ਆਮ ਲੋਕਾਂ ਅਤੇ ਪ੍ਰਾਈਵੇਟ ਏਜੰਸੀਆਂ ਵੱਲੋਂ ਵਾਕੀ ਟਾਕੀ ਸੈੱਟ ਵਰਤਣ ’ਤੇ ਪਾਬੰਦੀ ਦੇ ਹੁਕਮ 31 ਅਗਸਤ ਤੱਕ ਲਾਗੂ ਰਹਿਣਗੇ-ਦਿਲਰਾਜ ਸਿੰਘ

ਮੋਗਾ 24 ਅਗਸਤ: (ਜਸ਼ਨ)-ਜ਼ਿਲਾ ਮੈਜਿਸਟ੍ਰੇਟ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲੇ ਅੰਦਰ ਕਿਸੇ ਵੀ ਵਿਅਕਤੀ ਜਾਂ ਪ੍ਰਾਈਵੇਟ ਏਜੰਸੀਆਂ ਵੱਲੋਂ ਵਾਕੀ ਟਾਕੀ ਤੇ ਵਾਇਰਲੈਸ ਸੈੱਟ ਦੀ ਵਰਤੋਂ ਕਰਨ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ 31 ਅਗਸਤ ਤੱਕ ਲਾਗੂ ਰਹਿਣਗੇ। ਸ. ਦਿਲਰਾਜ ਸਿੰਘ ਨੇ ਦੱਸਿਆ ਕਿ ਜ਼ਿਲੇ ਵਿੱਚ ਮੌਜੂਦਾ ਹਾਲਾਤਾਂ ਦੇ ਮੱਦੇ-ਨਜ਼ਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਕਿਸੇ ਵੀ ਵਿਅਕਤੀ ਵੱਲੋਂ ਵਾਕੀ ਟਾਕੀ ਤੇ ਵਾਇਰਲੈਸ ਸੈੱਟ ਦੀ ਵਰਤੋਂ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨਾਂ ਦੱਸਿਆ ਕਿ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਝੂਠੀਆਂ ਅਫ਼ਵਾਹਾਂ ਫ਼ੈਲਾਉਣ ਦਾ ਖਦਸ਼ਾ ਹੈ। ਉਨਾਂ ਦੱਸਿਆ ਕਿ ਜੇਕਰ ਕਿਸੇ ਵੀ ਪ੍ਰਾਈਵੇਟ ਏਜੰਸੀ ਵੱਲੋਂ ਵਾਕੀ ਟਾਕੀ ਤੇ ਵਾਇਰਲੈਸ ਸੈੱਟ ਦੀ ਵਰਤੋਂ ਕੀਤੀ ਜਾ ਰਹੀ ਹੈ, ਤਾਂ ਉਸਨੂੰ ਨੇੜੇ ਦੇ ਪੁਲਿਸ ਸਟੇਸ਼ਨ ਵਿੱਚ ਜਮਾਂ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਉਨਾਂ ਦੱਸਿਆ ਕਿ ਇਹ ਹੁਕਮ ਆਰਮੀ, ਸੀ.ਆਰ.ਪੀ.ਐਫ਼, ਪੈਰਾ ਮਿਲਟਰੀ ਫੋ ਐਨੀਡੀ.ਆਰ.ਐਫ਼., ਪੁਲਿਸ ਬਲਾਂ ਅਤੇ ਸਿਵਲ ਪ੍ਰਸ਼ਾਸ਼ਨ ‘ਤੇ ਲਾਗੂ ਨਹੀਂ ਹੋਵੇਗਾ।