ਐਸ.ਡੀ.ਸੀ. ਸੈ. ਸਕੂਲ ਮੋਗਾ ਵਿਖੇ ਮੌਸਮੀ ਬਿਮਾਰੀਆਂ ਬਾਰੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ 

ਮੋਗਾ,8 ਸਤੰਬਰ (ਜਸ਼ਨ)- ਬਰਸਾਤ ਦੇ ਮੌਸਮ ਦੌਰਾਨ ਜਿੱਥੇ ਮੱਛਰਾਂ ਦੇ ਉਤਪੰਨ ਹੋਣ ਨਾਲ ਮਲੇਰੀਆ ਅਤੇ ਡੇਂਗੂ ਦੇ ਕੇਸਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋ ਜਾਂਦਾ ਹੈ, ਉਥੇ ਦਸਤ, ਉਲਟੀਆਂ ਆਦਿ ਪੇਟ ਰੋਗਾਂ ਅਤੇ ਚਮੜੀ ਰੋਗ ਆਦਿ ਹੋਣ ਦੀ ਸੰਭਾਵਨਾ ਵੀ ਕਾਫੀ ਵਧ ਜਾਂਦੀ ਹੈ । ਇਸ ਲਈ ਸਾਨੂੰ ਬਰਸਾਤ ਦੇ ਦਿਨਾਂ ਦੌਰਾਨ ਆਪਣੇ ਆਲੇ ਦੁਆਲੇ ਦੀ ਸਫਾਈ ਅਤੇ ਖਾਣ ਪੀਣ ਦੀਆਂ ਚੀਜਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ । ਸਿਹਤ ਵਿਭਾਗ ਮੋਗਾ ਵੱਲੋਂ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ, ਗਾਂਧੀ ਰੋਡ ਮੋਗਾ ਵਿਖੇ ਮੌਸਮੀ ਬਿਮਾਰੀਆਂ ਸੰਬੰਧੀ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਆਯੋਜਿਤ ਕੀਤੇ ਗਏ ਸੈਮੀਨਾਰ ਵਿੱਚ ਉਕਤ ਵਿਚਾਰਾਂ ਦਾ ਪ੍ਗਟਾਵਾ ਕਰਦਿਆਂ ਸਿਹਤ ਵਿਭਾਗ ਦੇ ਸੈਨੇਟਰੀ ਇੰਸਪੈਕਟਰ ਮਹਿੰਦਰ ਪਾਲ ਲੂੰਬਾ ਅਤੇ ਰਣਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮੌਸਮ ਦੌਰਾਨ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਖਤਰਨਾਕ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਪਾਣੀ ਨਹੀਂ ਖੜਨ ਦੇਣਾ ਚਾਹੀਦਾ, ਛੋਟੇ ਟੋਇਆਂ ਨੂੰ ਭਰ ਦੇਣਾ ਚਾਹੀਦਾ ਹੈ ਤੇ ਘਰਾਂ ਦੀਆਂ ਛੱਤਾਂ ਤੇ ਪਏ ਟਾਇਰਾਂ, ਪੁਰਾਣੇ ਬਰਤਨਾਂ ਨੂੰ ਢਕ ਕੇ ਜਾਂ ਮੂਧੇ ਮਾਰ ਕੇ ਰੱਖਣਾ ਚਾਹੀਦਾ ਹੈ, ਹਰ ਸ਼ੁਕਰਵਾਰ ਨੂੰ ਕੂਲਰਾਂ, ਖੇਲਾਂ ਆਦਿ ਨੂੰ ਖਾਲੀ ਕਰਕੇ ਸੁਕਾਉਣਾ ਚਾਹੀਦਾ ਹੈ। ਰਾਤ ਨੂੰ ਸੌਣ ਲੱਗਿਆਂ ਪੂਰੇ ਸਰੀਰ ਨੂੰ ਢਕ ਕੇ ਰੱਖਣਾ ਚਾਹੀਦਾ ਹੈ ਤੇ ਬੁਖਾਰ ਹੋਣ ਤੇ ਸਰਕਾਰੀ ਹਸਪਤਾਲ ਵਿੱਚੋਂ ਤੁਰੰਤ ਆਪਣੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ । ਉਹਨਾਂ ਦੱਸਿਆ ਕਿ ਪੇਟ ਦੀਆਂ ਬਿਮਾਰੀਆਂ ਤੋਂ ਬਚਣ ਲਈ ਕੱਚੇ ਅਤੇ ਜਿਆਦਾ ਪੱਕੇ ਫਲ, ਅਣਢਕਿਆ ਅਤੇ ਬੇਹਾ ਭੋਜਨ ਖਾਣ ਅਤੇ ਗੰਦਾ ਪਾਣੀ ਪੀਣ ਤੋਂ ਪ੍ਹੇਜ਼ ਕਰਨਾ ਚਾਹੀਦਾ ਹੈ । ਉਹਨਾਂ ਕਿਹਾ ਕਿ ਦਸਤ ਜਾਂ ਉਲਟੀਆਂ ਹੋਣ ਦੀ ਸੂਰਤ ਵਿੱਚ ਇਲਾਜ਼ ਤੁਰੰਤ ਸ਼ੁਰੂ ਕਰਵਾ ਲੈਣਾ ਚਾਹੀਦਾ ਹੈ ਕਿਉਂਕਿ ਲਗਾਤਾਰ ਦਸਤ ਜਾਂ ਉਲਟੀਆਂ ਹੋਣ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਕਈ ਵਾਰ ਮਰੀਜ ਦੀ ਮੌਤ ਵੀ ਹੋ ਜਾਂਦੀ ਹੈ । ਉਹਨਾਂ ਬੱਚਿਆਂ ਨੂੰ ਘਰ ਵਿੱਚ ਓ.ਆਰ.ਐਸ. ਦਾ ਘੋਲ ਤਿਆਰ ਕਰਨ ਦੀ ਵਿਧੀ ਬਾਰੇ ਵੀ ਜਾਣਕਾਰੀ ਦਿੱਤੀ । ਚਮੜੀ ਦੇ ਰੋਗਾਂ ਤੋਂ ਬਚਣ ਲਈ ਹਰ ਰੋਜ਼ ਨਹਾਉਣ ਅਤੇ ਸਰੀਰ ਦੇ ਸਾਰੇ ਅੰਗਾਂ ਦੀ ਸਫਾਈ ਕਰਨ ਲਈ ਕਿਹਾ । ਇਸ ਮੌਕੇ ਟੀਮ ਵੱਲੋਂ ਬੱਚਿਆਂ ਨੂੰ ਜਾਗਰੂਕ ਕਰਨ ਲਈ ਪੈਂਫਲਿਟ ਵੀ ਵੰਡੇ ਗਏ । ਵਾਈਸ ਪਿ੍ੰਸੀਪਲ ਨਵਕਿਰਨ ਗਿੱਲ ਨੇ ਆਪਣੇ ਸੰਬੋਧਨ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਲਾਹੇਵੰਦ ਦੱਸਦਿਆਂ ਬੱਚਿਆਂ ਨੂੰ ਸਿਹਤਮੰਦ ਜਿੰਦਗੀ ਬਤੀਤ ਕਰਨ ਲਈ ਇਹਨਾਂ ਸਿੱਖਿਆਵਾਂ ਦਾ ਪਾਲਣ ਕਰਨ ਲਈ ਕਿਹਾ । ਉਹਨਾਂ ਸਿਹਤ ਵਿਭਾਗ ਦੀ ਟੀਮ ਦਾ ਵਿਸੇਸ਼ ਤੌਰ ਤੇ ਧੰਨਵਾਦ ਵੀ ਕੀਤਾ । ਇਸ ਮੌਕੇ ਵਿਨੇ ਅਰੋੜਾ ਜੀ, ਸੱਤਪਾਲ ਸਿੰਘ, ਬਲਵੀਰ ਸਿੰਘ ਆਦਿ ਅਧਿਅਪਕਾਂ ਤੋਂ ਇਲਾਵਾ ਸਕੂਲ ਦੇ ਸਮੂਹ ਟੀਚਰ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।