ਦੁਕਾਨਦਾਰਾਂ ਨੇ ਨਗਰ ਨਿਗਮ ਦੇ ਕੰਪਨੀ ਬੋਰਡ ਉਤਾਰਨ ਦੇ ਫੁਰਮਾਨ ਬਾਰੇ ਵਿਧਾਇਕ ਨੂੰ ਕਰਵਾਇਆ ਜਾਣੂ

ਮੋਗਾ,13 ਸਤੰਬਰ (ਜਸ਼ਨ)- ਕਚਿਹਰੀ ਰੋਡ ਦੁਕਾਨਦਾਰ ਐਸੋਸੀਏਸ਼ਨ ਨੇ ਨਗਰ ਨਿਗਮ ਵੱਲੋਂ ਦੁਕਾਨਾਂ ਤੇ ਲੱਗੇ ਕੰਪਨੀ ਬੋਰਡ ਉਤਾਰਨ ਅਤੇ ਕੁਝ ਦੁਕਾਨਦਾਰਾਂ ਨੂੰ ਇਸ ਸਬੰਧ ਵਿਚ ਆਏ ਅਦਾਲਤੀ ਸੰਮਨਾਂ ਦੇ ਹੱਲ ਲਈ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿਚ ਹਲਕਾ ਵਿਧਾਇਕ ਡਾ ਹਰਜੋਤ ਕਮਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਦੁਕਾਨਦਾਰਾਂ ਨੇ ਵਿਧਾਇਕ ਨੂੰ ਆਪਣੀ ਸੱਮਸਿਆ ਬਾਰੇ ਦੱਸਦਿਆਂ ਕਿਹਾ ਕਿ ਨਗਰ ਨਿਗਮ ਵੱਲੋਂ ਅੱਜ ਤੋਂ ਕੋਈ ਦੋ ਸਾਲ ਪਹਿਲਾਂ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਤੇ ਲੱਗੇ ਕੰਪਨੀ ਬੋਰਡ ਉਤਾਰਨ ਲਈ ਨੋਟਿਸ ਜਾਰੀ ਕੀਤੇ ਸਨ, ਜਿਸਦਾ ਦੁਕਾਨਦਾਰਾਂ ਨੇ ਵਿਰੋਧ ਕੀਤਾ ਸੀ ਅਤੇ ਤੱਤਕਾਲੀਨ ਨਿਗਮ ਕਮਿਸ਼ਨਰ ਵੱਲੋਂ ਨੋਟਿਸ ਰੱਦ ਕਰਨ ਲਈ ਕਹਿ ਦਿੱਤਾ ਗਿਆ ਸੀ, ਪਰ ਹੁਣ ਨਗਰ ਨਿਗਮ ਵੱਲੋਂ ਕੁਝ ਦੁਕਾਨਦਾਰਾਂ ਤੇ ਬੋਰਡ ਨਾ ਉਤਾਰਨ ਕਰਕੇ ਫੌਜਦਾਰੀ ਕੇਸ ਦਰਜ ਕਰਵਾ ਦਿੱਤੇ ਗਏ ਹਨ ਤੇ ਉਨਾਂ ਨੂੰ ਕੋਰਟ ਵਿਚੋਂ ਜਮਾਨਤਾਂ ਕਰਵਾਉਣੀਆਂ ਪੈ ਰਹੀਆਂ ਹਨ, ਜਿਸ ਕਾਰਨ ਸਾਰੇ ਦੁਕਾਨਦਾਰਾਂ ਦੇ ਮਨਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਨਾਂ ਕਿਹਾ ਕਿ ਇਕ ਪਾਸੇ ਤਾਂ ਨਗਰ ਨਿਗਮ ਸ਼ਹਿਰ ’ਚ ਵੱਡੇ ਵੱਡੇ ਯੂਨੀਬੋਰਡ ਲਗਾ ਕੇ ਟੈਕਸ ਇਕੱਠਾ ਕਰ ਰਿਹਾ ਹੈ ਤੇ ਦੂਜੇ ਪਾਸੇ ਆਮ ਦੁਕਾਨਦਾਰ ਨੂੰ ਆਪਣੇ ਕਾਰੋਬਾਰ ਬਾਰੇ ਵੀ ਬੋਰਡ ਲਾਉਣ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨਾਂ ਮੰਗ ਕੀਤੀ ਕਿ ਨਗਰ ਨਿਗਮ ਦੇ ਇਸ ਕਾਲੇ ਕਾਨੂੰਨ ਨੂੰ ਰੱਦ ਕਰਵਾਇਆ ਜਾਵੇ ਅਤੇ ਨਗਰ ਨਿਗਮ ਦੀ ਤੁਰੰਤ ਮੀਟਿੰਗ ਕਰਵਾ ਕੇ ਦੁਕਾਨਦਾਰਾਂ ਖਿਲਾਫ ਕੋਰਟ ਵਿਚ ਦਾਇਰ ਮੁਕੱਦਮੇ ਰੱਦ ਕਰਵਾਏ ਜਾਣ। ਇਸ ਮੌਕੇ ਦੁਕਾਨਦਾਰਾਂ ਨੇ ਵਿਧਾਇਕ ਨੂੰ ਇਸ ਸਬੰਧੀ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਵਿਧਾਇਕ ਹਰਜੋਤ ਕਮਲ ਨੇ ਦੁਕਾਨਦਾਰਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਉਨਾਂ ਦੇ ਇਸ ਮਸਲੇ ਦਾ ਨਗਰ ਨਿਗਮ ਤੋਂ ਮੇਅਰ ਨਾਲ ਗੱਲ ਬਾਤ ਕਰਕੇ ਜਲਦ ਹੱਲ ਕਰਵਾਉਣਗੇ ਅਤੇ ਸਰਕਾਰ ਤੋਂ ਵੀ ਦੁਕਾਨਦਾਰਾਂ ਨੂੰ ਬੋਰਡ ਲਗਾਉਣ ਸਬੰਧੀ ਬਣਦੀ ਕਾਰਵਾਈ ਅਮਲ ਵਿਚ ਲਿਆਉਣ ਲਈ ਯਤਨ ਕਰਨਗੇ।


