ਰੁਪਿੰਦਰ ਕੌਰ ਬਲਾਕ ਪ੍ਰਧਾਨ ਨਿਯੁਕਤ,ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਅਤੇ ਮਹਿਲਾ ਪ੍ਰਧਾਨ ਵੀਰਪਾਲ ਜੌਹਲ ਨੇ ਸੌਂਪਿਆ ਨਿਯੁਕਤੀ ਪੱਤਰ

ਮੋਗਾ, 23 ਸਤੰਬਰ (ਜਸ਼ਨ)-ਅੱਜ ਮਹਿਲਾ ਕਾਂਗਰਸ ਮੋਗਾ ਵਲੋਂ ਬੀਬੀ ਰੁਪਿੰਦਰ ਕੌਰ (ਕੋਕਰੀ ਫੂਲਾ ਸਿੰਘ) ਨੂੰ ਬਲਾਕ ਅਜੀਤਵਾਲ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਕਾਂਗਰਸ ਦੇ ਜ਼ਿਲਾ ਪ੍ਧਾਨ ਕਰਨਲ ਬਾਬੂ ਸਿੰਘ, ਮਹਿਲਾ ਕਾਂਗਰਸ ਜ਼ਿਲਾ ਪ੍ਰਧਾਨ ਬੀਬੀ ਵੀਰਪਾਲ ਕੌਰ ਜੌਹਲ ਅਤੇ ਹੋਰ ਬਹੁਤ ਸਾਰੇ ਪਾਰਟੀ ਦੇ ਵਰਕਰ ਵਿਸ਼ੇਸ਼ ਤੌਰ ਤੇ ਪਹੁੰਚੇੇ। ਇਸ ਮੌਕੇ ਜ਼ਿਲਾ ਪ੍ਧਾਨ ਕਰਨਲ ਬਾਬੂ ਸਿੰਘ ਨੇ ਮਹਿਲਾ ਕਾਰਜਕਰਤਾਵਾਂ ਨੂੰ ਪਿੰਡਾਂ ਵਿੱਚ ਵਿਚਰਦਿਆਂ ਪਾਰਟੀ ਦਾ ਪ੍ਰਚਾਰ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾ ਸਕੇ । ਉਹਨਾਂ ਆਖਿਆ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਵੀ ਦਿਲੀ ਇੱਛਾ ਹੈ ਕਿ ਮਹਿਲਾਵਾਂ ਨੂੰ ਸਿਆਸੀ ਮੰਚ ਮੁਹੱਈਆ ਕਰਵਾਇਆ ਜਾਵੇ ਤਾਂ ਕਿ ਦੇਸ਼ ਨੂੰ ਹੋਰ ਅੱਗੇ ਲੈ ਜਾਣ ਵਿਚ ਮਹਿਲਾਵਾਂ ਆਪਣਾ ਬਣਦਾ ਯੋਗਦਾਨ ਪਾ ਸਕਣ। ਉਹਨਾਂ ਆਖਿਆ ਕਿ ਇਸੇ ਸਬੰਧ ਵਿਚ ਸੋਨੀਆਂ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨੂੰ ਵਿਸ਼ੇਸ਼ ਤੌਰ ’ਤੇ ਪੱਤਰ ਲਿਖ ਕੇ ਮਹਿਲਾ ਰਾਖਵਾਂਕਰਨ ਦੀ ਪਰਿਕਿਆ ਤੇਜ਼ ਕਰਨ ਲਈ ਕਿਹਾ ਗਿਆ ਹੈ । ਉਹਨਾਂ ਆਖਿਆ ਕਿ ਸੂਬੇ ਵਿਚ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਪੂਰੀ ਤਰਾਂ ਸੰਤੁਸ਼ਟ ਹਨ ਅਤੇ ਪਾਰਟੀ ਸਫ਼ਾ ਵਿਚ ਵੀ ਭਰਪੂਰ ਖੁਸ਼ੀ ਪਾਈ ਜਾ ਰਹੀ ਹੈ ਇਸੇ ਕਰਕੇ ਗੁਰਦਾਸਪੁਰ ਜ਼ਿਮਨੀ ਚੋਣ ਵਿਚ ਸੁਨੀਲ ਜਾਖੜ ਨੂੰ ਪੂਰੀ ਸ਼ਾਨ ਨਾਲ ਜਿਤਾਉਣ ਲਈ ਹਰ ਵਰਕਰ ਜੁਝਾਰੂ ਸਿਪਾਹੀ ਵਾਂਗ ਆਪਣੀ ਫਰਜ਼ਾਂ ਦੀ ਪੂਰਤੀ ਲਈ ਤੱਤਪਰ ਹੈ ਤਾਂ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਨੂੰ ਵੱਡੇ ਅੰਤਰ ਨਾਲ ਜਿੱਤਾ ਕੇ ਪਾਰਲੀਮੈਂਟ ਵਿਚ ਭੇਜਿਆ ਜਾ ਸਕੇ। ਇਸ ਮੌਕੇ ਮਹਿਲਾ ਕਾਂਗਰਸ ਪ੍ਰਧਾਨ ਵੀਰਪਾਲ ਕੌਰ ਜੌਹਲ ਨੇ ‘ਸਾਡਾ ਮੋਗਾ ਡੌਟ ਕੌਮ ’ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਮੁੱਚੇ ਜ਼ਿਲੇ ਵਿਚ ਮਹਿਲਾਵਾਂ ਦੀ ਸ਼ਮੂਲੀਅਤ ਸਦਕਾ ਕਾਂਗਰਸ ਨੂੰ ਸੰਰਚਨਾਤਮਕ ਤੌਰ ’ਤੇ ਮਜਬੂਤ ਕੀਤਾ ਜਾਵੇਗਾ।


