ਪੰਜਾਬ ਸਰਕਾਰ ਵਲੋਂ ਸਰਵਾਇਕਲ ਕੈਂਸਰ ਤੋਂ ਬਚਾਅ ਲਈ ਐਚ.ਪੀ.ਵੀ. ਵੈਕਸੀਨ ਦੀ ਹੋਵੇਗੀ ਸ਼ੁਰੂਆਤ

ਚੰਡੀਗੜ, ਸਤੰਬਰ 26(ਜਸ਼ਨ)-ਰਾਜ ਵਿਚ ਸਰਵਾਈਕਲ ਕੈਂਸਰ ਤੋਂ ਔਰਤਾਂ ਨੂੰ ਸੁਰੱਖਿਅਤ ਕਰਨ ਦੇ ਮਕਸਦ ਨਾਲ ਸਿਹਤ ਅਤੇ ਪਰਿਵਾਰ ਭਲਾਈ, ਪੰਜਾਬ ਵਲੋਂ ਨਵੰਬਰ ਮਹੀਨੇ ਵਿਚ ਐਚ,ਪੀ.ਵੀ. ਵੈਕਸੀਨ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸੂਬੇ ਵਿਚ ਔਰਤਾਂ ਨੂੰ ਛਾਤੀ ਦੇ ਕੈਂਸਰ ਤੋਂ ਬਾਅਦ ਹੋਣ ਵਾਲਾ ਸਰਵਾਈਕਲ ਦੂਜਾ ਕੈਂਸਰ ਹੈ। ਅੱਜ ਇਥੇ ਐਚ.ਪੀ.ਵੀ. ਸਬੰਧੀ ਤਕਨੀਕੀ ਮਾਹਿਰ ਗਰੁੱਪ ਦੀ ਆਯੋਜਿਤ ਮੀਟਿੰਗ ਦੀ ਅਗਵਾਈ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਰਾਜ ਸਰਕਾਰ ਕੈਂਸਰ ਤੋਂ ਪੀੜਤ ਮਰੀਜਾਂ ਨੂੰ ਹਰ ਸੰਭਵ ਮਦੱਦ ਅਤੇ ਇਲਾਜ ਦੇਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਸੂਬੇ ਦੇ ਸਕੂਲਾਂ ਵਿਚ ਪੜਨ ਵਾਲੀਆਂ ਸਾਰੀਆਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਤੋਂ ਸੁਰੱਖਿਅਤ ਕਰਨ ਲਈ ਐ.ਪੀ.ਵੀ. ਦੇ ਟੀਕੇ ਲਗਾਏ ਜਾਣਗੇ। ਸਿਹਤ ਮੰਤਰੀ ਨੇ ਕਿਹਾ ਕਿ ਬਠਿੰਡਾ ਅਤੇ ਮਾਨਸਾ ਜ਼ਿਲਾ ਵਿਚ ਸਰਵਾਈਕਲ ਕੈਂਸਰ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਪੂਰੇ ਪੰਜਾਬ ਨਾਲੋਂ ਵੱਧ ਹੈ ਜਿਸ ਕਾਰਨ ਇਹ ਮੁਹਿੰਮ ਦਾ ਦੂਜਾ ਪੜਾਅ ਇਨਾਂ ਦੋ ਜ਼ਿਲਿਆਂ ਵਿਚ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜ਼ਿਲਿਆਂ ਵਿਖੇ ਦੂਜੇ ਪੜਾਅ ’ਚ 6ਵੀਂ ਜਮਾਤ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਵਿਦਿਆਰਥਣਾਂ ਲਈ ਉਲੀਕੇ ਗਏ ਵਿਸ਼ੇਸ਼ ਪ੍ਰੋਗਰਾਮ ਅਧੀਨ ਟੀਕਾਕਰਣ ਕੀਤਾ ਜਾਵੇਗਾ।ਇਸ ਪ੍ਰੋਗਰਾਮ ਅਧੀਨ ਉਨਾਂ ਲੜਕੀਆਂ ਦਾ ਵੀ ਟੀਕਾਕਰਣ ਕੀਤਾ ਜਾਵੇਗਾ ਜਿਨਾਂ ਨੂੰ ਪਹਿਲੇ ਪੜਾਅ ਵਿਚ ਟੀਕਾਕਰਣ ਕਰਕੇ ਸੁਰੱਖਿਅਤ ਕੀਤਾ ਗਿਆ ਸੀ। ਸ੍ਰੀ ਮਹਿੰਦਰਾ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰੋਗਰਾਮ ਅਧੀਨ ਤੈਨਾਤ ਮੈਡੀਕਲ ਅਫਸਰਾਂ ਨੂੰ ਮਾਹਿਰਾਂ ਵਲੋਂ ਲੋੜੀਂਦੀ ਐਚ.ਪੀ.ਵੀ. ਸਬੰਧੀ ਤਕਨੀਕੀ ਟ੍ਰੇਨਿੰਗ ਵੀ ਦਿੱਤੀ ਜਾਵੇ।ਉਨਾਂ ਕਿਹਾ ਕਿ ਮਿੱਥੇ ਗਏ ਟੀਚੇ ਨੂੰ ਹਾਂਸਲ ਕਰਨ ਲਈ ਜ਼ਿਲਾ ਪੱਧਰ ’ਤੇ ਕਮੇਟੀਆਂ ਗਠਿਤ ਕੀਤੀਆਂ ਜਾਣ ਤਾਂ ਜੋ ਦੂਜੇ ਸਕੂਲਾਂ ਵਿਚ ਸ਼ਿਫਟ ਹੋਇਆਂ ਵਿਦਿਆਰਥਣਾਂ ਨੂੰ ਟਰੈਕ ਕੀਤਾ ਜਾ ਸਕੇ। ਉਨਾਂ ਕਿਹਾ ਕਿ ਲੜਕੀਆਂ ਦੇ ਮਾਪਿਆਂ ਨੂੰ ਵੀ ਟੀਕਾਕਰਣ ਕਰਨ ਬਾਰੇ ਸਿੱਖਿਅਤ ਕਰਕੇ ਲੜਕੀਆਂ ਦੀ ਸੁਰੱਖਿਆ ਨੂੰ ਯਕੀਨੀ ਕੀਤਾ ਜਾਵੇ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਇਹ ਵੈਕਸੀਨ ਯੂਨੀਸੈੱਫ ਦੀ ਅਗਵਾਈ ਅਧੀਨ ਖਰੀਦੀ ਗਈ ਹੈ ਜਦਕਿ ਇਸ ਸਬੰਧੀ ਤਕਨੀਕੀ ਮਾਰਗ ਦਰਸ਼ਨ ਵਿਸ਼ਵ ਸਿਹਤ ਸੰਸਥਾ ਵਲੋਂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਕੈਂਸਰ ਵਿਰੁੱਧ ਪ੍ਰੋਗਰਾਮ ਅਧੀਨ ਦੂਜੇ ਪੜਾਅ ’ਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਲਗਭਗ 20,000 ਵਿਦਿਆਰਥਣਾਂ ਦਾ ਟੀਕਾਕਰਣ ਕੀਤਾ ਜਾਵੇਗਾ। ਉਨਾ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਦੁਆਰਾ ਟੀਕਾਕਰਣ ਪ੍ਰੋਗਰਾਮ ਅਧੀਨ ਇਹ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ। ਸਿਹਤ ਮੰਤਰੀ ਨੇ ਮੀਟੰਗ ਦੌਰਾਨ ਕਿਹਾ ਕਿ ਇਹ ਟੀਕਾਕਰਣ ਕਮਨਿਊਟੀ ਹੈਲਥ ਸੈਂਟਰ, ਸਬ-ਡਿਵੀਜ਼ਨਲ ਹਸਪਤਾਲ ਅਤੇ ਜ਼ਿਲਾ ਹਸਪਤਾਲਾਂ ਵਿਚ ਮੈਡੀਕਲ ਅਫਸਰਾਂ ਵਲੋਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਹ ਵੈਕਸੀਨ ਕੀਮਤੀ ਹੋਣ ਸਦਕਾ ਆਮ ਲੋਕ ਇਸ ਨੂੰ ਖਰੀਦਣ ਵਿਚ ਅਸਮਰਥ ਹਨ ਜਿਸ ਲਈ ਇਸ ਵੈਕਸੀਨ ਦੀ ਸ਼ੁਰੂਆਤ ਰਾਜ ਸਰਕਾਰ ਵਲੋਂ ਕੀਤੀ ਗਈ ਹੈ। ਇਸ ਮੀਟਿੰਗ ਵਿਚ ਹੋਰਾਂ ਤੋਂ ਇਲਾਵਾ ਸ੍ਰੀਮਤੀ ਅਜੰਲੀ ਭਾਵੜਾ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ, ਵਰੁਣ ਰੂਜ਼ਮ ਮਿਸ਼ਨ ਡਾੲਇਰੈਕਟਰ ਰਾਸ਼ਟਰੀ ਸਿਹਤ ਮਿਸ਼ਨ, ਰਾਜੀਵ ਭੱਲਾ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ, ਵਿਸ਼ਵ ਸਿਹਤ ਸੰਸਥਾ ਦੇ ਮਹਿਰ, ਡਾ. ਜੀ.ਬੀ. ਸਿੰਘ ਸਹਾਇਕ ਡਾਇਰੈਕਟਰ , ਡਾ. ਦੀਪਕਾ ਇੰਡੀਅਨ ਕਾਉਂਸਿਲ ਮੈਡੀਕਲ ਰਿਸਰਚ, ਡਾ. ਰਾਜੇਸ਼ ਕੁਮਾਰ, ਸਕੂਲ ਆਫ ਪਬਲਿਕ ਹੈਲਥ ਪੀ.ਜੀ.ਆਈ. ਚੰਡੀਗੜ ਅਤੇ ਮੈਡੀਕਲ ਕਾਲਜਾਂ ਦੇ ਅਫਸਰ ਵੀ ਹਾਜ਼ਰ ਸਨ।