ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਮੋਗਾ,8 ਸਤੰਬਰ (ਜਸ਼ਨ)-ਅੱਜ ਬੱਸ ਅੱਡਾ ਮੋਗਾ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਇਕਾਈ ਮੋਗਾ ਦੇ ਵੱਡੀ ਗਿਣਤੀ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਰੋਸ ਰੈਲੀ ਕਰਨ ਉਪਰੰਤ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਬੋਲਣ ਵਾਲੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਹੱਕਾਂ ਨੂੰ ਦਰੜ ਕੇ ਆਮ ਲੋਕਾਂ ਦੇ ਬੱਚਿਆਂ ਲਈ ਰੁਜ਼ਗਾਰ ਦੇ ਮੌਕੇ ਬੰਦ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਰਕਾਰੀ ਨੌਕਰੀਆਂ ਦੇਣ ਦੀ ਥਾਂ ਠੇਕੇ’ਤੇ ਭਰਤੀ ਕਰਨ ਜਾ ਰਹੀ ਹੈ। ਇਸ ਮੌਕੇ ਵਿਸ਼ੇਸ਼ ਤੌਰ’ਤੇ ਪਹੁੰਚੇ ਡਿਪਟੀ ਜਨਰਲ ਸਕੱਤਰ ਕਾ. ਜਗਦੀਸ਼ ਸਿੰਘ ਚਾਹਲ ਨੇ ਦੱਸਿਆ ਕਿ ਸਰਕਾਰ  ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰਕੇ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਮਹਿੰਗੀ ਬਿਜਲੀ ਖਰੀਦ ਰਹੀ ਹੈ ਜਿਸ ਨਾਲ ਲੋਕਾਂ ਨੂੰ ਬਿਜਲੀ ਮਹਿੰਗੀ ਲੈਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਟ੍ਰਾਂਸਪੋਰਟਰਾਂ ਨੂੰ ਲੁੱਟਣ ਦੀ ਖੁੱਲ੍ਹ ਦਿੱਤੀ ਹੋਈ ਹੈ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਭਾਰੀ ਘਾਟਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕੰਨਿਆਂ ਕੁਮਾਰੀ ਤੋਂ ਰੁਜ਼ਗਾਰ ਦੀ ਪ੍ਰਾਪਤੀ ਲਈ ਚੱਲਿਆ ਲਾਂਗ ਮਾਰਚ 11 ਸਤੰਬਰ ਨੂੰ ਮੋਗਾ ਵਿਖੇ ਪਹੁੰਚੇਗਾ ਅਤੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਵੱਖ-ਵੱਖ ਥਾਵਾਂ ਤੇ ਉਸ ਦਾ ਭਰਪੂਰ ਸਵਾਗਤ ਕੀਤਾ ਜਾਵੇਗਾ। 12 ਸਤੰਬਰ ਨੂੰ ਇਸ ਮਾਰਚ ਦੇ ਆਗੂ ਰੀਗਲ ਸਿਨੇਮੇ ਜਾਣਗੇ ਅਤੇ ਰਸਤੇ ਵਿੱਚ ਵੀ ਉਸ ਦਾ ਕਈ ਥਾਵਾਂ ਤੇ ਫੈਡਰੇਸ਼ਨ ਵਿੱਚ ਸ਼ਾਮਲ ਜੱਥੇਬੰਦੀਆਂ ਵੱਲੋਂ ਇਸ ਦਾ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਬੋਲਦਿਆਂ ਬਲਕਰਨ ਮੋਗਾ ਨੇ ਕਿਹਾ ਕਿ ਸਰਕਾਰ ਬਦਲਣ ਨਾਲ ਕੋਈ ਫਰਕ ਨਹੀਂ ਪਿਆ ਸਗੋਂ ਇਹ ਪਹਿਲੀ ਸਰਕਾਰ ਦਾ ਬਦਲਿਆ ਰੂਪ ਹੀ ਹੈ ਜੋ ਲੋਕਾਂ ਤੋਂ ਰੁਜ਼ਗਾਰ ਦੇ ਮੌਕੇ ਖੋਹਣ ਦਾ ਹੀ ਕੰਮ ਕਰਦਾ ਹੈ। 50 ਸਾਲ ਦੀ ਉਮਰ ਦੇ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਪਰਖਣ ਦੇ ਨਾਂ ਹੇਠ ਜ਼ਬਰੀ ਰਿਟਾਇਰ ਕਰਨ ਦੀ ਇੱਛਾ ਪ੍ਰਗਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ, ਐਮ.ਐਲ.ਏਜ਼, ਐਮ.ਪੀਜ਼, ਮੁੱਖ ਮੰਤਰੀ ਆਦਿ ਤੇ ਕਾਨੂੰਨ ਇੱਕੋ ਤਰ੍ਹਾਂ ਲਾਗੂ ਹੋਣਾ ਚਾਹੀਦਾ ਹੈ। ਜੇ ਮੁਲਾਜ਼ਮਾਂ ਦੀ ਜਵਾਬਦੇਹੀ ਹੁੰਦੀ ਹੈ ਤਾਂ ਰਾਜਨੀਤਿਕ ਵਿਅਕਤੀਆਂ ਦੀ ਵੀ ਜਵਾਬਦੇਹੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਰੁਜ਼ਗਾਰ ਦੀ ਮੰਗ ਹੀ ਮੁੱਖ ਮੰਗ ਹੈ। ਇਸ ਮੌਕੇ ਬੁਲਾਰਿਆਂ ਨੇ ਮੰਗ ਕੀਤੀ ਕਿ ਆਂਗਣਵਾੜੀ, ਆਸ਼ਾ, ਮਿਡ-ਡੇ-ਮੀਲ ਵਰਕਰਜ਼ ਅਤੇ ਹੋਰ ਸਕੀਮਾਂ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਡੀ.ਏ. ਦੀਆਂ ਕਿਸ਼ਤਾਂ ਦੇ ਬਕਾਇਆ ਤੁਰੰਤ ਦਿੱਤਾ ਜਾਵੇ, ਜਨਵਰੀ 2017 ਤੋਂ ਡੀ.ਏ. ਦੀ ਕਿਸ਼ਤ ਜਾਰੀ ਕੀਤੀ ਜਾਵੇ, ਸਿਹਤ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਜਿਨ੍ਹਾਂ ਨੂੰ 1-9-17 ਤੋਂ ਫਾਰਗ ਕੀਤਾ ਗਿਆ ਹੈ ਮੁੜ ਰੁਜ਼ਗਾਰ ਨੇ ਬਹਾਲ ਕੀਤਾ ਜਾਵੇ, ਉਨ੍ਹਾਂ ਦੀਆਂ 4-5 ਮਹੀਨਿਆਂ ਤੋਂ ਰੋਕੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ, ਖਜ਼ਾਨਿਆਂ ਤੇ ਜ਼ੁਬਾਨੀ ਲਾਈ ਹੋਈ ਪਾਬੰਦੀ ਖਤਮ ਕੀਤੀ ਜਾਵੇ, ਸਰਕਾਰੀ ਵਿਭਾਗਾਂ ਵਿੱਚ ਠੇਕੇ’ਤੇ ਭਰਤੀ ਕਰਨ ਦੀ ਥਾਂ ਰੈਗੂਲਰ ਭਰਤੀ ਕੀਤੀ ਜਾਵੇ, ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ, ਸਾਰੇ ਨਾਗਰਿਕਾਂ ਤੇ ਕਾਨੂੰਨ ਇੱਕੋ ਜਿਹੇ ਢੰਗ ਨਾਲ ਲਾਗੂ ਕੀਤੇ ਜਾਣ, ਘੱਟੋ-ਘੱਟ ਉਜ਼ਰਤ ਅਤੇ ਵੱਧ ਤੋਂ ਵੱਧ ਉਜ਼ਰਤ ਵਿੱਚ ਪਾੜਾ 1:7 ਤੋਂ ਵੱਧ ਨਹੀਂ ਹੋਣਾ ਚਾਹੀਦਾ ਆਦਿ। ਇਸ ਮੌਕੇ ਬੁਲਾਰਿਆਂ ਵਿੱਚ ਭੂਪਿੰਦਰ ਸਿੰਘ ਸੇਖੋਂ, ਗੁਰਮੇਲ ਸਿੰਘ ਨਾਹਰ, ਗੁਰਮੀਤ ਸਿੰਘ ਧਾਲੀਵਾਲ, ਚਮਨ ਲਾਲ ਸੰਗੇਲੀਆ, ਪ੍ਰਕਾਸ਼ ਚੰਦ ਦੌਲਤਪੁਰਾ, ਗੁਰਚਰਨ ਕੌਰ, ਬਲਵਿੰਦਰ ਕੌਰ ਖੋਸਾ, ਗੁਰਪ੍ਰੀਤ ਕੌਰ, ਪੋਹਲਾ ਸਿੰਘ ਬਰਾੜ, ਬੂਟਾ ਸਿੰਘ ਭੱਟੀ, ਚਮਕੌਰ ਸਿੰਘ ਡਗਰੂ, ਸੁਰਿੰਦਰ ਸਿੰਘ ਬਰਾੜ ਆਦਿ ਤੋਂ ਇਲਾਵਾ ਆਸ਼ਾ, ਬਲਵਿੰਦਰ ਕੌਰ ਨਗਰ ਨਿਗਮ ਮੁਲਾਜ਼ਮ ਆਗੂ ਵੀ ਸ਼ਾਮਲ ਸਨ।