ਅਵਾਰਾ ਕੁੱਤਿਆਂ ਦੇ ਸਬੰਧੀ ਮੰਗੀ ਜਾਣਕਾਰੀ ਦੇਣ ਤੋਂ ਕੰਨੀ ਕਤਰਾ ਰਿਹਾ ਹੈ ਨਗਰ ਨਿਗਮ-ਸੁਖਚੈਨ ਰਾਮੂੰਵਾਲੀਆ
ਮੋਗਾ, 9 ਸਤੰਬਰ (ਜਸ਼ਨ) : ਸਮਾਜ ਸੇਵੀ ਸੰਸਥਾ ਵਿਕਾਸ ਮਿਸ਼ਨ ਵੈਲਫੇਅਰ ਸੁਸਾਇਟੀ ਦੇ ਆਗੂ ਸੁਖਚੈਨ ਰਾਮੂੰਵਾਲੀਆ ਵਲੋਂ ਲੋਕ ਹਿੱਤ ਵਿਚ ਲੋਕ ਸੂਚਨਾ ਅਧਿਕਾਰ ਐਕਟ ਤਹਿਤ ਇਹ ਜਾਣਕਾਰੀ ਨਗਰ ਨਿਗਮ ਮੋਗਾ ਤੋਂ ਮੰਗੀ ਗਈ ਸੀ ਕਿ ਸੰਨ 1995 ਤੋਂ ਲੈ ਕੇ ਸੰਨ 2017 ਤੱਕ ਕਾਰਪੋਰੇਸ਼ਨ ਨੇ ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ ਲਈ ਸਾਲ ਵਾਈਜ਼ ਕਿੰਨੀ ਰਕਮ ਕੇਂਦਰੀ ਅਤੇ ਸੂਬਾ ਸਰਕਾਰ ਤੋਂ ਪ੍ਰਾਪਤ ਕੀਤੀ ਅਤੇ ਕਿੰਨੀ ਹੁਣ ਤੱਕ ਖਰਚ ਕੀਤੀ। ਤਿੰਨ ਮਹੀਨੇ ਤੋਂ ਵੱਧ ਸਮਾਂ ਗੁਜ਼ਰ ਜਾਣ ’ਤੇ ਵੀ ਨਗਰ ਨਿਗਮ ਇਸ ਜਾਣਕਾਰੀ ਪ੍ਰਤੀ ਗੰਭੀਰ ਨਾ ਹੋ ਕੇ ਇਸ ਨੂੰ ਅੱਖੋਂ-ਪਰੋਖੇ ਕਰਕੇ ਜਾਣਕਾਰੀ ਦੇਣ ਤੋਂ ਆਨਾਕਾਨੀ ਕਰ ਰਿਹਾ ਹੈ, ਜਿਸ ਤੋਂ ਇੰਜ ਮਹਿਸੂਸ ਹੁੰਦਾ ਹੈ ਕਿ ਦਾਲ ਵਿਚ ਕੁਝ ਕਾਲਾ ਹੈ, ਕਿਉਂਕਿ ਸਰਕਾਰ ਵੱਲੋਂ ਕੁੱਤਿਆਂ ਦੇ ਸਬੰਧ ਵਿਚ 800 ਰੁਪਏ ਮੇਲ ਕੁੱਤਾ ਅਤੇ 1200 ਰੁਪਏ ਫੀਮੇਲ ਮਗਰ ਫੰਡ ਮੁਹੱਈਆ ਕਰਵਾਇਆ ਜਾਂਦਾ ਹੈ, ਪਰ ਨਗਰ ਨਿਗਮ ਆਏ ਫੰਡਾਂ ਦਾ ਹਿਸਾਬ ਅਤੇ ਵੇਰਵਾ ਦੇਣ ਦੇ ਰੌਂਅ ਵਿਚ ਨਹੀਂ ਲੱਗਦਾ। ਨਗਰ ਨਿਗਮ ਕੋਲ ਇਨਾਂ ਫੰਡਾਂ ਤੋਂ ਇਲਾਵਾ ਕਰੋੜਾਂ ਰੁਪਇਆ ਆਪਣਾ ਵੀ ਮੌਜੂਦ ਹੈ, ਪਰ ਫਿਰ ਵੀ ਨਗਰ ਨਿਗਮ ਇਸ ਸਮੱਸਿਆ ਪ੍ਰਤੀ ਗੰਭੀਰ ਨਹੀਂ ਅਤੇ ਨਾਂ ਹੀ ਉਸ ਕੋਲ ਅਵਾਰਾ ਕੁੱਤਿਆਂ ਅਤੇ ਅਵਾਰਾ ਪਸ਼ੂਆਂ ਦੇ ਕੰਟਰੋਲ ਦੀ ਕੋਈ ਤਜ਼ਵੀਜ ਹੈ। ਡੌਗ ਕੰਟਰੋਲ ਐਕਟ 1996 ਲਾਗੂ ਹੋਣ ਦੇ ਬਾਵਜੂਦ ਵੀ ਦਿਨੋਂ-ਦਿਨ ਅਵਾਰਾ ਕੁੱਤਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਇਹ ਖੰੂਖਾਰ ਅਵਾਰਾ ਕੁੱਤੇ ਲੋਕਾਂ ਦੀ ਜਾਨ ਦਾ ਖੌਅ ਬਣਦੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਵਪਾਰਿਕ ਸੰਸਥਾਵਾਂ ਵੱਲੋਂ ਮਾਣਯੋਗ ਡਿਪਟੀ ਕਮਿਸ਼ਨਰ, ਏਡੀਸੀ ਮੋਗਾ, ਕਮਿਸ਼ਨਰ ਨਗਰ ਨਿਗਮ ਅਤੇ ਮੇਅਰ ਨਗਰ ਨਿਗਮ ਨੂੰ ਮੈਮੋਰੰਡਮ ਦੇ ਕੇ ਕੁੱਤਿਆਂ ਦੇ ਵੱਧ ਰਹੇ ਆਤੰਕ ਪ੍ਰਤੀ ਰੋਸ ਜਿਤਾਇਆ ਗਿਆ ਸੀ ਕਿ ਪ੍ਰਸ਼ਾਸ਼ਨ ਅਵਾਰਾ ਕੁੱਤਿਆਂ ਦੀ ਨਸਬੰਦੀ ਤੇ ਟੀਕਾਕਰਨ ਲਈ ਆਪਣੀ ਜਿੰਮੇਵਾਰੀ ਨਹੀਂ ਨਿਭਾਅ ਰਿਹਾ। ਪ੍ਰਸ਼ਾਸ਼ਨ ਵੱਲੋਂ ਇਸ ਗੰਭੀਰ ਸਮੱਸਿਆ ਤੋਂ ਜਲਦੀ ਛੁਟਕਾਰਾ ਦਿਵਾਉਣ ਦਾ ਭਰੋਸਾ ਦਿੱਤਾ ਸੀ, ਪਰ ਤਿੰਨ ਮਹੀਨੇ ਤੋਂ ਉਪਰ ਸਮਾਂ ਬੀਤ ਜਾਣ ’ਤੇ ਵੀ ਪ੍ਰਸ਼ਾਸ਼ਨ ਇਸ ਵਿਸ਼ੇ ’ਤੇ ਗੰਭੀਰ ਨਾ ਹੋ ਕੇ ਚਾਦਰ ਤਾਣ ਕੇ ਗਹਿਰੀ ਨੀਂਦ ਸੁੱਤਾ ਪਿਆ ਹੈ। ਉਨਾਂ ਕਿਹਾ ਕਿ ਨਗਰ ਨਿਗਮ ਨੇ ਇਸ ਸਮੱਸਿਆ ਸਬੰਧੀ ਕੁਝ ਪਹਿਲ ਕਦਮੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੁਣ ਪਸ਼ੂ ਪਾਲਣ ਵਿਭਾਗ ਨੇ ਆਪਣੀ ਜਿੰਮੇਵਾਰੀ ਤੋਂ ਭੱਜਦਿਆਂ ਕੁੱਤਿਆਂ ਦੀ ਨਸਬੰਦੀ ਨਾ ਕਰਨ ਦਾ ਫੈਸਲਾ ਜਾਰੀ ਕਰ ਦਿੱਤਾ, ਜੋ ਕਿ ਬਹੁਤ ਹੀ ਮੰਦਭਾਗਾ ਹੈ। ਉਨਾਂ ਇਸ ਸਮੱਸਿਆ ਸਬੰਧੀ ਇਕ ਪੱਤਰ ਮਾਣਯੋਗ ਮੁੱਖ ਮੰਤਰੀ ਪੰਜਾਬ, ਸਥਾਨਕ ਸਰਕਾਰਾਂ ਦੇ ਮੰਤਰੀ ਅਤੇ ਲੋਕ ਸੂਚਨਾ ਕਮਿਸ਼ਨਰ ਨੂੰ ਭੇਜ ਕੇ ਮਿਲਣ ਲਈ ਸਮੇਂ ਦੀ ਮੰਗ ਕੀਤੀ ਹੈ ਤਾਂ ਜੋ ਰੂ-ਬ-ਰੂ ਮਿਲ ਕੇ ਇਸ ਗੰਭੀਰ ਸਮੱਸਿਆ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਉਨਾਂ ਨਾਲ ਅਸ਼ੋਕ ਕੁਮਾਰ, ਅਨਿਲ ਮਿੱਤਲ, ਹਰਜੀਤ ਸਿੰਘ, ਸੋਨੂੰ ਕੜਵਲ, ਦੇਵਕੀ ਨੰਦਨ ਆਦਿ ਹਾਜ਼ਰ ਸਨ।