ਪੰਜਾਬ ਪੁਲਿਸ ਨੇ ਡੇਰਾ ਸਿਰਸਾ ਮਾਮਲੇ ’ਚ ਅਮਨ-ਕਾਨੰੂਨ ਦੀ ਸਥਿਤੀ ’ਤੇ ਸਫਲਤਾ ਨਾਲ ਕਾਬੂ ਪਾਇਆ
*ਡੀ.ਜੀ.ਪੀ ਵਲੋਂ ਸਾਂਝੇ ਪੁਲਿਸ ਕੰਟਰੋਲ ਰੂਮ ਰਾਹੀਂ ਸਥਿਤ ’ਤੇ ਕੜੀ ਨਿਗਰਾਨੀ
ਚੰਡੀਗੜ 25 ਅਗਸਤ: ਪੰਜਾਬ ਵਿਚ ਅੱਜ ਸਿਰਸਾ ਡੇਰਾ ਦੇ ਮੁੱਖੀ ਦੀ ਪੰਚਕੁੱਲਾ ਅਦਾਲਤ ਦੇ ਫੈਸਲੇ ਉਪਰੰਤ ਰਾਜ ਦੇ 9 ਜਿਲਿਆਂ ਵਿਚ ਲੱਗਭਗ 50 ਨਿੱਕੀਆਂ-ਮੋਟੀਆਂ ਘਟਨਾਵਾਂ ਵਾਪਰੀਆਂ ਪਰ ਕਿਸੇ ਜਾਨੀ ਨੁਕਸਾਨ ਨਹੀ ਹੋਇਆ ਅਤੇ ਨਾ ਹੀ ਗੋਲੀ ਚੱਲਣ ਦੀ ਕੋਈ ਘਟਨਾ ਵਾਪਰੀ। ਸਥਿਤੀ ਨੰੂ ਕਾਬੂ ਹੇਠ ਰਖਣ ਲਈ ਜਿਲਾ ਮੈਜਿਸਟ੍ਰੇਟਾਂ ਵਲੋਂ ਛੇ ਜਿਲਿਆਂ ਪਟਿਆਲਾ, ਸੰਗਰੂਰ, ਮਾਨਸਾ, ਫਿਰੋਜ਼ਪੁਰ, ਮਾਨਸਾ ਅਤੇ ਫਰੀਦਕੋਟ ਸਮੇਤ ਸ਼੍ਰੀਮੁਕਤਸਰ ਸਾਹਿਬ ਦੀ ਮਲੋਟ ਤੇ ਫ਼ਾਜਿਲਕਾ ਜਿਲੇ ਦੀ ਅਬੋਹਰ ਸਬ ਡਵੀਜ਼ਨ ਵਿਚ ਕਰਫਿਊ ਲਾਗੂ ਕੀਤਾ ਗਿਆ। ਰਾਜ ਦੇ ਬਾਕੀ 13 ਜਿਲਿਆਂ ਵਿਚ ਅਮਨ-ਸਾਂਤੀ ਰਹੀ। ਇਸ ਸਬੰਧੀ ਜਾਣਕਾਰੀ ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਸ਼੍ਰੀ ਸੁਰੇਸ਼ ਅਰੋੜਾ ਨੇ ਚੰਡੀਗੜ ਵਿਖੇ ਪੰਜਾਬ ਪੁਲਿਸ ਦੇ ਹੈਡਕੁਆਰਟਰ ਸਥਿਤ ਪੰਜਾਬ, ਹਰਿਆਣਾ ਅਤੇ ਭਾਰਤੀ ਫੌਜ ਦੇ ਸਾਂਝੇ ਕੰਟਰੋਲ ਰੂਮ ਤੋਂ ਪੰਜਾਬ ਵਿਚ ਅਮਨ-ਕਾਨੰੂਨ ਦੀ ਸਥਿਤੀ ’ਤੇ ਖੁਦ ਨੇੜਿਓਂ ਨਿਗਰਾਨੀ ਕੀਤੀ ਜਦਕਿ ਸ਼੍ਰੀ ਹਰਦੀਪ ਸਿੰਘ ਢਿਲੋਂ, ਡੀ.ਜੀ.ਪੀ ਅਮਨ ਤੇ ਕਾਨੰੂਨ ਨੇ ਰਾਜ ਵਿਚ ਅਮਨ-ਸ਼ਾਂਤੀ ਬਣਾਏ ਰਖਣ ਦੀ ਜਿਲਿਆਂ ਪੁਲਿਸ ਮੁੱਖੀਆਂ ਨਾਲ ਲਗਾਤਾਰ ਨੇੜਿਓਂ ਰਾਬਤਾ ਰਖਿਆ। ਇਸ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਵਲੋਂ ਮੌਕੇ ਅਨੁਸਾਰ ਲੋੜੀਂਦੇ ਕਦਮ ਚੁੱਕੇ ਜਾਂਦੇ ਰਹੇ। ਸ਼੍ਰੀ ਅਰੋੜਾ ਨੇ ਰਾਜ ਦੇ ਸਮੂਹ ਜਿਲਾ ਪੁਲਿਸ ਮੁੱਖੀਆਂ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਨੰੂ ਹਦਾਇਤ ਕੀਤੀ ਹੈ ਕਿ ਉਹ 24 ਘੰਟੇ ਲਗਾਤਾਰ ਚੌਕਸੀ ਰਖਣ ਤਾਂ ਜੋ ਕੋਈ ਵੀ ਅਣ-ਸੁਖਾਵੀਂ ਘਟਨਾ ਨਾ ਵਾਪਰ ਸਕੇ। ਉਨਾਂ ਆਮ ਜਨਤਾ ਅਤੇ ਖਾਸ ਕਰਕੇ ਡੇਰਾ ਸਮਰਥਕਾਂ ਨੰੂ ਅਪੀਲ ਕੀਤੀ ਕਿ ਉਹ ਰਾਜ ਵਿਚ ਅਮਨ-ਸ਼ਾਂਤੀ ਅਤੇ ਕਾਨੰੂਨ ਦੀ ਵਿਵਸਥਾ ਨੰੂ ਬਣਾਏ ਰਖਣ ਵਿਚ ਪੰਜਾਬ ਪੁਲਿਸ ਨੰੂ ਪੂਰਾ ਸਹਿਯੋਗ ਦੇਣ। ਡੇਰਾ ਸਮੱਰਥਕਾਂ ਵਲੋਂ ਸਰਕਾਰੀ ਅਤੇ ਪ੍ਰਾਈਵੇਟ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਵੱਖੋ ਵੱਖਰੀਆਂ ਕੋਸ਼ਿਸ਼ਾਂ ਦੇ ਵੇਰਵੇ ਦਿੰਦੇ ਹੋਏ, ਬੁਲਾਰੇ ਨੇ ਕਿਹਾ ਕਿ ਛੇ ਰੇਲਵੇ ਸਟੇਸ਼ਨਾਂ ਜਿਨਾਂ ਵਿਚ ਤਿੰਨ ਬਠਿੰਡਾ, ਇਕ ਫਿਰੋਜ਼ਪੁਰ ਅਤੇ ਦੋ ਜ਼ਿਲਾ ਸ੍ਰੀ ਮੁਕਤਸਰ ਸਾਹਿਬ, ਸੱਤ ਪਾਵਰ ਸਟੇਸ਼ਨਾਂ ਵਿਚ ਦੋ ਮਾਨਸਾ, ਇਕ-ਇਕ ਸੰਗਰੂਰ, ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਅਤੇ ਦੋ ਫਰੀਦਕੋਟ ਜ਼ਿਲੇ, ਨੌ ਸੇਵਾ ਕੇਂਦਰਾਂ ਵਿਚ ਚਾਰ ਬਠਿੰਡਾ ਵਿਖੇ, ਦੋ-ਦੋ ਮਾਨਸਾ ਤੇ ਬਰਨਾਲਾ ਵਿਚ ਅਤੇ ਇਕ ਫਰੀਦਕੋਟ ਵਿਚ, ਪੰਜ ਟੈਲੀਫੋਨ ਐਕਸਚੇਜ਼ਾਂ ’ਚ ਬਠਿੰਡਾ, ਸੰਗਰੂਰ ਅਤੇ ਬਰਨਾਲਾ ਵਿਚ ਇਕ-ਇਕ ਅਤੇ ਸ੍ਰੀ ਮੁਕਤਸਰ ਸਾਹਿਬ ਵਿਚ ਦੋ, ਸੱਤ ਪੈਟਰੋਲ ਪੰਪਾਂ ’ਚ ਦੋ ਮਾਨਸਾ ਵਿਚ, ਚਾਰ ਸ੍ਰੀ ਮੁਕਤਸਰ ਸਾਹਿਬ ਅਤੇ ਇਕ ਫਰੀਦਕੋਟ ਵਿਚ, ਪੰਜ ਮੋਬਾਈਲ ਟਾਵਰਾਂ ਵਿਚ ਇਕ-ਇਕ ਮਾਨਸਾ, ਫਿਰੋਜ਼ਪੁਰ, ਬਰਨਾਲਾ ਜਦਕਿ ਬਠਿੰਡਾ ਵਿੱਚ ਦੋ ਸ਼ਾਮਲ ਹਨ। ਉਨਾਂ ਅੱਗੇ ਕਿਹਾ ਕਿ ਸੰਗਰੂਰ ਵਿਚ ਸਥਿਤ ਇਕ ਤਹਿਸੀਲ ਦਫਤਰ, ਬਠਿੰਡਾ ਅਤੇ ਸੰਗਰੂਰ ਵਿਖੇ ਦੋ ਸਹਿਕਾਰੀ ਸਭਾਵਾਂ, ਮਾਨਸਾ ਦੇ ਆਮਦਨ ਕਰ ਵਿਭਾਗ ਦੀ ਖਿੜਕੀ ਦੇ ਸ਼ੀਸਿਆਂ ਨੂੰ ਵੀ ਅਣਪਛਾਤੇ ਡੇਰਾ ਦੇ ਸਮਰੱਥਕਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਸੰਗਰੂਰ ਜ਼ਿਲੇ ਵਿਚ ਦਿੜਬਾ ਅਤੇ ਖਨੌਰੀ ਵਿਖੇ ਦੋ ਥਾਵਾਂ ’ਤੇ ਸੜਕੀ ਆਵਾਜਾਈ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੰੂ ਪੰਜਾਬ ਪੁਲਿਸ ਵਲੋਂ ਨਾਕਾਮ ਕਰ ਦਿੱਤਾ ਗਿਆ। ਉਨਾਂ ਨੇ ਕਿਹਾ ਕਿ ਪਟਿਆਲਾ ਜ਼ਿਲੇ ਦੇ ਪਿੰਡ ਮਾਨਕਪੁਰ ਦੇ ਸਰਕਾਰੀ ਸਕੂਲ ਵਿੱਚ ਫਰਨੀਚਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਦੀ ਵੀ ਕੀਤੀ ਗਈ। ਇਸ ਤੋਂ ਇਲਾਵਾ ਕੁਝ ਡੇਰਾ ਸਮੱਰਥਕਾਂ ਨੇ ਜ਼ਿਲਾ ਸੰਗਰੂਰ ਦੇ ਦਿੜਬਾ ਵਿਖੇ ਪੰਜਾਬ ਪੁਲਿਸ ਦੀ ਗੱਡੀ ਨੂੰ ਕਾਰ ਨਾਲ ਟੱਕਰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ ਅਤੇ ਬਾਅਦ ਵਿੱਚ ਉਨਾਂ ਦੋਸ਼ਿਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ। ਉਨਾਂ ਨੇ ਦੱਸਿਆ ਕਿ ਰਾਜ ਵਿਚ ਸਾੜ-ਫੂਕ ਦੀਆਂ ਘਟਨਾਵਾਂ ਨੂੰ ਪੁਲਿਸ ਨੇ ਤੁਰੰਤ ਕਾਬੂ ਕੀਤਾ ਗਿਆ ਅਤੇ ਕੋਈ ਵੀ ਵੱਡਾ ਨੁਕਸਾਨ ਨਹੀਂ ਹੋਣ ਦਿੱਤਾ ਗਿਆ। ਬੁਲਾਰੇ ਨੇ ਅੱਗੇ ਕਿਹਾ ਕਿ ਰਾਜ ਦੇ ਸਾਰੇ ਜਿਲਿਆਂ ਵਿਚ ਖਾਸ ਤੌਰ ‘ਤੇ ਹਾਈਵੇਅ ਅਤੇ ਪ੍ਰਮੁੱਖ ਸੜਕਾਂ ’ਤੇ ਪੁਲਿਸ ਦੀ ਗਸ਼ਤ ਹੋਰ ਤੇਜ਼ ਕੀਤੀ ਗਈ ਹੈ। ਪ੍ਰਭਾਵਿਤ ਖੇਤਰਾਂ ਵਿੱਚ ਸੁਰੱਖਿਆ ਦੀ ਮਜਬੂਤੀ ਅਤੇ ਨਿਗਰਾਨੀ ਕਰਨ ਲਈ 1 ਏਡੀਜੀਪੀ ਸਮੇਤ ਚਾਰ ਆਈ.ਜੀ.ਪੀ., 3 ਡੀ.ਆਈ.ਜੀ. ਅਤੇ ਤਿੰਨ ਕਮਾਂਡੈਂਟਾਂ ਦੀ ਨਿਯੁਕਤੀ ਕੀਤੀ ਗਈ ਹੈ।