ਡੇਂਗੂ ਨੇ ਲਈ ਦੋ ਵਿਅਕਤੀਆਂ ਦੀ ਜਾਨ

ਬਰਗਾੜੀ 8 ਸਤੰਬਰ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ)- ਮਹਿੰਦਰ ਸਿੰਘ (ਅਕਾਲੀ) ਪੁੱਤਰ ਜਗਦੀਪ ਸਿੰਘ (ਅਕਾਲੀ) ਵਾਸੀ ਬਾਜਾਖਾਨਾ (ਫਰੀਦਕੋਟ) ਦੀ ਡੇਂਗੂ ਕਾਰਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਪਿਛਲੇ 10 ਸਾਲਾਂ ਤੋਂ ਲੁਧਿਆਣਾ ਵਿਖੇ ਰਹਿ ਰਹੇ ਸਨ। ਉਨਾਂ ਨੂੰ ਅਚਾਨਕ ਬੁਖਾਰ ਹੋ ਗਿਆ ਜਦ ਲਗਾਤਾਰ ਦੋ ਦਿਨ ਬੁਖਾਰ ਨਾ ਉੱਤਰਿਆ ਤਾਂ ਉਨਾਂ ਡੀ .ਐਮ.ਸੀ. ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਡੇਂਗੂ ਹੋਣ ਦੀ ਪੁਸ਼ਟੀ ਕੀਤੀ ਅਤੇ ਅਗਲੇ ਹੀ ਦਿਨ ਉਨਾਂ ਦੀ ਮੌਤ ਹੋ ਗਈ। ਮਹਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਨਾਂ ਦੇ ਜੱਦੀ ਪਿੰਡ ਬਾਜਾਖਾਨਾ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸੇ ਤਰਾਂ ਨੇੜਲੇ ਪਿੰਡ ਬੁਰਜ ਹਰੀ ਕਾ ਦੇ ਨੌਜਵਾਨ ਭੁਪਿੰਦਰ ਸਿੰਘ ਉਰਫ ਭਿੰਦਾ ਵੀ ਡੇਂਗੂ ਬੁਖਾਰ ਨਾਲ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੁਰਜ ਹਰੀਕਾ ਦੇ ਨੌਜਵਾਨ ਭੁਪਿੰਦਰ ਸਿੰਘ ਉਰਫ ਭਿੰਦਾ (35) ਪੁੱਤਰ ਗੁਰਮੇਲ ਸਿੰਘ ਨੂੰ ਅਚਾਨਕ ਬੁਖਾਰ ਹੋ ਗਿਆ ਤਾਂ ਉਨਾਂ ਪਿੰਡ ਦੇ ਡਾਕਟਰਾਂ ਤੋਂ ਦਵਾਈ ਲੈਣੀ ਸ਼ੁਰੂ ਕਰ ਦਿੱਤੀ ਪਰੰਤੂ ਜਦੋਂ ਬੁਖਾਰ ਲਗਾਤਾਰ 2-3 ਦਿਨ ਨਾ ਉਤਰਿਆ ਤਾਂ ਭੁਪਿੰਦਰ ਸਿੰਘ ਉਰਫ ਭਿੰਦਾ ਨੂੰ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਡੇਂਗੂ ਹੋਣ ਦੀ ਪੁਸ਼ਟੀ ਕੀਤੀ। ਰਾਤ 11 ਵਜੇ ਭੁਪਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਅੱਜ ਪਿੰਡ ਬੁਰਜ ਹਰੀ ਕਾ ਵਿਖੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ। ਭੁਪਿੰਦਰ ਸਿੰਘ ਆਪਣੇ ਪਿੱਛੇ ਇੱਕ ਪੁੱਤਰ ਅਤੇ ਇੱਕ ਪੁੱਤਰੀ ਨੂੰ ਛੱਡ ਗਿਆ।