ਪ੍ਰਸਿੱਧ ਵਿਦਵਾਨ,ਮਹਾਂਕਵੀ,ਸੰਤ ਤੇ ਸਿੱਖ ਭਾਸ਼ਾ ਵਿੱਚ ‘ਭਾਈ’ ਹੋ ਗੁਜ਼ਰੇ ਬਾਬਾ ਦਰਬਾਰੀ ਦਾਸ

                                                                                                                                                                           ਬਰਸੀ ‘ਤੇ ਵਿਸ਼ੇਸ਼
ਸੰਤ ਬਾਬਾ ਦਰਬਾਰੀ ਦਾਸ ਮਹਾਂਪੁਰਖਾਂ ਦਾ ਜਨਮ ਪਿੰਡ ਵੈਰੋਕੇ ਤਹਿ.ਬਾਘਾਪੁਰਾਣਾ ਜ਼ਿਲ੍ਹਾ ਮੋਗਾ ਵਿਖੇ ਹੋਇਆ ਦੱਸਿਆ ਜਾਂਦਾ ਹੈ,ਪਰ ਇਸ ਪਿੰਡ ਦੇ ਕਿਸੇ ਵੀ ਬਜ਼ੁਰਗ ਨੂੰ ਉਨ੍ਹਾਂ ਦੇ ਜਨਮ ਅਤੇ ਮਾਤਾ-ਪਿਤਾ ਬਾਰੇ ਕੋਈ ਵਾਕਫੀਅਤ ਨਹੀਂ ਹੈ। ਇਨਾਂ ਕੁ ਪਤਾ ਲਗਦਾ ਹੈ ਕਿ ਆਪ ਦਾ ਜਨਮ ਘਈ ਖਤਰੀਆਂ ਦੇ ਘਰ ਹੋਇਆ। ਡਾ.ਗੁਰਚਰਨ ਸਿੰਘ ਸੇਕ ਅਨੁਸਾਰ ਆਪ ਜੀ ਦੇ ਪਿਤਾ ਦਾ ਨਾਮ ਦਇਆ ਰਾਮ ਤੇ ਜਨਮ ਸੰਮਤ ਦਾ ਅਨੁਮਾਨ 1780-81 ਬਿ.ਲਗਾਇਆ ਹੈ ਪਰ ਪਿੰਡ ਵਿੱਚ ਕਿਸੇ ਵੀ ਬਜ਼ੁਰਗ ਨੇ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ। ਪਤਾ ਚਲਦਾ ਹੈ ਕਿ ਭਾਈ ਦਰਬਾਰੀ ਦਾਸ ਦੇ ਪਿਤਾ ਦੇ ਘਰ ਕੋਈ ਔਲਾਦ ਨਹੀਂ ਸੀ ਹੋਈ ਅਤੇ ਉਨ੍ਹਾਂ ਨੇ ਢਿਲਵਾਂ ਵਾਲੇ ਸੋਢੀ ਸਾਹਿਬਾਨ ਬਾਬਾ ਅਭੈਰਾਮ ਨੂੰ ਔਲਾਦ ਲਈ ਅਰਦਾਸ ਬੇਨਤੀ ਕਰਨ ਲਈ ਕਿਹਾ ਤਾਂ ਬਾਬਾ ਅਭੈਰਾਮ ਨੇ ਸਮੂਹ ਸੰਗਤਾਂ ਨੂੰ ਅਰਦਾਸ ਕਰਨ ਲਈ ਕਿਹਾ ਤਾਂ ਇੱਕ ਸਾਲ ਦੇ ਅੰਦਰ ਉਸ ਘਰ ਵਿੱਚ ਇੱਕ ਹੋਣਹਾਰ ਬਾਲਗ ਨੇ ਜਨਮ ਲੈ ਲਿਆ । ਆਪ ਜੀ ਦਾ ਨਾਮ ਦਰਬਾਰੀ ਦਾਸ ਰਖਿਆ ਗਿਆ।ਆਪ ਇੱਕ  ਪ੍ਰਸਿੱਧ ਵਿਦਵਾਨ,ਮਹਾਂਕਵੀ,ਸੰਤ ਤੇ ਸਿੱਖ ਭਾਸ਼ਾ ਵਿੱਚ ‘ਭਾਈ’ ਹੋ ਗੁਜ਼ਰੇ। ਆਪ ਜੀ ਪੰਜ ਸਾਲ ਦੀ ਉਮਰ ਵਿੱਚ ਕੁਝ ਸਮਾਂ ਪਿੰਡ ਢਿਲਵਾਂ ਵਿਖੇ ਬਾਬਾ ਅਭੈਰਾਮ ਦੀ ਸੇਵਾਂ ਕਰਦੇ ਰਹੇ ਜਿੱਥੇ ਆਪ ਜੀ ਗੁਰੂ ਅਤੇ ਸੰਗਤ ਦੀ ਸੇਵਾ ਬੜੀ ਸ਼ਰਧਾ ਅਤੇ ਪਿਆਰ ਨਾਲ ਕਰਦੇ ਸੀ ਉੱਥੇ ਹੀ ਆਪ ਨੇ ਗੁਰਬਾਣੀ ਦੇ ਅਰਥ,ਵਿਆਖਿਆ ਤੇ ਗੁਰਮਤਿ ਸਿਧਾਂਤਾ ਦੀ ਸਿੱਖਿਆਂ ਵੀ ਬੜੀ ਲਗਨ ਨਾਲ ਪ੍ਰਾਪਤ ਕੀਤੀ ਇਸ ਦੇ ਨਾਲ-ਨਾਲ ਆਪ  ਵੀ ਕਾਵਿ ਲਿਖਣ ਸਾ ਅਭਿਆਸ ਕਰਦੇ ਰਹੇ। ਪਿੰਡ ਦੇ ਬਜ਼ੁਰਗ ਮਾਸਟਰ ਜਰਨੈਲ ਸਿੰਘ ਅਨੁਸਾਰ ਆਪ ਜੀ ਕੋਠਾ ਗੁਰੂ ਕਾ (ਬਠਿੰਡਾ) ਤੋਂ ਯਾਤਰਾ ਕਰਦੇ ਹੋਏ ਸਮਾਲਸਰ ਆਏ ਅਤੇ ਉੱਥੋਂ ਪਿੰਡ ਵੈਰੋਕੇ ਵਾਪਸ ਆ ਗਏ। ਜੱਥੇਦਾਰ ਕਿਰਪਾਲ ਸਿੰਘ ਦੁਆਰਾ ਲਿਖੀ ਗਈ ਪੁਸਤਕ ‘ਮਾਝਾਂ ਭਾਈ ਦਰਬਾਰੀ’ ਅਨੁਸਾਰ ਆਪ ਜੀ ਦਾ ਪਿੰਡ ਵੈਰੋਕੇ ਰਹਿਣ ਦਾ ਸਮਾਂ 1818 ਬਿ.ਤੋਂ 1860 ਬਿ. ਤੱਕ ਦਾ ਹੋ ਸਕਦਾ ਹੈ। ਆਪ ਜੀ ਨੇ ਇੱਕ ਮਹਾਨ ਗ੍ਰੰਥ ‘ਹਰਿਜਸ ਕੀ ਪੋਥੀ’ ਦੀ ਰਚਨਾ ਕੀਤੀ ਜਿਸ ਦੇ ਕੁੱਲ 919 ਪੱਤਰੇ ਹਨ ਅਤੇ ਇਸ ਗ੍ਰੰਥ ਵਿੱਚ ਆਪ ਨੇ 35 ਰਾਗਾਂ ਦੀ ਵਰਤੋਂ ਕੀਤੀ,ਜਿਸ ਤਰ੍ਹਾਂ ਬਾਬਾ ਦਰਬਾਰੀ ਦਾਸ ਜੀ ਦੇ ਜਨਮ ਸਬੰਧੀ ਕੋਈ ਠੋਸ ਜਾਣਕਾਰੀ ਨਹੀਂ ਮਿਲਦੀ ਉਸੇ ਤਰ੍ਹਾਂ ਹੀ ਉਨ੍ਹਾਂ ਦੀ ਮੌਤ ਸਬੰਧੀ ਕੋਈ ਖਾਸ ਜਾਣਕਾਰੀ ਨਹੀਂ ਹੈ। ਉਂਝ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਆਪ ਜੀ ਨੇ 90 ਸਾਲ ਦੇ ਲਗਭਗ ਆਪਣਾ ਜੀਵਨ ਬਤੀਤ ਕੀਤਾ।ਪਿੰਡ ਵੈੋਰੋਕੇ ਵਿਖੇ ਹੀ ਆਪ ਜੀ ਦੀ ਮੌਤ ਹੋਈ ਅਤੇ ਜਿੱਥੇ ਆਪ ਜੀ ਦਾ ਸੰਸਕਾਰ ਕੀਤਾ ਗਿਆ ਉੱਥੇ ਆਪ ਜੀ ਦੀ ਸਮਾਧ ਬਣਾ ਦਿੱਤੀ ਗਈ ਜਿੱਥੇ ਹੁਣ ਆਪ ਜੀ ਦੇ ਨਾਮ ‘ਤੇ ਵਿਸ਼ਾਲ ਅਤੇ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ।ਹਰ ਮੱਸਿਆ ਨੂੰ ਗੁਰਦੁਆਰਾ ਸਾਹਿਬ ਵਿਖੇ ਜੋੜ ਮੇਲਾ ਹੁੰਦਾ ਹੈ ਅਤੇ ਆਪ ਜੀ ਦੀ ਯਾਦ ਵਿੱਚ ਸਲਾਨਾ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਣ ਲਈ ਪਿੰਡ ਵਾਸੀਆਂ ਵਲੋਂ ਸਾਂਝੀ ਕਮੇਟੀ ਬਣਾਈ ਗਈ ਹੈ ਜਿਸ ਦੇ ਮੌਜੂਦਾ ਪ੍ਰਧਾਨ ਦਰਸ਼ਨ ਸਿੰਘ ਹਨ। ਇਹ ਕਮੇਟੀ ਧਾਰਮਿਕ ਕੰਮਾਂ ਦੇ ਨਾਲ-ਨਾਲ ਸਮਾਜਿਕ ਕਾਰਜ ਕਰਕੇ ਆਪ ਜੀ ਦੇ ਦਿਖਾਏ ਰਸਤੇ ‘ਤੇ ਚੱਲਣ ਦਾ ਪੂਰਾ ਯਤਨ ਕਰ ਰਹੀ ਹੈ। ਗੁਰਦੁਆਰਾ ਬਾਈ ਦਰਬਾਰੀ ਦਾਸ ਜੀ ਪ੍ਰਤੀ ਲੋਕਾਂ ਵਿੱਚ ਬੇਹੱਦ ਸ਼ਰਧਾ ਭਰੀ ਹੋਈ ਹੈ ਪਰ ਨਾਲ ਹੀ ਝੂਠੀ ਸਹੁੰ ਚੁੱਕਣ ਸਬੰਧੀ ਭੈ ਵੀ ਹੈ। ਮੌਜੂਦਾ ਕਮੇਟੀ ਨੇ ਗੁਰਦੁਆਰਾ ਸਾਹਿਬ ਵਿੱਚ ਸਹੁੰ ਚੁੱਕਣ ‘ਤੇ ਰੋਕ ਲਾ ਦਿੱਤੀ ਹੈ ਪਰ ਫਿਰ ਵੀ ਇਲਾਕੇ ਦੇ ਲੋਕ ਸੱਚ ਝੂਠ ਦਾ ਪਤਾ ਕਰਨ ਲਈ ਇੱਥੇ ਸਹੁੰ ਚੁੱਕਣ ਆਉਂਦੇ ਹਨ।
                                                                                                                                                                                                                                                                                                        ਪੇਸ਼ਕਸ਼-ਜਸਵੰਤ ਗਿੱਲ ਸਮਾਲਸਰ