ਸਵੱਛ ਭਾਰਤ ਅਭਿਆਨ ਤਹਿਤ ਮੋਗਾ ਦੇ ਪਿੰਡ ਸੇਖਾਕਲਾਂ ਵਿਖੇ ਚਲਾਈ ਵਿਸ਼ੇਸ਼ ਸਫਾਈ ਮੁਹਿੰਮ 

ਸਮਾਲਸਰ, 24 ਸਤੰਬਰ (ਗਗਨਦੀਪ)- ਆਪਣੀ ਇਮਾਨਦਾਰੀ, ਸਮਾਜ ਸੇਵਾ ਅਤੇ ਨਿਮਰਤਾ ਦੇ ਸਿਰ ‘ਤੇ ਇਲਾਕੇ ਦੇ ਲੋਕਾਂ ਵਿੱਚ ਆਪਣੀ ਖਾਸ ਪਛਾਣ ਬਣਾ ਚੁੱਕੇ ਰੈਵਿਨਿਊ ਵਿਭਾਗ ਦੇ ਪਟਵਾਰੀ ਗੁਰਚਰਨ ਸਿੰਘ ਨੇ ਪਿੰਡ ਸੇਖਾ ਕਲਾਂ ਦੀ ਸਾਫ ਸਫਾਈ ਲਈ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਉਪਰਾਲਾ ਕੀਤਾ ਹੈ। ਸਮਾਜ ਸੇਵੀ ਡਾ. ਰਾਜਦੁਲਾਰ ਸਿੰਘ, ਯੰਗ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੈਲਫੇਅਰ ਕਲੱਬ ਦੇ ਨਾਲ ਮਿਲ ਕੇ ਐਤਵਾਰ ਦੇ ਦਿਨ ਸੇਖਾ ਕਲਾਂ ਵਿੱਚ ਸਫਾਈ ਅਭਿਆਨ ਚਲਾਇਆ ਗਿਆ। ਇਸ ਦੀ ਸ਼ੁਰੂਆਤ ਸਵੇਰੇ ਕਰੀਬ ਸੱਤ ਵਜੇ ਕੀਤੀ ਗਈ ਅਤੇ ਲਗਭਗ ਦਸ ਘੰਟਿਆਂ ਵਿੱਚ ਸਫਾਈ ਦਾ ਕੰਮ ਮੁਕੰਮਲ ਕੀਤਾ ਗਿਆ। ਜਿਸ ਦੌਰਾਨ ਪਿੰਡ ਦੀਆਂ ਸਾਰੀਆਂ ਗਲੀਆਂ, ਨਾਲੀਆਂ, ਫਿਰਨੀ ਵਾਲੀ ਸੜਕ ਦੀ ਸਾਫ ਸਫਾਈ ਕੀਤੀ ਗਈ ਅਤੇ ਅਜਿਹੇ ਵਾਧੂ ਦਰਖੱਤਾਂ ਨੂੰ ਕੱਟਿਆ ਗਿਆ ਜੋ ਲੋਕਾਂ ਲਈ ਮੁਸੀਬਤ ਦਾ ਸਬੱਬ ਬਣ ਰਹੇ ਸਨ। ਇਕੱਠਾ ਹੋਇਆ ਕੂੜਾ ਕਰਕਟ ਨਾਲ ਦੀ ਨਾਲ ਚੁੱਕ ਕੇ ਬਾਹਰ ਸੁੱਟਣ ਲਈ ਦੋ ਟਰੈਕਟਰ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ। ਇਸ ਸਫਾਈ ਅਭਿਆਨ ਦੌਰਾਨ ਡੇਢ ਸੌ ਤੋਂ ਜਿਆਦਾ ਨੌਜਵਾਨਾਂ, ਵਿਅਕਤੀਆਂ ਨੇ ਪੂਰੇ ਉਤਸ਼ਾਹ ਨਾਲ ਆਪਣਾ-ਆਪਣਾ ਹਿੱਸਾ ਪਾਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਵਾਰੀ ਗੁਰਚਰਨ ਸਿੰਘ ਨੇ ਸਫਾਈ ਅਭਿਆਨ ਵਿੱਚ ਭਾਗ ਲੈਣ ਵਾਲੇ ਸਾਰੇ ਵਿਅਕਤੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਸੇਖਾ ਕਲਾਂ ਦੇ ਲੋਕਾਂ ਤੋਂ ਉਨ੍ਹਾਂ ਨੂੰ ਭਰਪੂਰ ਪਿਆਰ ਤੇ ਸਹਿਯੋਗ ਮਿਲਦਾ ਆ ਰਿਹਾ ਹੈ, ਜਿਸ ਕਰਕੇ ਉਨ੍ਹਾਂ ਦੇ ਮਨ ਵਿੱਚ ਇੱਛਾ ਸੀ ਕਿ ਪਿੰਡ ਦੇ ਭਲੇ ਲਈ ਕੋਈ ਵਿਸ਼ੇਸ਼ ਉਪਰਾਲਾ ਕੀਤਾ ਜਾਵੇ। ਇਹ ਸਫਾਈ ਅਭਿਆਨ ਇੱਕ ਸ਼ੁਰੂਆਤ ਮਾਤਰ ਹੈ ਤਾਂ ਕਿ ਸਾਨੂੰ ਦੇਖ ਕੇ ਬਾਕੀ ਪਿੰਡਾਂ ਦੇ ਨੌਜਵਾਨਾਂ ਵਿੱਚ ਆਪਣੇ ਪਿੰਡ ਦੀ ਸਫਾਈ ਲਈ ਸੋਚ ਪੈਦਾ ਹੋਵੇ। ਕੇਂਦਰ ਸਰਕਾਰ ਨੇ ਪੂਰੇ ਦੇਸ਼ ਦੀ ਸਵਛੱਤਾ ਲਈ ਸਵੱਛ ਭਾਰਤ ਅਭਿਆਨ ਚਲਾਇਆ ਹੋਇਆ ਹੈ, ਸੋ ਸਾਡਾ ਆਪਣਾ ਵੀ ਫਰਜ ਬਣਦਾ ਹੈ ਕਿ ਅਸੀਂ ਆਪਣੇ ਪਿੰਡ, ਗਲੀ ਮੁਹੱਲੇ ਦੀ ਸਫਾਈ ਕਰਕੇ ਫਰਜ ਨਿਭਾਈਏ। ਉਹਨਾਂ ਕਿਹਾ ਕਿ ਬੇਸ਼ੱਕ ਉਹਨਾਂ ਜੱਦੀ ਪਿੰਡ ਚੀਦਾ ਹੈ ਅਤੇ ਇਸ ਵੇਲੇ ਉਹ ਕੋਟਕਪੂਰਾਰਹਿ ਰਹੇ ਹਨ ਪਰ ਬਤੌਰ ਪਟਵਾਰੀ ਡਿਊਟੀ ਕਰਦੇ ਸਮੇਂ ਸੇਖਾ ਕਲਾਂ ਵਿੱਚ ਜੋ ਆਪਣਾਪਣ ਮਹਿਸੂਸ ਹੁੰਦਾ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਡਾ. ਰਾਜਦੁਲਾਰ ਸਿੰਘ ਨੇ ਕਿਹਾ ਕਿ ਉਹ ਖੁਦ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਲਈ ਤੱਤਪਰ ਰਹਿੰਦੇ ਹਨ ਅਤੇ ਪਟਵਾਰੀ ਗੁਰਚਰਨ ਸਿੰਘ ਸਫਾਈ ਅਭਿਆਨ ਦੇ ਉਪਰਾਲੇ ਲਈ ਵਧਾਈ ਦੇ ਪਾਤਰ ਹਨ। ਇਸ ਮੌਕੇ ਕਾਰਜਕਾਰੀ ਸਰਪੰਚ ਭੁਪਿੰਦਰ ਸਿੰਘ, ਕਲੱਬ ਪ੍ਰਧਾਨ ਮਨਪ੍ਰੀਤ ਸਿੰਘ ਮੰਨਾ, ਕਲੱਬ ਪ੍ਰਧਾਨ ਸਿਮਰਤ ਸਿੰਘ, ਨੰਬਰਦਾਰ ਚਮਕੌਰ ਸਿੰਘ, ਨੰਬਰਦਾਰ ਅਵਤਾਰ ਸਿੰਘ ਆਦਿ ਵੀ ਵਿਸ਼ੇਸ਼ ਤੌਰ ‘ਤੇ ਆਪਣਾ ਸਹਿਯੋਗ ਦੇਣ ਲਈ ਹਾਜ਼ਰ ਸਨ।