ਅਮਨ ਕਾਨੂੰਨ ਦੀ ਸਥਿਤੀ ਨੂੰ ਦਰੁਸਤ ਰੱਖਣ ਲਈ ਡੀ ਸੀ ਵੱਲੋਂ ਉਠਾਏ ਕਦਮ ਤਸੱਲੀਬਖਸ਼-ਦਵਿੰਦਰਪਾਲ ਸਿੰਘ ਰਿੰਪੀ

ਮੋਗਾ, 24 ਅਗਸਤ (ਜਸ਼ਨ)- ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਨੇ ਪ੍ਰੈਸ ਨਾਲ ਵਿਚਾਰ ਸਾਝਿਆਂ ਕਰਦਿਆਂ ਦੱਸਿਆ ਕਿ ਕੱਲ ਪੰਚਕੂਲਾ ਵਿਖੇ ਸੀ ਬੀ ਆਈ ਕੋਰਟ ਵੱਲੋਂ ਸਿਰਸਾ ਡੇਰੇ ਦੇ ਮੁੱਖੀ ਗੁਰਮੀਤ ਰਾਮ ਰਹੀਮ ’ਤੇ ਚੱਲ ਰਹੇ ਮਾਮਲੇ ’ਤੇ ਦਿੱਤੇ ਜਾਣ ਵਾਲੇ ਫੈਸਲੇ ਦੇ ਮੱਦੇਨਜ਼ਰ ਕਿਸੇ ਤਰਾਂ ਵੀ ਸੂਬੇ ਵਿਚ ਅਣਸੁਖਾਂਵੀਂ ਸਥਿਤੀ ਨਾਲ ਨਜਿੱਠਣ ਲਈ ਜਿਸ ਤਰਾਂ ਪੰਜਾਬ ਸਰਕਾਰ ਵੱਲੋਂ ਪੂਰੇ ਮਾਪਦੰਡ ਵਰਤੇ ਜਾ ਰਹੇ ਹਨ ਉਸੇ ਤਰਾਂ ਮੋਗਾ ਜ਼ਿਲੇ ਵਿਚ ਵੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦਰੁੱਸਤ ਰੱਖਣ ਲਈ ਮੋਗਾ ਦੇ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਵੱਲੋਂ ਜ਼ਿਲੇ ਦੇ ਸਮੂਹ ਵਿੱਦਿਅਕ ਅਦਾਰਿਆਂ ਦੇ ਮੁਖੀਆਂ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਨਜ਼ਦੀਕੀ ਡੀ ਐੱਸ ਪੀ ਅਤੇ ਐੱਸ ਐੱਚ ਓਜ਼ ਨੂੰ ਲੈਂਡ ਲਾਈਨ ਨੰਬਰਾਂ ਜਾਂ ਮੋਬਾਈਲ ਨੰਬਰਾਂ ’ਤੇ ਅਪਡੇਟ ਕਰਨ ਸੰਬਧੀ ਸੁਝਾਅ ਦਿੱਤੇ ਗਏ ਹਨ ਤਾਂ ਜੋ ਜ਼ਿਲੇ ਵਿਚ ਅਮਨ ਕਾਨੂੰਨ ਦੀ ਸਥਿਤੀ ਕੰਟਰੋਲ ਵਿਚ ਰਹਿ ਸਕੇ। ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ  ਵੱਲੋਂ ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਅਦਾਰਿਆਂ ਵਿਚ ਬਣੇ ਹੋਸਟਲਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਤੈਨਾਤੀ ਕੀਤੀ ਜਾਵੇ ਤਾਂ ਕਿ ਕਿਸੇ ਤਰਾਂ ਦੀ ਅਣਸੁਖਾਵੀਂ ਘਟਨਾ ’ਤੇ ਕਾਬੂ ਪਾਇਆ ਜਾ ਸਕੇ। ‘ਸਾਡਾ ਮੋਗਾ ਡੌਟ ਕੌਮ’ ਟੀਮ ਦੇ ਪ੍ਰਤੀਨਿੱਧ ਨਾਲ ਗੱਲਬਾਤ ਦੌਰਾਨ ਦਵਿੰਦਰਪਾਲ ਸਿੰਘ ਰਿੰਪੀ ਨੇ ਆਖਿਆ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਦਰੁਸਤ ਰੱਖਣ ਲਈ ਡੀ ਸੀ ਵੱਲੋਂ ਉਠਾਏ ਕਦਮ ਤਸੱਲੀਬਖਸ਼ ਹਨ ਜਿਹਨਾਂ ਸਦਕਾ ਲੋਕਾਂ ਵਿਚ ਪੈਦਾ ਹੋਇਆ ਸਹਿਮ ਦਾ ਮਾਹੌਲ ਖਤਮ ਹੋ ਗਿਆ ਹੈ।