ਕਰਜ਼ੇ ਦੇ ਸਤਾਏ ਕਿਸਾਨ ਨੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਆਤਮ ਹੱਤਿਆ

ਮੋਗਾ, 13 ਸਤੰਬਰ (ਜਸ਼ਨ)- ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬਾ ਸਰਕਾਰ ਵੱਲੋਂ ਕਿਰਸਾਨੀ ਕਰਜ਼ਿਆਂ ਦੀ ਮੁਆਫ਼ੀ ਦੇ ਐਲਾਨ ਦੇ ਬਾਵਜੂਦ ਕਰਜ਼ੇ ਦੇ ਬੋਝ ਹੇਠ ਦੱਬੀ ਕਿਰਸਾਨੀ ਅਜੇ ਵੀ ਖੁਦਕੁਸ਼ੀਆਂ ਦੇ ਰਾਹ ਪੈਣ ਤੋਂ ਗੁਰੇਜ਼ ਨਹੀਂ ਕਰ ਰਹੀ ਤੇ ਇੰਝ ਨਾ ਸਿਰਫ਼ ਕੀਮਤੀ ਜ਼ਿੰਦਗੀਆਂ ਦਾ ਘਾਣ ਹੋ ਰਿਹੈ ਬਲਕਿ ਮਿ੍ਰਤਕ ਕਿਸਾਨਾਂ ਦੇ ਪਰਿਵਾਰਾਂ ’ਤੇ ਦੁੱਖਾਂ ਦੇ ਟੁੱਟਦੇ ਪਹਾੜਾਂ ਨਾਲ ਦੋ ਚਾਰ ਹੁੰਦਿਆਂ ਉਹਨਾਂ ਨੂੰ ਸਿਵਾਏ ਹਨੇਰੇ ਦੇ ਹੋਰ ਕੁਝ ਵੀ ਦਿਖਾਈ ਨਹੀਂ ਦਿੰਦਾ । ਅਜਿਹੀ ਹੀ ਮੰਦਭਾਗੀ ਘਟਨਾ ਉਸ ਸਮੇਂ ਵਾਪਰੀ ਜਦੋਂ ਕਿਸਾਨੀ ਕਰਜ਼ੇ ਦੀ ਮਾਰ ਦੇ ਚੱਲਦਿਆਂ ਜ਼ਿਲਾ ਮੋਗਾ ਦੇ ਪਿੰਡ ਕੋਟ ਸਦਰ ਖਾਂ ਦੇ ਇਕ ਕਿਸਾਨ ਨੇ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ। ਇਸ ਘਟਨਾ ਸਬੰਧੀ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 45 ਸਾਲਾ ਪਿੱਪਲ ਸਿੰਘ ਦੀ 2 ਏਕੜ ਜ਼ਮੀਨ ਸੀ ਅਤੇ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲਦਾ ਸੀ। ਉਹਨਾਂ ਦੱਸਿਆ ਕਿ ਮਾੜੀ ਆਰਥਿਕ ਸਥਿਤੀ ਹੋਣ ਕਾਰਨ ਪਿੱਪਲ ਸਿੰਘ ਦੇ ਸਿਰ ’ਤੇ ਕਰੀਬ 6 ਲੱਖ ਤੋਂ ਉੱਪਰ ਦਾ ਕਰਜ਼ਾ ਸੀ ਜਿਸ ਵਿਚ ਬੈਂਕ ਦਾ 3 ਲੱਖ, ਆੜਤੀਆਂ ਦਾ 2 ਲੱਖ ਅਤੇ ਸਹਿਕਾਰੀ ਸਭਾ ਦੇ ਇੱਕ ਲੱਖ ਰੁਪਏ ਸ਼ਾਮਲ ਹਨ । ਇਸ ਕਰਜ਼ੇ ਨੂੰ ਨਾ ਮੋੜ ਸਕਣ ਕਾਰਨ ਪਿੱਪਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਪਰੇਸ਼ਾਨ ਰਹਿੰਦਾ ਸੀ। ਪਿੱਪਲ ਸਿੰਘ ਦੇ ਭਰਾ ਕਿੱਕਰ ਸਿੰਘ ਨੇ ਦੱਸਿਆ ਕਿ ਪਿੱਪਲ ਸਿੰਘ ਬੀਤੀ 12 ਸਤੰਬਰ ਸ਼ਾਮ ਨੂੰ ਘਰ ਨਾ ਆਇਆ ਤਾਂ ਅਸੀਂ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਜਦੋਂ ਖੇਤ ਪੁੱਜਣ ’ਤੇ ਦੇਖਿਆ ਤਾਂ ਪਿੱਪਲ ਸਿੰਘ ਥੱਲੇ ਡਿੱਗਾ ਪਿਆ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਮਿ੍ਰਤਕ ਪਿੱਪਲ ਸਿੰਘ ਦੇ ਕੋਲ ਹੀ ਸਲਫਾਸ ਦੀਆਂ ਗੋਲੀਆਂ ਵਾਲੀ ਸ਼ੀਸ਼ੀ ਵੀ ਪਈ ਸੀ। ਉਨਾਂ ਕਿਹਾ ਕਿ ਪਿੱਪਲ ਸਿੰਘ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ।


