ਲੰਡੇ-ਭਲੂਰ ਰੋਡ ’ਤੇ ਬਣੇ ਹੋਏ ਵੱਡੇ ਟੋਏ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ
ਸਮਾਲਸਰ,11 ਸਤੰਬਰ (ਜਸ਼ਨ)-ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣੀ ਹੋਈ ਲੰਡੇ-ਭਲੂਰ ਸੜਕ ਦੇ ਕਿਨਾਰਿਆਂ ’ਤੇ ਬਣੇ ਵੱਡੇ-ਵੱਡੇ ਟੋਇਆਂ ਨਾਲ ਕਿਸੇ ਸਮੇਂ ਵੀ ਕੋਈ ਵੱਡੀ ਦੁਰਘਟਨਾ ਵਾਪਰ ਸਕਦੀ ਹੈ। ਸੜਕ ਦੇ ਕਿਨਾਰਿਆਂ ’ਤੇ ਪਏ ਇਹਨਾਂ ਵੱਡੇ ਟੋਇਆਂ ਸੰਬੰਧੀ ਪਿੰਡ ਭਲੂਰ ਦੇ ਵਸਨੀਕਾਂ ਨੇ ਦੱਸਿਆ ਕਿ ਪਿੰਡ ਭਲੂਰ ਤੋਂ ਲੰਡਿਆਂ ਦੀ ਹੱਦ ਤੱਕ ਸੜਕ ਦੇ ਦੋਵੇਂ ਪਾਸੇ ਬਾਰਿਸ਼ ਨਾਲ ਕੱਚੀ ਮਿੱਟੀ ਖੁਰ ਕੇ ਵੱਡੇ-ਵੱਡੇ ਟੋਏ ਪਏ ਹੋਏ ਹਨ। ਜਿਸ ਨਾਲ ਕਿਸੇ ਸਮੇਂ ਵੀ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਹੈ। ਉਨਾਂ ਦੱਸਿਆ ਕਿ ਇਸ ਰਸਤੇ ਰੋਜ਼ਾਨਾ 15 ਦੇ ਕਰੀਬ ਸਕੂਲੀ ਬੱਸਾਂ ਗੁਜ਼ਰਦੀਆਂ ਹਨ ਪਰ ਸੜਕ ਵਿਭਾਗ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਉਹਨਾਂ ਦੱਸਿਆ ਕਿ ਇਸ ਗੰਭੀਰ ਮੱਸਲੇ ਸਬੰਧੀ ਮਹੀਨਾ ਪਹਿਲਾ ਵੀ ਮੀਡੀਆ ਰਾਹੀਂ ਇਸ ਮੁੱਦੇ ਨੂੰ ਚੁੱਕਿਆ ਸੀ ਤਾਂ ਮਹਿਕਮੇ ਨੇ ਸਿਰਫ ਦੋ ਆਦਮੀ ਕਹੀਆਂ ਦੇ ਕੇ ਇਹ ਵੱਡੇ-ਵੱਡੇ ਟੋਏ ਭਰਨ ਵਾਸਤੇ ਭੇਜ ਦਿੱਤੇ ਸਨ ਪਰ ਉਹਨਾਂ ਵੱਲੋਂ ਇਕ ਦਿਹਾੜੀ ਲਗਾ ਕੇ ਮਹਿਜ਼ ਖਾਨਾਪੂਰਤੀ ਹੀ ਕੀਤੀ ਗਈ । ਇਹ ਰਾਸਤਾ ਵਾਇਆ ਸਮਾਲਸਰ ਬਾਘਾਪੁਰਾਣਾ, ਮੋਗਾ ਨੂੰ ਜਾਂਦਾ ਹੋਣ ਕਾਰਨ ਕਾਫੀ ਵਗਦਾ ਹੈ ਪਰ ਸੜਕ ਦੇ ਕਿਨਾਰੇ ਬਣੇ ਹੋਏ ਟੋਇਆਂ ਦੇ ਕਾਰਨ ਇਸ ਸੜਕ ਤੇ ਸਫਰ ਕਰਨਾ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ। ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਮੋਗਾ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੇ ਕਿਨਾਰਿਆਂ ਨੂੰ ਠੀਕ ਕਰਵਾਇਆ ਜਾਵੇ ਅਤੇ ਸੜਕ ਵਿਭਾਗ ਦੇ ਉਨਾਂ ਮੁਲਾਜਮਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਆਮ ਲੋਕਾਂ ਦੀ ਜ਼ਿੰਦਗੀ ਅਤੇ ਕਾਨੂੰਨ ਨੂੰ ਵੀ ਟਿੱਚ ਸਮਝਦੇ ਹਨ।