ਬਵਾਨਾ ਦੀ ਜਿੱਤ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੋਕ ਹਿਤੈਸ਼ੀ ਫੈਸਲਿਆਂ ’ਤੇ ਮੋਹਰ-ਸੰਜੀਵ ਕੋਛੜ
ਮੋਗਾ, 29 ਅਗਸਤ (ਜਸ਼ਨ)- ਦਿੱਲੀ ਵਿਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਏ ਜਾ ਰਹੇ ਲੋਕ ਹਿਤੈਸ਼ੀ ਫੈਸਲਿਆਂ ’ਤੇ ਲੋਕਾਂ ਵੱਲੋਂ ਪ੍ਰਗਟ ਕੀਤੇ ਵਿਸ਼ਵਾਸ਼ ਸਦਕਾ ਹੀ ਉੱਪ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਮ ਚੰਦਰ ਨੇ 25 ਹਜ਼ਾਰ ਵੋਟਾਂ ਦੇ ਅੰਤਰ ਨਾਲ ਜਿੱਤ ਹਾਸਲ ਕੀਤੀ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਧਰਮਕੋਟ ਤੋਂ ਸੀਨੀਅਰ ਆਗੂ ਸੰਜੀਵ ਕੋਛੜ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਕੀਤਾ। ਕੋਛੜ ਨੇ ਆਖਿਆ ਕਿ ਦਿੱਲੀ ਦੇ ਲੋਕਾਂ ਦੇ ਦਿਲਾਂ ਵਿਚ ਅਰਵਿੰਦ ਕੇਜਰੀਵਾਲ ਲਈ ਬਹੁਤ ਆਦਰ ਹੈ ਅਤੇ ਇਹਨਾਂ ਉੱਪ ਚੋਣਾਂ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਦਿੱਲੀ ਵਿਚ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਅਤੇ ਇਹਨਾਂ ਵਿਕਾਸ ਕੰਮਾਂ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਆਪਣੀ ਵੋਟ ਆਮ ਆਦਮੀ ਦੇ ਉਮੀਦਵਾਰ ਰਾਮ ਚੰਦਰ ਨੂੰ ਪਾਈ ਹੈ। ਸੰਜੀਵ ਕੋਛੜ ਨੇ ਆਖਿਆ ਕਿ ਮੌਕਾ ਪ੍ਰਸਤ ਲੀਡਰ ਜੋ ਪਾਰਟੀ ਨੂੰ ਧੋਖਾ ਦੇ ਕੇ ਛੱਡ ਗਏ ਅਤੇ ਲੋਕਾਂ ਨੂੰ ਧੋਖਾ ਦੇ ਗਏ ਸਨ ਉਹਨਾਂ ਨੂੰ ਬਵਾਨਾਂ ਦੇ ਲੋਕਾਂ ਨੇ ਸਬਕ ਸਿਖਾ ਦਿੱਤਾ ਹੈ । ਸੰਜੀਵ ਕੋਛੜ ਅਤੇ ਹਲਕਾ ਧਰਮਕੋਟ ਵੱਲੋਂ ਦਿੱਲੀ ਟੀਮ ਨੂੰ ਵਧਾਈ ਦਿੱਤੀ ਗਈ । ਇਸ ਮੌਕੇ ਉਹਨਾਂ ਨਾਲ ਬਾਬੂ ਸਿੰਘ, ਨਿਰਭੈ ਸਿੰਘ ,ਰਵੀ ਜਸਪਾਲ ਸਿੰਘ,ਪਰਮਿੰਦਰ ਸਿੰਘ,ਸੁਖਬੀਰ ਸਿੰਘ ,ਗੁਰਪ੍ਰੀਤ ਸਿੰਘ,ਸ਼ੌਕੀ,ਸ਼ੇਰ ਸਿੰਘ,ਪਰਦੀਪ ਸੰਧੂ,ਦਵਿੰਦਰ ਸਿੰਘ ਆਦਿ ਪਾਰਟੀ ਵਲੰਟੀਅਰ ਹਾਜ਼ਰ ਸਨ।