ਗੁਰਦਾਸਪੁਰ ਜ਼ਿਮਨੀ ਚੋਣਾਂ ’ਚ ਆਪ ਦੀ ਹੋਵੇਗੀ ਭਾਰੀ ਜਿੱਤ-ਵਿਧਾਇਕ ਮਨਜੀਤ ਸਿੰਘ ਬਿਲਾਸਪੁਰ

ਮੋਗਾ, 19ਸਤੰਬਰ (ਜਸ਼ਨ): : ਗੁਰਦਾਸਪੁਰ ਵਿਖੇ ਹੋ ਰਹੀ ਐਮ.ਪੀ. ਦੀ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਦੀ ਭਾਰੀ ਬਹੁਮਤ ਨਾਲ ਜਿੱਤ ਹੋਵੇਗੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਗੁਰਦਾਸਪੁਰ ਦੀ ਚੋਣ ਸੰਬੰਧੀ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਭਾਜਪਾ ਦੀਆਂ ਲੋਕ-ਮਾਰੂ ਨੀਤੀਆਂ ਤੋਂ ਪੰਜਾਬ ਦੇ ਲੋਕ ਬੁਰੀ ਤਰਾਂ ਨਾਲ ਪ੍ਰੇਸ਼ਾਨੀ ਦੇ ਆਲ਼ਮ ਵਿੱਚ ਗੁਜਰ ਰਹੇ ਹਨ ਅਤੇ ਦਿਨ-ਬ-ਦਿਨ ਵਧ ਰਹੀ ਮਹਿੰਗਾਈ ਤੋਂ ਜਿੱਥੇ ਲੋਕ ਅੱਕ ਚੁੱਕੇ ਹਨ, ਉੱਥੇ ਕੇਂਦਰ ਵੱਲੋਂ ਲਗਾਏ ਜਾ ਰਹੇ ਵਾਧੂ ਟੈਕਸ ਨਾਲ ਵਪਾਰੀ ਵਰਗ ਤੇ ਦੁਕਾਨਦਾਰਾਂ ਦਾ ਜੀਣਾ ਮੁਹਾਲ ਹੋ ਚੁੱਕਾ ਹੈ। ਇਸ ਮੌਕੇ ਵਿਧਾਇਕ ਨੇ ਕਾਂਗਰਸ ਤੇ ਵਰਦਿਆਂ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਹੁਣ ਤੱਕ ਕਾਂਗਰਸ ਦਾ ਲੋਕ-ਦੋਖੀ ਚਿਹਰਾ ਸਾਹਮਣੇ ਆ ਚੁੱਕਾ ਹੈ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਵੱਲੋਂ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ, ਜੋ ਕਿ ਸਰਕਾਰ ਵੱਲੋਂ ਝੂਠੇ ਲਾਰੇ ਹੀ ਸਾਬਿਤ ਹੋਏ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਮਾਰ ਨਹੀਂ ਖਾਣਗੇ ਤੇ ਆਮ ਆਦਮੀ ਪਾਰਟੀ ਦੇ ਇਮਾਨਦਾਰ ਤੇ ਲੋਕ-ਪੱਖੀ ਸੇਵਾਦਾਰ ਰਿਟਾਇਰ ਜਨਰਲ ਸੁਰੇਸ਼ ਖਜੂਰੀਆ ਨੂੰ ਭਾਰੀ ਮਤ ਨਾਲ ਜਿਤਾਉਣਗੇ। ਜ਼ਿਮਨੀ ਚੋਣ ਦੀ ਜਿੱਤ ਲਈ ਉਹਨਾਂ ਪਾਰਟੀ ਵਲੰਟੀਅਰਾਂ ਨੂੰ ਦਿਨ-ਰਾਤ ਇੱਕ ਕਰ ਦੇਣ ਦੀ ਅਪੀਲ ਵੀ ਕੀਤੀ।


