ਵਿਧਾਇਕ ਮਨਜੀਤ ਬਿਲਾਸਪੁਰ ਤੇ ਪ੍ਰਵਾਸੀ ਭਾਰਤੀ ਨੇ ਕੀਤੀ ਗੈਰਿਜ ਮਾਲਕ ਦੀ ਆਰਥਿਕ ਸਹਾਇਤਾ

ਬਿਲਾਸਪੁਰ,27 ਸਤੰਬਰ (ਜਸ਼ਨ)- ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਪ੍ਰਵਾਸੀ ਭਾਰਤੀ ਭੁਪਿੰਦਰ ਸਿੰਘ ਵੱਲੋਂ ਕਰਤਾਰ ਮੋਟਰਜ ਗੈਰਿਜ ਦੇ ਮਾਲਕ ਦੀ ਮਾਲੀ ਸਹਾਇਤਾ ਕਰਕੇ ਉਸ ਨੂੰ ਫਿਰ ਤੋਂ ਪੈਰਾਂ ਸਿਰ ਕਰਨ ਦਾ ਨੇਕ ਕਾਰਜ ਕੀਤਾ ਗਿਆ ਹੈ । ਬੀਤੇ ਦਿਨੀਂ ਸਤਿ ਕਰਤਾਰ ਮੋਟਰਜ ਗੈਰਿਜ ਬੱਧਨੀ ਕਲਾਂ ਚ’ ਅਚਾਨਕ ਅੱਗ ਲੱਗਣ ਨਾਲ ਗੈਰਿਜ ਦਾ ਸਮਾਨ ਪੂਰੀ ਤਰਾਂ ਸੜ ਕੇ ਸੁਆਹ ਹੋ ਗਿਆ ਸੀ । ਗੈਰਿਜ ਮਾਲਕ ਕਮਲਦੀਪ ਸਿੰਘ ਮੁਤਾਬਕ ਗੈਰਿਜ ਵਿੱਚ ਸਪੇਅਰ ਪਾਰਟਸ ਦੇ ਸਮਾਨ ਸਮੇਤ ਕਰੀਬ 22 ਲੱਖ ਰੁਪਏ ਦਾ ਨੁਕਸਾਨ ਹੋਇਆ ਸੀ ਅਤੇ ਗੈਰਿਜ ਵਿੱਚ ਗੱਡੀਆਂ ਦੀ ਰਿਪੇਅਰ ਲਈ ਵਰਤੇ ਜਾਂਦੇ ਸੰਦ ਵੀ ਅੱਗ ਨਾਲ ਨਕਾਰਾ ਹੋ ਗਏ ਸਨ। ਇਸ ਘਟਨਾ ਦੀ ਜਾਣਕਾਰੀ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਮਿਲਣ ‘ਤੇ ਜਿੱਥੇ ਉਹਨਾਂ ਪੀੜਤ ਨਾਲ ਹਮਦਰਦੀ ਪਰਗਟ ਕੀਤੀ ਉਥੇ ਪ੍ਰਵਾਸੀ ਭਾਰਤੀ ਭੁਪਿੰਦਰ ਸਿੰਘ ਇੰਗਲੈਂਡ ਵਾਲਿਆਂ ਦੇ ਸਹਿਯੋਗ ਨਾਲ ਨਕਦ ਰਾਸ਼ੀ ਦੇ ਕੇ ਗੈਰਿਜ ਮਾਲਕ ਦੀ ਆਰਥਿਕ ਮਦਦ ਵੀ ਕੀਤੀ । ਇਸ ਮੌਕੇ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਅਜਿਹੀ ਦੁਖਦਾਈ ਘਟਨਾ ਵਾਪਰਨ ਤੇ ਸਰਕਾਰ ਨੂੰ ਪੀੜਤਾਂ ਲਈ ਤੁਰੰਤ ਮੁਆਵਜ਼ਾ ਦੇਣ ਦੇ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਇਹ ਹੁਨਰਮੰਦ ਨੌਜਵਾਨ ਫਿਰ ਤੋਂ ਆਪਣੇ ਕੰਮ ਕਾਰਾਂ ਨੂੰ ਸ਼ੁਰੂ ਕਰਕੇ ਰੋਜ਼ਗਾਰ ਦਾਤੇ ਬਣ ਸਕਣ। ਇਸ ਮੌਕੇ ਵਿਧਾਇਕ ਬਿਲਾਸਪੁਰ ਨੇ ਸਮਾਜ ਸੇਵੀ ਪ੍ਰਵਾਸੀ ਭਾਰਤੀਆਂ ਅਤੇ ਹੋਰ ਸਮਾਜ ਸੇਵੀਆਂ ਨੂੰ ਪੀੜਤ ਕਮਲਦੀਪ ਸਿੰਘ ਦੀ ਹੋਰ ਵਧੇਰੇ ਸਹਾਇਤਾ ਕਰਨ ਦੀ ਅਪੀਲ ਵੀ ਕੀਤੀ । ਇਸ ਮੌਕੇ ਵਿਧਾਇਕ ਮਨਜੀਤ ਬਿਲਾਸਪੁਰ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਪ੍ਰਵਾਸੀ ਭਾਰਤੀ ਭੁਪਿੰਦਰ ਸਿੰਘ ਇੰਗਲੈਂਡ ਵਾਲਿਆਂ ਅਤੇ ਹੋਰ ਮਦਦਗਾਰਾਂ ਦਾ ਉਚੇਚ ਤੌਰ ਤੇ ਧੰਨਵਾਦ ਵੀ ਕੀਤਾ ।