ਮੱਛਰਾਂ ਦੇ ਖਾਤਮੇ ਲਈ ਕਰਵਾਈ ਫੌਗਿੰਗ

ਘੱਲ ਕਲਾਂ,13 ਸਤੰਬਰ (ਜਸ਼ਨ)-ਨੈਸ਼ਨਲ ਵੈਕਟਰ ਬੌਰਨ ਡਿਜ਼ੀਜ ਪ੍ਰੋਗਰਾਮ ਅਧੀਨ ਵੱਖ-ਵੱਖ ਬਿਮਾਰੀਆਂ ਦੇ ਫੈਲਣ ਦੇ ਬਚਾਓ ਲਈ ਅਗੇਤੇ ਪ੍ਰਬੰਧਾਂ ਦੀ ਲੜੀ ਤਹਿਤ ਸਿਵਲ ਸਰਜਨ ਡਾ. ਮਨਿੰਦਰ ਕੌਰ ਮਿਨਹਾਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਮਨੀਸ਼ ਅਰੋੜਾ ਜਿਲਾ ਐਪੀਡਮੋਲੋਜਿਸਟ ਦੀ ਯੋਗ ਅਗਵਾਈ ਹੇਠ ਪਿੰਡ ਦੌਲਤਪੁਰਾ ਨੀਵਾਂ ਅਤੇ ਦੌਲਤਪੁਰਾ ਉੱਚਾ ਵਿਖੇ ਮੱਛਰਾਂ ਦੇ ਖਾਤਮੇ ਲਈ ਫੌਗਿੰਗ ਕਰਵਾਈ ਗਈ। ਇਸ ਸਬੰਧੀ ਬਲਰਾਜ ਸਿੰਘ ਸਿਹਤ ਸੁਪਰਵਾਈਜ਼ਰ ਨੇ ਦੱਸਿਆ ਕਿ ਬਾਰਿਸ਼ਾਂ ਦੇ ਮੌਸਮ ਦੌਰਾਨ ਮੱਛਰਾਂ ਦੀ ਭਰਮਾਰ ਹੋ ਜਾਂਦੀ ਹੈ, ਜਿਸ ਦੇ ਫਲਸਰੂਪ ਮਲੇਰੀਆ, ਡੇਂਗੂ ਅਤੇ ਚਿਕਨਗੁਣੀਆਂ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਨਾਂ ਬਿਮਾਰੀਆਂ ਤੋਂ ਬਚਾਅ ਲਈ ਮੱਛਰਾਂ ਦੇ ਖਾਤਮੇ ਲਈ ਦੋਨੋਂ ਪਿੰਡਾਂ ਵਿਚ ਫੌਗਿੰਗ ਕਰਵਾਈ ਗਈ ਹੈ ਤਾਂ ਜੋ ਉਪਰੋਕਤ ਬਿਮਾਰੀਆਂ ਤੋਂ ਨਿਜਾਤ ਪਾਈ ਜਾ ਸਕੇ। ਇਸ ਮੌਕੇ ਡਾ. ਹਰਦੀਪ ਸਿੰਘ ਨੇ ਆਪਣੇ ਆਲੇ ਦੁਆਲੇ ਪਾਣੀ ਜਮ੍ਹਾਂ ਨਾ ਹੋਣ ਬਾਰੇ ਵਿਸਥਾਰ ਪੂਰਵਕ ਦੱਸਿਆ। ਕਿਸੇ ਕਿਸਮ ਦੀ ਬਿਮਾਰ ਹੋਣ ਦੀ ਸੂਰਤ ਵਿਚ ਸਿਹਤ ਸੰਸਥਾ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਵਿਚ ਅੰਗਰੇਜ ਸਿੰਘ ਸਮਰਾ, ਗੁਰਜੰਟ ਸਿੰਘ ਮਾਨ ਸੀਨੀਅਰ ਕਾਂਗਰਸੀ ਆਗੂ, ਗੁਰਵਿੰਦਰ ਸਿੰਘ ਸਮਰਾ, ਕੇਵਲ ਸਿੰਘ ਸਰਪੰਚ, ਬੱਬੂ ਡਾਕਟਰ, ਬੰਟੀ ਚਾਵਲਾ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ।


