋਂ ਕਿਸਾਨ, ਮਜ਼ਦੂਰ ਅਤੇ ਵਪਾਰੀ ਆਰਥਿਕ ਪੱਖੋਂ ਤਬਾਹ ਹੋ ਚੁੱਕੇ ਹਨ। ਸਦਰਪੁਰਾ ਨੇ ਆਖਿਆ ਕਿ ਪੜ੍ਹੀ ਲਿਖੀ ਪੀੜੀ ਰੋਜ਼ਗਾਰ ਲਈ ਵਿਦੇਸ਼ਾਂ ਵੱਲ ਕੂਚ ਕਰ ਰਹੀ ਹੈ ਕਿਉਂਕਿ ਆਪਣੇ ਵਤਨ ਵਿਚ ਉਹਨਾਂ ਨੂੰ ਆਪਣਾ ਭਵਿੱਖ ਧੰੁਦਲਾ ਨਜ਼ਰ ਆ ਰਿਹਾ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਭਲਾਈ ਹਿੱਤ ਇਨਾਂ ਲੋਟੂ ਟੋਲਿਆਂ ਨੂੰ ਸੱਤਾ ਤੋਂ ਬਾਹਰ ਕਰਨ ਲਈ ਲੋਕਾਂ ਨੇ ਆਪਣਾ ਪੱਕਾ ਮਨ ਬਣਾ ਲਿਆ ਹੈ ਤੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਮਿਲੇ ਰਹੇ ਇਸ ਭਰਵੇਂ ਹੁੰਗਾਰੇ ਤੋਂ ਸਪੱਸ਼ਟ ਹੈ ਕਿ ਆਪ ਗੁਰਦਾਸਪੁਰ ਦੀ ਉੱਪ ਚੋਣ ਵਿਚ ਸ਼ਾਨਦਾਰ ਜਿੱਤ ਦਰਜ ਕਰਕੇ ਨਵਾਂ ਇਤਿਹਾਸ ਸਿਰਜੇਗੀ। ਇਸ ਮੌਕੇ ਉਹਨਾਂ ਨਾਲ ਸਿਮਰਜੀਤ ਸੰਧੂ ਰਾਮਗੜ੍ਹ, ਗੁਰਬਖਸ਼ ਸਿੰਘ ਬਾਜੇਕੇ ਅਤੇ ਗੁਰਚਰਨ ਸਿੰਘ ਤਖਤੂਪੁਰ ਆਦਿ ਹਾਜ਼ਰ ਸਨ।